ਸਕੱਤਰੇਤ ਮੁਲਾਜ਼ਮਾਂ ਦੇ ਪ੍ਰਧਾਨ ਸੁਸ਼ੀਲ ਕੁਮਾਰ ਦਾ ਤਬਾਦਲਾ

0
10

ਚੰਡੀਗੜ੍ਹ : ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਦੂਜੇ ਗੇੜ ਦੀ ਹੜਤਾਲ ਤੋਂ ਐਨ ਪਹਿਲਾਂ ‘ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ’ ਦੇ ਪ੍ਰਧਾਨ ਸੁਸ਼ੀਲ ਕੁਮਾਰ ਦਾ ਤਬਾਦਲਾ ਕਰ ਦਿੱਤਾ ਹੈ। ਸਾਂਝੀ ਤਾਲਮੇਲ ਕਮੇਟੀ ਨੇ ਮਹਿੰਗਾਈ ਭੱਤੇ ਦੇ ਬਕਾਏ ਸਮੇਤ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ 8 ਸਤੰਬਰ ਦੀ ਹੜਤਾਲ ਦਾ ਸੱਦਾ ਦਿੱਤਾ ਹੋਇਆ ਹੈ। ਸੁਸ਼ੀਲ ਕੁਮਾਰ ਨੂੰ ਸਕੱਤਰੇਤ ਦੀ ਲੇਖਾ-1 ਸ਼ਾਖਾ ਤੋਂ ਬਦਲ ਕੇ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਿੱਚ ਭੇਜ ਦਿੱਤਾ ਗਿਆ ਹੈ। ਬੋਰਡ ਦਾ ਦਫਤਰ ਮੁਹਾਲੀ ‘ਚ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਮੁਲਾਜ਼ਮ ਜਥੇਬੰਦੀ ਦੇ ਚੇਅਰਮੈਨ ਸੁਖਚੈਨ ਸਿੰਘ ਖਹਿਰਾ ਦਾ ਤਬਾਦਲਾ ਕੀਤਾ ਸੀ।
ਮਾਨ ਸੰਜੀਵ ਅਰੋੜਾ ਨੂੰ ਮਿਲੇ
ਗੁਰੂਗ੍ਰਾਮ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਸੋਮਵਾਰ ਨੂੰ ਗੁਰੂਗ੍ਰਾਮ ਦੀ ਭੋਂਡਸੀ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ 40 ਮਿੰਟ ਮੁਲਾਕਾਤ ਕੀਤੀ। ਯਾਦ ਰਹੇ ਕਿ ਤਿੰਨ ਮਹੀਨੇ ਪਹਿਲਾਂ 23 ਮਈ ਨੂੰ ਵੀ ਮਾਨ ਅਤੇ ਕੇਜਰੀਵਾਲ ਅਰੋੜਾ ਨੂੰ ਮਿਲੇ ਸਨ।
ਭਾਰਦਵਾਜ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ
ਨਵੀਂ ਦਿੱਲੀ : ਐਡੀਸ਼ਨਲ ਸੈਸ਼ਨ ਜੱਜ ਸੌਰਭ ਪ੍ਰਤਾਪ ਲਾਲੇਰ ਨੇ ਸੋਮਵਾਰ 38 ਸਾਲਾ ਸੱਜੇ-ਪੱਖੀ ਇਨਫਲੂੰਸਰ ਸਵਤੰਤਰ ਭਾਰਦਵਾਜ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਸਵਤੰਤਰ ਭਾਰਦਵਾਜ ਆਪਣੀ ਪ੍ਰੋਫਾਈਲ ‘ਤੇ ਆਪਣੇ ਆਪ ਨੂੰ ‘ਸਵਤੰਤਰ ਸਨਾਤਨ ਯੋਧਾ’ ਵਜੋਂ ਦਰਸਾਉਂਦਾ ਹੈ। ਉਸ ਨੇ ਜੰਤਰ-ਮੰਤਰ ਦੇ ਪ੍ਰੋਟੈੱਸਟ ਦੌਰਾਨ ਕਾਕਰੋਚ ਜਨਤਾ ਪਾਰਟੀ ਦੀ ਕਾਰਕੁੰਨ ਨਿਸ਼ੂ ਆਜ਼ਾਦ ਦੇ ਪਿਤਾ ਸੰਜੇ ਕੁਮਾਰ ਦਾ ਸਿਰ ਪਾੜਨ ਦਾ ਦਾਅਵਾ ਕੀਤਾ ਸੀ। ਇਸ ਤੋਂ ਬਾਅਦ ਪਏ ਦਬਾਅ ਹੇਠ ਪੁਲਸ ਨੇ ਉਸ ਨੂੰ ਯੂ ਪੀ ਤੋਂ ਗ੍ਰਿਫਤਾਰ ਕੀਤਾ ਸੀ।