ਆਰ ਐੱਸ ਐੱਸ ਮੁਖੀ (ਸਰਸੰਘਚਾਲਕ) ਮੋਹਨ ਭਾਗਵਤ ਨੇ ਪਿਛਲੇ ਦਿਨੀਂ ਕੈਨੇਡਾ, ਅਮਰੀਕਾ ਤੇ ਬਰਤਾਨੀਆ ਦਾ ਦੌਰਾ ਕੀਤਾ, ਜਿਸ ਦਾ ਉਦੇਸ਼ ਆਰ ਐੱਸ ਐੱਸ ਬਾਰੇ ਗਲਤ ਧਾਰਨਾਵਾਂ ਨੂੰ ਦੂਰ ਕਰਨਾ, ਲੋਕਾਂ ਨਾਲ ਸੰਚਾਰ ਕਰਨਾ ਅਤੇ ਇਹ ਸੰਦੇਸ਼ ਦੇਣਾ ਕਿ ਪੂਰੀ ਦੁਨੀਆ ਇੱਕ ਹੈ, ਦੱਸਿਆ ਗਿਆ। ਨਿਊ ਯਾਰਕ ਕੋਲ ਮੈਡੀਸਨ ਸਕੁਏਅਰ ਗਾਰਡਨ ਵਿੱਚ ਜਲਸੇ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਇਹ ਕਹਿੰਦਿਆਂ ਖੁਦ ਨੂੰ ਇੱਕ ਉਦਾਰਵਾਦੀ ਵਜੋਂ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਵਿਭਿੰਨਤਾ ਸਾਡੀ ਜਨਮਜਾਤ ਏਕਤਾ ਦਾ ਗਹਿਣਾ ਹੈ ਅਤੇ ਇੱਕ ਹਿੰਦ,ੂ ਜੋ ਮੁਸਲਿਮ-ਮੁਕਤ ਭਾਰਤ ਚਾਹੁੰਦਾ ਹੈ, ਹਿੰਦੂ ਨਹੀਂ ਹੋ ਸਕਦਾ!
ਆਜ਼ਾਦੀ ਸੰਗਰਾਮ ਦੌਰਾਨ ਲੋਕਾਂ ਨੇ ਭਗਤ ਸਿੰਘ ਦੇ ਆਦਰਸ਼ਾਂ, ਅੰਬੇਡਕਰ ਦੀਆਂ ਕਦਰਾਂ-ਕੀਮਤਾਂ ਅਤੇ ਗਾਂਧੀ ਦੇ ਭਾਈਚਾਰੇ ਨਾਲ ਬ੍ਰਿਟਿਸ਼ ਗੁਲਾਮੀ ਤੋਂ ਆਜ਼ਾਦੀ ਲਈ ਲੜਾਈ ਲੜੀ। ਆਰ ਐੱਸ ਐੱਸ-ਹਿੰਦੂ ਮਹਾਂ ਸਭਾ ਅਤੇ ਮੁਸਲਿਮ ਲੀਗ ਲੋਕਾਂ ਨੂੰ ਇਕਜੁੱਟ ਕਰਨ ਦੀ ਇਸ ਪ੍ਰਕਿਰਿਆ ਤੋਂ ਦੂਰ ਰਹੇ। ਆਰ ਐੱਸ ਐੱਸ ਦੁਆਰਾ ਆਪਣੀਆਂ ਸ਼ਾਖਾਵਾਂ, ਸਕੂਲਾਂ, ਮੀਡੀਆ ਅਤੇ ਬਾਅਦ ਵਿੱਚ ਸੋਸ਼ਲ ਮੀਡੀਆ ਰਾਹੀਂ ਫੈਲਾਈ ਗਈ ਨਫਰਤ ਨੇ ਵਿਆਪਕ ਫਿਰਕੂ ਹਿੰਸਾ ਨੂੰ ਜਨਮ ਦਿੱਤਾ, ਜਿਸ ਦੇ ਮੁੱਖ ਸ਼ਿਕਾਰ ਮੁਸਲਮਾਨ ਬਣੇ। ਬ੍ਰਿਟਿਸ਼ ਰਾਜ ਦੌਰਾਨ ਹਿੰਦੂ ਅਤੇ ਮੁਸਲਿਮ ਫਿਰਕੂ ਤੱਤਾਂ ਵਿਚਕਾਰ ਲਗਭਗ ਬਰਾਬਰ ਮੁਕਾਬਲਾ ਹੋਇਆ, ਪਰ ਆਜ਼ਾਦੀ ਤੋਂ ਬਾਅਦ ਆਰ ਐੱਸ ਐੱਸ ਦੀ ਫਿਰਕਾਪ੍ਰਸਤੀ ਭਾਰੂ ਹੋ ਗਈ, ਜਿਸ ਨੇ ਇਨ੍ਹਾਂ ਦੋ ਪ੍ਰਮੁੱਖ ਭਾਈਚਾਰਿਆਂ ਵਿਚਕਾਰ ਡੂੰਘਾ ਪਾੜਾ ਪਾ ਦਿੱਤਾ। ਇਸ ਨਫਰਤ ਕਾਰਨ 1993 ਵਿੱਚ ਮੁੰਬਈ, 2002 ਵਿੱਚ ਗੁਜਰਾਤ, 2013 ਵਿੱਚ ਮੁਜ਼ੱਫਰਨਗਰ ਅਤੇ 2019 ਵਿੱਚ ਦਿੱਲੀ ਵਿੱਚ ਮੁਸਲਮਾਨਾਂ ਦੇ ਵੱਡੇ ਪੱਧਰ ‘ਤੇ ਕਤਲੇਆਮ ਹੋਏ। ਉਸ ਨੇ ਪਵਿੱਤਰ ਗਾਂ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਉਠਾਇਆ, ਜਿਸ ਦੇ ਨਤੀਜੇ ਵਜੋਂ ਬਹੁਤ ਸਾਰੇ ਮੁਸਲਮਾਨਾਂ ਨੂੰ ਲਿੰਚਿੰਗ ਦਾ ਸ਼ਿਕਾਰ ਹੋਣਾ ਪਿਆ। ਗੁਜਰਾਤ ਦੇ ਊਨਾ ਵਿੱਚ ਦਲਿਤਾਂ ਨੂੰ ਡੰਡਿਆਂ ਅਤੇ ਰਾਡਾਂ ਨਾਲ ਕੁੱਟਣ ਨੇ ਦਲਿਤਾਂ ਪ੍ਰਤੀ ਆਰ ਐੱਸ ਐੱਸ ਦੇ ਰਵੱਈਏ ਨੂੰ ਉਜਾਗਰ ਕਰ ਦਿੱਤਾ। 1980 ਦੇ ਦਹਾਕੇ ਤੋਂ ਈਸਾਈ ਵੀ ਆਰ ਐੱਸ ਐੱਸ ਦੇ ਨਿਸ਼ਾਨੇ ‘ਤੇ ਆਏ ਹਨ। ਜਦੋਂ ਕਿ ਪਾਦਰੀ ਸਟੇਨਜ਼ ਅਤੇ ਉਨ੍ਹਾ ਦੇ ਦੋ ਮਾਸੂਮ ਪੁੱਤਰਾਂ ਨੂੰ ਜ਼ਿੰਦਾ ਸਾੜਨ ਨੂੰ ਉਸ ਸਮੇਂ ਦੇ ਰਾਸ਼ਟਰਪਤੀ ਡਾ. ਕੇ ਆਰ ਨਾਰਾਇਣਨ ਨੇ ਮਨੁੱਖਤਾ ਦੇ ਸਭ ਤੋਂ ਘਿਣਾਉਣੇ ਕਾਰਿਆਂ ਵਿੱਚੋਂ ਇੱਕ ਦੱਸਿਆ ਸੀ। ਕੰਧਮਾਲ ਘਟਨਾ ਨੇ ਇੱਕ ਵਾਰ ਫਿਰ ਦਿਖਾਇਆ ਕਿ ‘ਈਸਾਈਅਤ ਵਿਦੇਸ਼ੀ ਹੈ’ ਦਾ ਨਾਅਰਾ ਆਰ ਐੱਸ ਐੱਸ ਦਾ ਹੈ। ਪਿਛਲੇ ਦਹਾਕੇ ਦੌਰਾਨ ਈਸਾਈਆਂ ਅਤੇ ਮੁਸਲਮਾਨਾਂ ਵਿਰੁੱਧ ਇਸ ਦਾ ਰੁਖ ਬਹੁਤ ਹੀ ਸਖਤ ਹੋ ਗਿਆ ਹੈ। ਆਰ ਅੱੈਸ ਐੱਸ ਦਾ ਸਿਆਸੀ ਵਿੰਗ (ਭਾਜਪਾ) ਲਗਭਗ 12 ਸਾਲਾਂ ਤੋਂ ਕੇਂਦਰ ਵਿੱਚ ਸੱਤਾ ਵਿੱਚ ਹੈ। ਆਰ ਐੱਸ ਐੱਸ ਦੀ ਸਿਆਸੀ ਔਲਾਦ ਭਾਜਪਾ ਕੋਲ 1,000 ਤੋਂ ਵੱਧ ਸੰਸਦ ਮੈਂਬਰ ਅਤੇ ਵਿਧਾਇਕ ਹਨ, ਪਰ ਉਨ੍ਹਾਂ ਵਿੱਚੋਂ ਇੱਕ ਵੀ ਮੁਸਲਮਾਨ ਨਹੀਂ। ਇਹ ਭਾਗਵਤ ਦੇ ਮੁਸਲਮਾਨਾਂ ਪ੍ਰਤੀ ਸਮਾਨਤਾ ਦੇ ਦਾਅਵੇ ਦੀ ਅਸਲੀਅਤ ਹੈ।
ਆਰ ਐੱਸ ਐੱਸ ਦਾ ਆਚਰਣ ਹਮੇਸ਼ਾ ਵਿਭਿੰਨਤਾ ਦਾ ਸਤਿਕਾਰ ਕਰਨ ਦੇ ਇਸ ਦੇ ਦਾਅਵੇ ਦੇ ਬਿਲਕੁਲ ਉਲਟ ਰਿਹਾ ਹੈ। ਫਿਰ ਵੀ ਭਾਗਵਤ ਨੇ ਦੌਰੇ ਦੌਰਾਨ ਚਲਾਕੀ ਨਾਲ ਆਪਣੇ ਸੰਗਠਨ ਦੇ ਅਸਲ ਸੁਭਾਅ ਨੂੰ ਛੁਪਾਇਆ। ਵਿਭਿੰਨਤਾ ਦਾ ਸਤਿਕਾਰ ਕਰਨ ਦਾ ਦਿਖਾਵਾ ਸਿਰਫ ਇੱਕ ਦਿਖਾਵਾ ਹੈ, ਦੁਨੀਆ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ, ਪਰ ਕੀ ਇੰਟਰਨੈੱਟ ਦੇ ਇਸ ਯੁੱਗ ਵਿੱਚ ਅਤੇ ਇੱਕ ਅਜਿਹੇ ਸਮੇਂ ਵਿੱਚ ਜਦੋਂ ਮਨੁੱਖੀ ਅਧਿਕਾਰਾਂ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ, ਦੁਨੀਆ ਤੋਂ ਸੱਚਾਈ ਨੂੰ ਛੁਪਾਉਣਾ ਸੰਭਵ ਹੈ?
ਇੰਝ ਜਾਪਦਾ ਹੈ ਕਿ ਭਾਗਵਤ ਦਾ ਮੁੱਖ ਟੀਚਾ ਵਿਸ਼ਵਵਿਆਪੀ ਏਕਤਾ ਨੂੰ ਉਤਸ਼ਾਹਤ ਕਰਨਾ ਨਹੀਂ, ਸਗੋਂ ਭਾਰਤ ਵਿੱਚ ਬਰਪਾਏ ਭਿਆਨਕ ਕਾਰਿਆਂ ਨੂੰ ਛੁਪਾਉਣਾ ਹੈ। ਧਾਰਮਕ ਆਜ਼ਾਦੀ, ਪ੍ਰਗਟਾਵੇ ਦੀ ਆਜ਼ਾਦੀ, ਪ੍ਰੈੱਸ ਦੀ ਆਜ਼ਾਦੀ, ਭੁੱਖ ਅਤੇ ਖੁਸ਼ੀ ਦੇ ਵਿਸ਼ਵਵਿਆਪੀ ਸੂਚਕ ਅੰਕ ‘ਤੇ ਭਾਰਤ ਦਾ ਪਤਨ ਅਤੇ ਆਰ ਐੱਸ ਅੱੈਸ-ਭਾਜਪਾ ਦਾ ਉਭਾਰ ਸਮਾਂਤਰ ਹੋਇਆ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਦਾ ਐਲਾਨਨਾਮਾ ਵਿਸ਼ਵ ਏਕਤਾ ਸਥਾਪਤ ਕਰਨ ਦਾ ਸਭ ਤੋਂ ਵਧੀਆ ਸਾਧਨ ਹੈ। ਇਸ ਯੁੱਗ ਵਿੱਚ, ਜਦੋਂ ਸਾਰਾ ਸੰਸਾਰ ਇੱਕ ਪਿੰਡ ਬਣ ਗਿਆ ਹੈ, ਹਿੰਦੂ ਧਰਮ ਗ੍ਰੰਥਾਂ ਦਾ ਹਵਾਲਾ ਦੇਣਾ ਪੂਰੀ ਤਰ੍ਹਾਂ ਗਲਤ ਹੈ। ਇਹ ਹਿੰਦੂ ਸਰਬਉੱਚਤਾਵਾਦੀਆਂ ਦੇ ਅਸਲ ਇਰਾਦਿਆਂ ਨੂੰ ਬੇਨਕਾਬ ਕਰਦਾ ਹੈ।



