ਐੱਸ ਕੇ ਐੱਮ ਵੱਲੋਂ ਮੋਰਚਾ ਫਤਿਹ

0
2

ਮੁਹਾਲੀ (ਗੁਰਜੀਤ ਬਿੱਲਾ) : ਪੰਜਾਬ ਸਰਕਾਰ ਅਤੇ ਸੰਯੁਕਤ ਕਿਸਾਨ ਮੋਰਚੇ ਵਿਚਾਲੇ ਬਣੀ ਸਹਿਮਤੀ ਮਗਰੋਂ ਚੰਡੀਗੜ੍ਹ ਦੀ ਸਰਹੱਦ ‘ਤੇ ਪਿਛਲੇ ਸੱਤ ਦਿਨਾਂ ਤੋਂ ਚੱਲ ਰਿਹਾ ਕਿਸਾਨਾਂ ਦਾ ਧਰਨਾ ਸੋਮਵਾਰ ਸਮਾਪਤ ਹੋ ਗਿਆ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਖੁਦ ਧਰਨੇ ਵਾਲੇ ਸਥਾਨ ‘ਤੇ ਪਹੁੰਚ ਕੇ ਕਿਸਾਨ ਆਗੂਆਂ ਨੂੰ ਪੰਜਾਬ ਸਰਕਾਰ ਦਾ ਪ੍ਰਵਾਨਗੀ ਪੱਤਰ ਸੌਂਪਿਆ ਅਤੇ ਸਟੇਜ ਤੋਂ ਸਰਕਾਰ ਨਾਲ ਸੰਬੰਧਤ ਸਾਰੀਆਂ ਮੰਗਾਂ ਨੂੰ ਪ੍ਰਵਾਨ ਕਰਨ ਦਾ ਐਲਾਨ ਕੀਤਾ। ਖੇਤੀਬਾੜੀ ਮੰਤਰੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਸਮਝੌਤਿਆਂ ਨੂੰ ਰੱਦ ਕਰਨ ਲਈ ਸੂਬਾ ਸਰਕਾਰ ਇਸੇ ਮਹੀਨੇ ਵਿਧਾਨ ਸਭਾ ਦਾ ਵਿਸ਼ੇਸ਼ ਅਜਲਾਸ ਸੱਦੇਗੀ। ਸਰਕਾਰ ਵੱਲੋਂ ਮੰਗਾਂ ਮੰਨੇ ਜਾਣ ਅਤੇ ਸਹਿਮਤੀ ਪੱਤਰ ਮਿਲਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਸਮੁੱਚੇ ਆਗੂ ਅਤੇ ਧਰਨੇ ਵਿੱਚ ਸ਼ਾਮਲ ਹਜ਼ਾਰਾਂ ਕਿਸਾਨ ਆਪੋ-ਆਪਣੇ ਘਰਾਂ ਨੂੰ ਰਵਾਨਾ ਹੋ ਗਏ। ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਸਮੁੱਚੇ ਆਗੂ ਫੇਜ਼-11 ਦੇ ਇੱਕ ਹੋਟਲ ਵਿੱਚ ਮੀਟਿੰਗ ਕਰਨ ਤੋਂ ਬਾਅਦ ਪੰਡਾਲ ਵੱਲ ਰਵਾਨਾ ਹੋਏ ਸਨ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨਾਲ ਐਤਵਾਰ ਰਾਤੀਂ ਪੰਜਾਬ ਭਵਨ ਵਿਖੇ ਹੋਈ ਮੀਟਿੰਗ ਵਿੱਚ ਕਿਸਾਨ ਜਥੇਬੰਦੀਆਂ ਦੀ ਪ੍ਰਮੁੱਖ ਮੰਗ ਦਰਿਆਈ ਪਾਣੀਆਂ ਦੇ ਸਮਝੌਤਿਆਂ ਦੀਆਂ ਕੁਝ ਮੱਦਾਂ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਰੱਦ ਕਰਨ ਦੀ ਪੰਜਾਬ ਸਰਕਾਰ ਵੱਲੋਂ ਪ੍ਰਵਾਨ ਕਰ ਲਈ ਗਈ ਸੀ।
ਇਸ ਦੇ ਨਾਲ ਬਿਜਲੀ ਸੋਧ ਬਿੱਲ, ਬੀਜ ਬਿੱਲ ਅਤੇ ਕਿਸਾਨਾਂ ਦੇ ਕਰਜ਼ਿਆਂ ਲਈ ਇੱਕ ਮੁਸ਼ਤ ਸੈਟਲਮੈਂਟ ਸਮੇਤ ਕੁਝ ਹੋਰ ਮੰਗਾਂ ਵੀ ਪ੍ਰਵਾਨੀਆਂ ਗਈਆਂ ਸਨ, ਜਿਨ੍ਹਾਂ ਵਿੱਚ ਗੰਨੇ ਦਾ ਭਾਅ ਵਧਾਉਣ ਦੀ ਮੰਗ ਵੀ ਸ਼ਾਮਲ ਸੀ।