ਪੈਰਿਸ (ਨ ਜ਼ ਸ)-ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਆਈਫਲ ਟਾਵਰ ਸੋਮਵਾਰ ਮਜ਼ਦੂਰਾਂ ਦੀ ਹੜਤਾਲ ਕਾਰਨ ਬੰਦ ਰਿਹਾ। ਇਹ ਘਟਨਾ ਸ਼ਨੀਵਾਰ ਨੂੰ ਹਿੰਦੂ ਸੰਗਠਨ ਬੋਚਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀ ਨਾਰਾਇਣ ਸੰਸਥਾ (ਬੀ ਏ ਪੀ ਐੱਸ) ਦੇ ਮੌਜੂਦਾ ਮਹੰਤ ਸਵਾਮੀ ਮਹਾਰਾਜ ਸਣੇ ਲਗਭਗ 100 ਮੈਂਬਰਾਂ ਦੇ ਦੌਰੇ ਤੋਂ ਬਾਅਦ ਵਾਪਰੀ। ਇਹ ਦੋਸ਼ ਹੈ ਕਿ ਆਈਫਲ ਟਾਵਰ ਦੇ ਮਹਿਲਾ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਜਦੋਂ ਗਰੁੱਪ ਇਸ ਇਤਿਹਾਸਕ ਸਥਾਨ ‘ਤੇ ਹੋਵੇਗਾ ਤਾਂ ਉਹ ਆਪਣੇ ਆਪ ਨੂੰ ਉਸ ਦੀਆਂ ਨਜ਼ਰਾਂ ਤੋਂ ਦੂਰ ਰੱਖਣ। ਕੁਝ ਨੂੰ ਆਪਣੇ ਵਰਕ ਸਟੇਸ਼ਨ ਛੱਡਣ ਅਤੇ ਦੂਜੇ ਖੇਤਰਾਂ ਵਿੱਚ ਜਾਣ ਲਈ ਕਿਹਾ ਗਿਆ, ਜਦੋਂ ਕਿ ਕੁਝ ਖਾਸ ਥਾਵਾਂ ‘ਤੇ ਮਰਦ ਸਟਾਫ ਨੂੰ ਤਾਇਨਾਤ ਕਰ ਦਿੱਤਾ ਗਿਆ । ਮਹਿਲਾ ਕਰਮਚਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਕਿ ਜਦੋਂ ਗਰੁੱਪ ਮੌਜੂਦ ਹੋਵੇ, ਤਾਂ ਉਹ ਖਾਸ ਖੇਤਰਾਂ ਵਿੱਚੋਂ ਨਾ ਲੰਘਣ ਜਾਂ ਪਾਰ ਨਾ ਕਰਨ। ਮਹਿਲਾ ਕਰਮਚਾਰੀਆਂ ਨੇ ਇਸ ਨੂੰ ਆਪਣਾ ਅਪਮਾਨ ਸਮਝਿਆ। ਕਰਮਚਾਰੀਆਂ ਨੇ ਸੋਮਵਾਰ ਮੀਟਿੰਗ ਕਰਕੇ ਮੈਨੇਜਮੈਂਟ ਨਾਲ ਗੱਲ ਕੀਤੀ। ਗੱਲ ਨਹੀਂ ਬਣੀ ਤਾਂ ਕਰਮਚਾਰੀਆਂ ਨੇ ਹੜਤਾਲ ਕਰ ਦਿੱਤੀ, ਜਿਸ ਕਾਰਨ ਆਈਫਲ ਟਾਵਰ ਬੰਦ ਰਿਹਾ। ਬਾਅਦ ਵਿੱਚ ਆਈਫਲ ਟਾਵਰ ਮੈਨੇਜਮੈਂਟ ਨੇ ਮੰਨਿਆ ਕਿ ਉਸ ਨੂੰ ਅਜਿਹੀ ਬੇਨਤੀ ਨਹੀਂ ਮੰਨਣੀ ਚਾਹੀਦੀ ਸੀ।
ਬੀ ਏ ਪੀ ਐੱਸ ਨੇ ਕਿਹਾ ਕਿ ਲਗਭਗ 100 ਲੋਕਾਂ ਲਈ ਆਈਫਲ ਟਾਵਰ ਟੂਰ ਦੀ ਯੋਜਨਾ ਸੰਗਠਨ ਅਤੇ ਟਾਵਰ ਦੀ ਮੈਨੇਜਮੈਂਟ ਨੇ ਸਾਂਝੇ ਤੌਰ ‘ਤੇ ਬਣਾਈ ਸੀ। ਇਸ ਟੂਰ ਦਾ ਸਮਾਂ ਹੋਰ ਸੈਲਾਨੀਆਂ ਲਈ ਘੱਟ ਤੋਂ ਘੱਟ ਵਿਘਨ ਪਾਉਣ ਲਈ ਵੀ ਰੱਖਿਆ ਗਿਆ ਸੀ। ਕਿਸੇ ਨੂੰ ਵੀ ਆਈਫਲ ਟਾਵਰ ਵਿੱਚ ਦਾਖਲ ਹੋਣ ਤੋਂ ਨਹੀਂ ਰੋਕਿਆ ਗਿਆ, ਹਾਲਾਂਕਿ ਜੇ ਇਸ ਘਟਨਾ ਨਾਲ ਕਿਸੇ ਨੂੰ ਕੋਈ ਪਰੇਸ਼ਾਨੀ ਜਾਂ ਬੇਅਰਾਮੀ ਹੋਈ ਹੈ ਤਾਂ ਬੀ ਏ ਪੀ ਐੱਸ ਮੁਆਫੀ ਮੰਗਦਾ ਹੈ।
ਬੀ ਏ ਪੀ ਐੱਸ ਆਪਣੇ ਆਪ ਨੂੰ ਇੱਕ ਹਿੰਦੂ ਰੂਹਾਨੀ ਅਤੇ ਚੈਰੀਟੇਬਲ ਸੰਗਠਨ ਵਜੋਂ ਦਰਸਾਉਂਦਾ ਹੈ। ਇਸ ਦੇ ਲੰਡਨ, ਲਾਸ ਏਂਜਲਸ ਅਤੇ ਸਿਡਨੀ ਸਮੇਤ ਕਈ ਸ਼ਹਿਰਾਂ ਵਿੱਚ ਮੰਦਰ ਹਨ। ਐਤਵਾਰ ਇਸ ਦੇ ਫਰਾਂਸ ਵਿੱਚ ਪਹਿਲੇ ਵੱਡੇ ਮੰਦਰ ਦਾ ਉਦਘਾਟਨ ਪੈਰਿਸ ਵਿੱਚ ਕੀਤਾ ਗਿਆ।
ਕਈ ਫਰਾਂਸੀਸੀ ਸਿਆਸੀ ਨੇਤਾਵਾਂ ਨੇ ਵੀ ਇਸ ਘਟਨਾ ਦੀ ਆਲੋਚਨਾ ਕੀਤੀ ਹੈ। ਪੈਰਿਸ ਦੇ ਮੇਅਰ ਇਮੈਨੁਅਲ ਗ੍ਰੇਗੋਇਰ ਨੇ ਮਾਮਲੇ ਦੀ ਜਾਂਚ ਦੀ ਮੰਗ ਕਰਦਿਆਂ ਕਰਮਚਾਰੀਆਂ ਦੇ ਗੁੱਸੇ ਨੂੰ ਜਾਇਜ਼ ਦੱਸਿਆ। ਫਰਾਂਸ ਦੇ ਸਮਾਨਤਾ ਮੰਤਰੀ ਔਰੋਰ ਬਰਗੇ ਨੇ ਕਿਹਾ ਕਿ ਫਰਾਂਸ ਵਿੱਚ ਔਰਤਾਂ ਨੂੰ ਆਪਣੇ ਆਪ ਨੂੰ ਲੁਕੋਣ ਲਈ ਨਹੀਂ ਕਿਹਾ ਜਾਂਦਾ। ਕੋਈ ਵੀ ਧਰਮ ਦੇਸ਼ ਦੇ ਕਾਨੂੰਨ ਤੋਂ ਉੱਪਰ ਨਹੀਂ । ਸੱਜੇ-ਪੱਖੀ ਨੇਤਾ ਮਰੀਨ ਲੇ ਪੇਨ ਅਤੇ ਸਾਬਕਾ ਪ੍ਰਧਾਨ ਮੰਤਰੀ ਗੈਬਰੀਅਲ ਅਟਲ ਨੇ ਵੀ ਇਸ ਘਟਨਾ ਦੀ ਆਲੋਚਨਾ ਕੀਤੀ। ਅਟਲ ਨੇ ਕਿਹਾ ਕਿ ਔਰਤਾਂ ਨੂੰ ਸੱਭਿਆਚਾਰ, ਵਿਸ਼ਵਾਸ ਜਾਂ ਧਰਮ ਦੇ ਨਾਂਅ ‘ਤੇ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਬੀ ਏ ਪੀ ਐੱਸ ਦੇ ਸਾਧੂ ਅਤੇ ਸਵਾਮੀ ਅੱਠ ਤਰ੍ਹਾਂ ਦੇ ਬ੍ਰਹਮਚਾਰੀ ਨਿਯਮਾਂ ਦੀ ਪਾਲਣਾ ਕਰਦੇ ਹਨ। ਇਨ੍ਹਾਂ ਨਿਯਮਾਂ ਦੇ ਤਹਿਤ ਉਹ ਔਰਤਾਂ ਨਾਲ ਗੱਲ ਕਰਨ, ਛੂਹਣ ਜਾਂ ਬਹੁਤ ਨੇੜੇ ਹੋਣ ਤੋਂ ਪਰਹੇਜ਼ ਕਰਦੇ ਹਨ। ਇਸ ਦੇ ਬਹੁਤ ਸਾਰੇ ਮੰਦਰਾਂ ਵਿੱਚ ਮਰਦਾਂ ਅਤੇ ਔਰਤਾਂ ਲਈ ਵੱਖਰੇ ਬੈਠਣ ਦੇ ਪ੍ਰਬੰਧ ਵੀ ਹੁੰਦੇ ਹਨ। ਸੰਗਠਨ ਦਾ ਕਹਿਣਾ ਹੈ ਕਿ ਇਹ ਭਿਖਸ਼ੂਆਂ ਦੇ ਧਾਰਮਕ ਨਿਯਮਾਂ ਅਤੇ ਅਭਿਆਸ ਦਾ ਹਿੱਸਾ ਹੈ। ਹਾਲਾਂਕਿ ਕਿ ਆਈਫਲ ਟਾਵਰ ‘ਤੇ ਮਹਿਲਾ ਕਰਮਚਾਰੀਆਂ ਨੂੰ ਹਟਾਉਣ ਦਾ ਫੈਸਲਾ ਇਸ ਧਾਰਮਕ ਨਿਯਮਾਂ ਦੇ ਅਧਾਰ ‘ਤੇ ਸੀ ਜਾਂ ਸਥਾਨਕ ਪ੍ਰਬੰਧ ਦੇ ਅਧਾਰ ‘ਤੇ, ਇਸ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਹੋਈ।
ਉਧਰ, ਸ਼ਿਵ ਸੈਨਾ (ਯੂ ਬੀ ਟੀ) ਦੀ ਪ੍ਰਿਅੰਕਾ ਚਤੁਰਵੇਦੀ ਨੇ ਕਿਹਾ ਕਿ ਜੇ ਇਹ ਬੀ ਏ ਪੀ ਐੱਸ ਦੇ ਧਾਰਮਕ ਭਾਈਚਾਰੇ, ਸੰਪਰਦਾ ਅਤੇ ਸਮਾਜ ਵਿੱਚ ਅਪਣਾਇਆ ਜਾਣ ਵਾਲਾ ਅਭਿਆਸ ਹੈ, ਤਾਂ ਇਸ ਨੂੰ ਆਪਣੇ ਸੀਮਤ ਖੇਤਰਾਂ ਤੱਕ ਸੀਮਤ ਰੱਖਣਾ ਚਾਹੀਦਾ ਹੈ। ਕਿਰਪਾ ਕਰਕੇ ਦੁਨੀਆ ਤੋਂ ਇਹ ਉਮੀਦ ਨਾ ਕਰੋ ਕਿ ਉਹ ਉਨ੍ਹਾਂ ਦੇ ਹੁਕਮ ਦੀ ਪਾਲਣਾ ਕਰੇਗੀ। ਇਸੇ ਦੌਰਾਨ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ‘ਅਸੀਂ ਪੈਰਿਸ ਖੇਤਰ ਵਿੱਚ ਬੀ ਏ ਪੀ ਐੱਸ ਸੰਸਥਾ ਦੇ ਮੰਦਰ ਦੇ ਉਦਘਾਟਨ ਬਾਰੇ ਜਾਣੂ ਸਾਂ, ਪਰ ਟਾਵਰ ਦਾ ਮੁੱਦਾ ਸੰਬੰਧਤ ਸੰਸਥਾਵਾਂ ਵਿਚਕਾਰਲਾ ਮਾਮਲਾ ਹੈ। ਮੰਦਰ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਬਾਰੇ ਇੱਕ ਪੱਤਰਕਾਰ ਦੇ ਸਵਾਲ ‘ਤੇ ਜੈਸਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਲਈ ਅਜਿਹੇ ਮੌਕਿਆਂ ‘ਤੇ ਆਪਣੀਆਂ ਸ਼ੁਭਕਾਮਨਾਵਾਂ ਦੇਣਾ ਇੱਕ ਆਮ ਅਭਿਆਸ ਹੈ। ਇਸ ਮਾਮਲੇ ਵਿੱਚ ਇਹ ਵਰਚੁਅਲੀ ਕੀਤਾ ਗਿਆ ਸੀ। ਇਸ ਸੰਬੰਧ ਵਿੱਚ ਕਿਸੇ ਵੀ ਟਿੱਪਣੀ ਦਾ ਕੋਈ ਕਾਰਨ ਨਹੀਂ ਹੈ।’




