ਕਾਮਰੇਡ ਅਜਮੇਰ ਸਿੰਘ ਸਮਰਾ ਨੂੰ ਇਨਕਲਾਬੀ ਸ਼ਰਧਾਂਜਲੀਆਂ

0
6

ਨੂਰਮਹਿਲ (ਬਾਲ ਕ੍ਰਿਸ਼ਨ ਬਾਲੀ)
ਭਾਰਤੀ ਕਮਿਊਨਿਸਟ ਪਾਰਟੀ (ਐੱਮ ਐੱਲ) ਨਿਊ ਡੈਮੋਕ੍ਰੇਸੀ ਪੰਜਾਬ ਰਾਜ ਕਮੇਟੀ ਦੇ ਸੀਨੀਅਰ ਆਗੂ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਪ੍ਰਧਾਨ ਕਾਮਰੇਡ ਅਜਮੇਰ ਸਿੰਘ ਸਮਰਾ ਦਾ ਸ਼ਰਧਾਂਜਲੀ ਸਮਾਗਮ ਮੰਗਲਵਾਰ ਉਹਨਾ ਦੇ ਜੱਦੀ ਪਿੰਡ ਸਮਰਾਏ ਵਿਖੇ ਕੀਤਾ ਗਿਆ। ਇਸ ਮੌਕੇ ਰਾਜਸੀ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ।
ਸੀ ਪੀ ਆਈ (ਐੱਮ ਐੱਲ) ਨਿਊ ਡੈਮੋਕ੍ਰੇਸੀ ਦੇ ਸੀਨੀਅਰ ਸੂਬਾਈ ਆਗੂ ਸਰਦਾਰਾ ਸਿੰਘ ਮਾਹਲ ਨੇ ਕਿਹਾ ਕਿ ਕਾਮਰੇਡ ਅਜਮੇਰ ਸਿੰਘ ਦੇ ਤੁਰ ਜਾਣ ਨਾਲ ਇਨਕਲਾਬੀ ਲਹਿਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਇਕ ਸੁਲਝੇ ਹੋਏ ਅਤੇ ਇਨਕਲਾਬ ਲਈ ਪ੍ਰਤੀਬੱਧ ਆਗੂ ਸਨ।ਕਾਮਰੇਡ ਮਾਹਲ ਨੇ ਆਪਣੀ ਅਤੇ ਕਾਮਰੇਡ ਅਜਮੇਰ ਸਿੰਘ ਦੀ ਪੰਜ ਦਹਾਕਿਆਂ ਤੋਂ ਵੀ ਵੱਧ ਸਮੇਂ ਦੀ ਇਨਕਲਾਬੀ ਸਾਂਝ ਦੀਆਂ ਯਾਦਾਂ ਦਾ ਜ਼ਿਕਰ ਕੀਤਾ।ਉਨ੍ਹਾ ਕਿਹਾ ਕਿ ਕਾਮਰੇਡ ਅਜਮੇਰ ਸਿੰਘ ਨੇ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੀ ਉਸਾਰੀ ਵਿਚ ਅਹਿਮ ਭੂਮਿਕਾ ਨਿਭਾਈ। ਕਾਮਰੇਡ ਮਾਹਲ ਨੇ ਕਿਹਾ ਕਿ ਮੋਦੀ ਸਰਕਾਰ ਦਾ ਫਾਸ਼ੀਵਾਦ ਦਨਦਨਾਉਂਦਾ ਫਿਰਦਾ ਹੈ, ਜਿਸ ਦੇ ਚੌਤਰਫੇ ਹਮਲੇ ਹੋ ਰਹੇ ਹਨ। ਇਸ ਫਾਸ਼ੀਵਾਦ ਦੀ ਹਕੀਕਤ ਤੋਂ ਅੱਖਾਂ ਮੀਟ ਲੈਣਾ ਠੀਕ ਨਹੀਂ ਹੋਵੇਗਾ।ਉਹਨਾ ਕਿਹਾ ਕਿ ਇਸ ਫਾਸ਼ੀਵਾਦ ਵਿਰੁੱਧ ਸੰਸਦ ਰਾਹੀਂ ਲੜਾਈ ਨਹੀਂ ਲੜੀ ਜਾ ਸਕਦੀ, ਸਗੋਂ ਸੜਕਾਂ ਉਤੇ ਲੜੀ ਜਾ ਸਕਦੀ ਹੈ, ਉਹ ਵੀ ਵਿਸ਼ਾਲ ਏਕਾ ਉਸਾਰ ਕੇ।ਸੀ ਪੀ ਆਈ (ਐੱਮ ਐੱਲ) ਨਿਊ ਡੈਮੋਕ੍ਰੇਸੀ ਦੇ ਸੂਬਾਈ ਆਗੂਆਂ ਕੁਲਵਿੰਦਰ ਸਿੰਘ ਵੜੈਚ, ਗੁਰਮੁਖ ਸਿੰਘ, ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀ ਪੀ ਆਈ ਦੇ ਆਗੂ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਸੀ ਪੀ ਆਈ (ਐੱਮ ਐਲ) ਲਿਬਰੇਸ਼ਨ ਦੇ ਆਗੂ ਸੁਖਦਰਸ਼ਨ ਨੱਤ, ਸੀ ਪੀ ਆਈ ਐੱਮ ਯੂ ਦੇ ਆਗੂ ਕਿਰਨਜੀਤ ਸੇਖੋਂ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਅਦਾਰਾ ‘ਲਾਲ ਪਰਚਮ’ ਦੇ ਮੁਖਤਿਆਰ ਪੂਹਲਾ, ਅਦਾਰਾ ‘ਸੁਰਖ਼ ਲੀਹ’ ਦੇ ਪਾਵੇਲ ਕੁੱਸਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਕਸ਼ਮੀਰ ਸਿੰਘ ਘੁੱਗਸ਼ੋਰ, ਨੌਜਵਾਨ ਭਾਰਤ ਸਭਾ ਦੇ ਮੰਗਲਜੀਤ ਪੰਡੋਰੀ ਆਦਿ ਨੇ ਕਿਹਾ ਕਿ ਕਾਮਰੇਡ ਅਜਮੇਰ ਨੇ ਸਾਰੀ ਜ਼ਿੰਦਗੀ ਗਲ-ਸੜ ਚੁੱਕੇ ਲੁਟੇਰੇ ਨਿਜ਼ਾਮ ਨੂੰ ਮੁੱਢੋਂ-ਸੁੱਢੋਂ ਤਬਦੀਲ ਕਰਕੇ ਲੁੱਟ-ਖਸੁੱਟ ਰਹਿਤ, ਜਾਤਪਾਤ ਰਹਿਤ, ਧਰਮ ਨਿਰਪੱਖ ਅਤੇ ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਮਿਹਨਤੀ ਲੋਕਾਂ ਦੀ ਪੁੱਗਤ ਵਾਲੇ ਰਾਜ ਪ੍ਰਬੰਧ ਦੀ ਸਿਰਜਣਾ ਲਈ ਸੰਘਰਸ਼ ਕੀਤਾ। ਉਹ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰੱਸਟੀ ਸਨ ਅਤੇ ਹੋਰ ਜ਼ਿੰਮੇਵਾਰੀਆਂ ਦੇ ਨਾਲ-ਨਾਲ ਕਮੇਟੀ ਦੇ ਦੋ ਵਾਰ ਪ੍ਰਧਾਨ ਵੀ ਰਹੇ। ਉਨ੍ਹਾ ਆਪਣੀ ਸਾਰੀ ਜ਼ਿੰਦਗੀ ਦੱਬੇ-ਕੁਚਲੇ ਲੋਕਾਂ ਅਤੇ ਕਿਰਤੀ ਜਮਾਤ ਦੇ ਲੇਖੇ ਲਗਾ ਦਿੱਤੀ। ਕਾਲਜ ਸਮੇਂ ਤੋਂ ਲੈ ਕੇ ਹੁਣ ਤੱਕ ਉਹਨਾ ਬਹੁਤ ਸਾਰੇ ਸੰਘਰਸ਼ਾਂ ਦੀ ਅਗਵਾਈ ਕੀਤੀ। ਉਹਨਾ ਦੇ ਜਾਣ ਨਾਲ ਕਮਿਊਨਿਸਟ ਇਨਕਲਾਬੀ ਲੋਕ ਲਹਿਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਵੱਖ-ਵੱਖ ਜਥੇਬੰਦੀਆਂ ਅਤੇ ਸ਼ਖ਼ਸੀਅਤਾਂ ਵੱਲੋਂ ਭੇਜੇ ਗਏ ਸ਼ੋਕ ਸੰਦੇਸ਼ ਵੀ ਮੰਚ ਤੋਂ ਪੜ੍ਹ ਕੇ ਸੁਣਾਏ ਗਏ।ਇਸ ਮੌਕੇ ਉਹਨਾ ਦੀ ਭਤੀਜੀ ਅਨੀਤਾ, ਡਾਕਟਰ ਜੋਗੀ ਦੱਤ, ‘ਨਵਾਂ ਜ਼ਮਾਨਾ’ ਦੀ ਸੰਚਾਲਕ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ, ਸੀਨੀਅਰ ਪੱਤਰਕਾਰ ਜਸਵੀਰ ਸਮਰ, ਬਲਜੀਤ ਬੱਲੀ, ਅਰੁਣਦੀਪ, ਰਾਮਿੰਦਰ ਸਿੰਘ ਪਟਿਆਲਾ, ਐਡਵੋਕੇਟ ਦਲਜੀਤ ਸਿੰਘ, ਬੂਟਾ ਸਿੰਘ ਮਹਿਮੂਦਪੁਰ ਸਮੇਤ ਸੈਂਕੜਿਆਂ ਦੀ ਗਿਣਤੀ ਵਿੱਚ ਆਗੂ ਤੇ ਕਾਰਕੁਨ ਹਾਜ਼ਰ ਸਨ।