ਦੇਸ਼ ਹਿੰਦੂ ਨਹੀਂ, ਕਾਰਪੋਰੇਟ ਰਾਸ਼ਟਰ ਬਣ ਰਿਹੈ : ਮਹੇਸਰੀ

0
7

ਯਾਦਗਿਰੀਗੁੱਟਾ (ਨਵਾਂ ਜ਼ਮਾਨਾ ਸਰਵਿਸ)
ਸਰਬ ਭਾਰਤ ਨੌਜਵਾਨ ਸਭਾ ਤੇਲੰਗਾਨਾ ਦੀ ਸੂਬਾਈ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸੁਖਜਿੰਦਰ ਮਹੇਸਰੀ ਨੇ ਕਿਹਾ ਕਿ “ਭਾਜਪਾ ਦੇਸ਼ ਦੀ ਬਹੁਗਿਣਤੀ ਹਿੰਦੂ ਆਬਾਦੀ ਦਾ ਮਾਨਸਿਕ ਸ਼ੋਸ਼ਣ ਕਰਕੇ ਨਾ ਕੇਵਲ ਸੱਤਾ ਹਥਿਆ ਰਹੀ ਹੈ, ਅਸਲ ਵਿੱਚ ਹਕੂਮਤੀ ਸ਼ਕਤੀ ਨਾਲ ਦੇਸ਼ ਦੀ ਸਮੁੱਚੀ ਵਸੋਂ ਨੂੰ ਆਰਥਿਕ ਕੰਗਾਲੀ ਵਿੱਚ ਸੁੱਟ ਰਹੀ ਹੈ।ਭਾਜਪਾ-ਪੱਖੀ ਗੋਦੀ ਮੀਡੀਆ ਤੇ ਆਈ ਟੀ ਸੈੱਲ ਦੇ ਨਫ਼ਰਤੀ ਅਤੇ ਗੁੰਮਰਾਹਕੁੰਨ ਪ੍ਰਚਾਰ ਦੇ ਪਰਦੇ ਓਹਲੇ ਦੇਸ਼ ਹਿੰਦੂ ਰਾਸ਼ਟਰ ਨਹੀਂ, ਕਾਰਪੋਰਾਸ਼ਟਰ ਬਣ ਰਿਹੈ। ਦੇਸ਼ ਦੀ ਸਮੁੱਚੀ ਪ੍ਰਗਤੀਸ਼ੀਲ ਧਿਰ ਨੂੰ ਇਹ ਚੇਤਨ ਦ੍ਰਿਸ਼ਟੀ ਨਾਲ ਦੇਖਣ ਦੀ ਲੋੜ ਹੈ।”
ਉਨ੍ਹਾ ਕਿਹਾ ਕਿ “ਦੇਸ਼ ਵਿੱਚ ਧਾਰਮਿਕ ਤੌਰ ਉੱਤੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਸਭ ਤੋਂ ਵੱਡੀ ਬੇਰੁਜ਼ਗਾਰ ਆਬਾਦੀ ਨੌਜਵਾਨ ਹਿੰਦੂਆਂ ਦੀ ਹੈ, ਫੀਸਾਂ ਨਾ ਦੇ ਸਕਣ ਕਾਰਨ ਸਕੂਲ ਅਤੇ ਕਾਲਜ ਦੀ ਪੜ੍ਹਾਈ ਅੱਧ-ਵਿਚਾਲੇ ਛੱਡਣ ਵਾਲੇ ਵਿਦਿਆਰਥੀਆਂ ਵਿੱਚੋਂ ਵੱਡੀ ਆਬਾਦੀ ਹਿੰਦੂ ਹਨ, ਕਰਜ਼ੇ, ਫੁੱਟਪਾਥਾਂ, ਜੇਲ੍ਹਾਂ ਤੇ ਆਰਥਿਕ ਤੰਗੀਆਂ ਵਿੱਚ ਘਿਰੀ ਇਸ ਆਬਾਦੀ ਨੂੰ ਧਾਰਮਿਕ ਤੌਰ ਉੱਤੇ ਕੇਵਲ ਗੁੰਮਰਾਹ ਕਰਕੇ ਭਾਜਪਾ ਸਿਰਫ਼ ਵੋਟਾਂ ਹਥਿਆਉਂਦੀ ਹੈ ਅਤੇ ਸੱਤਾ ਦੀ ਤਾਕਤ ਦੇ ਇਵਜ਼ਾਨੇ ਵਜੋਂ ਅਡਾਨੀਆਂ, ਅੰਬਾਨੀਆਂ ਨੂੰ ਹੀ ਦੌਲਤਾਂ ਦੇ ਅੰਬਾਰ ਭੇਟ ਕਰਦੀ ਹੈ। ਅਜਿਹੀ ਸਿਆਸਤ ਦੇ ਸਾਜ਼ਿਸ਼ੀ ਮਾਹੌਲ ਵਿੱਚ ਦੇਸ਼ ਦੇ ਸਭਨਾਂ ਧਾਰਮਿਕ ਫਿਰਕਿਆਂ ਦੀ ਨੌਜਵਾਨ ਪੀੜ੍ਹੀ ਨੂੰ ਵਿੱਦਿਆ ਅਤੇ ਰੁਜ਼ਗਾਰ ਲਈ ਇੱਕਜੁੱਟ ਹੋਣਾ ਪਵੇਗਾ।ਅਜਿਹੀ ਇੱਕਜੁੱਟਤਾ ਨਾਲ ਹੀ ਸਰਕਾਰ ਦੀਆਂ ਫੁੱਟਪਾਊ ਨੀਤੀਆਂ ਨੂੰ ਜ਼ਮੀਨੀ ਪੱਧਰ ਉਤੇ ਖਦੇੜਿਆ ਜਾ ਸਕਦਾ, ਅਜਿਹੀ ਇਕਜੁੱਟਤਾ ਨੇ “ਵਿਸ਼ਵ ਗੁਰੂ” ਨੂੰ ਜੈੱਨ ਜ਼ੀ ਨੇ ਝੁਕਾਇਆ ਹੈ।”
ਜਥੇਬੰਦੀ ਦੇ ਕੌਮੀ ਪ੍ਰਧਾਨ ਰੌਸ਼ਨ ਕੁਮਾਰ ਸਿਨਹਾ ਨੇ ਕਿਹਾ ਕਿ “ਦੇਸ਼ ਵਿੱਚ ਫੈਲੀ ਬੇਰੁਜ਼ਗਾਰੀ ਦਾ ਦੇਸ਼ ਦੇ ਮੁਖੀ ਕੋਲ ਕੋਈ ਹੱਲ ਨਹੀਂ। ਪ੍ਰਧਾਨ ਮੰਤਰੀ ਨੇ ਦੇਸ਼ ਦੀਆਂ ਸਭ ਸਰਕਾਰੀ ਸੰਸਥਾਵਾਂ ਅਤੇ ਜਾਇਦਾਦਾਂ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰ ਦਿੱਤਾ ਹੈ।ਰੁਜ਼ਗਾਰ ਲਈ ਕੇਂਦਰੀ ਮਹਿਕਮਿਆਂ ਵਿੱਚ ਨਵੀਆਂ ਰੈਗੂਲਰ ਭਰਤੀਆਂ ਨਹੀਂ ਹਨ। ਹਰ ਸੂਬੇ ਵਿੱਚ ਬੇਰੁਜ਼ਗਾਰਾਂ ਦੀ ਫੌਜ ਹੈ, ਅਸੀਂ ਇਸ ਫ਼ੌਜ ਨੂੰ ਜੱਥੇਬੰਦ ਕਰਨਾ ਹੈ, ਭਾਜਪਾ ਨੇ ਮਨਰੇਗਾ ਵੀ ਤੋੜਿਆ ਹੈ, ਨੌਜਵਾਨਾਂ ਦੀ ਲੋੜ ਹੈ ਕੇ ਅਸੀਂ “ਬਨੇਗਾ ਲਈ ਇੱਕਜੁੱਟ ਹੋਈਏ।ਬਨੇਗਾ” (ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਨੂੰਨ) ਜੋ ਦੇਸ਼ ਦੀ ਪਾਰਲੀਮੈਂਟ ਵਿੱਚ ਕਾਨੂੰਨੀ ਰੁਜ਼ਗਾਰ ਦੀ ਸਭਨਾਂ ਲੋੜਵੰਦਾਂ ਨੂੰ ਗਰੰਟੀ ਕਰੇ।”ਪਾਰਟੀ ਦੇ ਐੱਮ ਐੱਲ ਸੀ ਨੇਲੀਕਾਂਤੀ ਸਤਯਮ ਨੇ ਕਿਹਾ ਜਨਤਕ ਖੇਤਰ ਦੇ ਅਦਾਰਿਆਂ ਦੇ ਨਿੱਜੀਕਰਨ ਨੂੰ ਖਤਮ ਕਰਨ ਦੀ ਮੰਗ ਕੀਤੀ ਅਤੇ ਰੇਲਵੇ, ਬੈਂਕਿੰਗ, ਰੱਖਿਆ, ਸਿੱਖਿਆ, ਸਿਹਤ ਸੰਭਾਲ, ਆਵਾਜਾਈ ਅਤੇ ਉਦਯੋਗਾਂ ਵਿੱਚ ਵੱਡੀ ਗਿਣਤੀ ਵਿੱਚ ਸਥਾਈ ਨੌਕਰੀਆਂ ਪੈਦਾ ਕਰਨ ਦੀ ਮੰਗ ਕੀਤੀ।ਤੇਲੰਗਾਨਾ ਦੇ ਸੂਬਾ ਪ੍ਰਧਾਨ ਵਲੀ ਉੱਲਾ ਕਾਦਰੀ ਅਤੇ ਸਕੱਤਰ ਕਲੂਰੂ ਧਰਮਿੰਦਰ ਨੇ ਕਿਹਾ ਕਿ ਮੌਜੂਦਾ ਪੀੜ੍ਹੀ ਨੇ ਭਾਵੇਂ 1947 ਦੇ ਆਜ਼ਾਦੀ ਸੰਗਰਾਮ ਨੂੰ ਨਹੀਂ ਦੇਖਿਆ ਜਾਂ ਹਿੱਸਾ ਨਹੀਂ ਲਿਆ, ਪਰ 2026 ਵਿੱਚ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹੋਏ ਸੰਘਰਸ਼ ਨੇ ਲੋਕਾਂ ਨੂੰ ਇੱਕ ਹੋਰ ਆਜ਼ਾਦੀ ਸੰਗਰਾਮ ਦੀ ਯਾਦ ਦਿਵਾਈ।ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਨ੍ਹਾ 12 ਸਾਲਾਂ ਤੱਕ ਆਪਣੀ “56 ਇੰਚ ਦੀ ਛਾਤੀ” ਅਤੇ ਭਾਰਤ ਦੇ “ਵਿਸ਼ਵ ਗੁਰੂ” ਵਜੋਂ ਉਭਰਨ ਦਾ ਮਾਣ ਕੀਤਾ ਸੀ, ਨੂੰ ਸੜਕਾਂ ‘ਤੇ ਉਤਰਨ ਵਾਲੇ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਵਧਦੇ ਗੁੱਸੇ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਿਆ।ਹੋਰਨਾਂ ਤੋਂ ਇਲਾਵਾ ਨੇਰਲਕਾਂਤੀ, ਨਾਨਾਬਾਲਾ ਰਾਮਕ੍ਰਿਸ਼ਨ, ਲਿੰਗਮ ਰਵੀ, ਤ੍ਰਿਪਤੀ ਵੈਂਕਟੇਸ਼ਵਰਲੂ, ਕੁਨੁੰਥਲਾ ਸ਼ੰਕਰ, ਟੀ. ਸੱਤਿਆ ਪ੍ਰਸਾਦ, ਸ਼੍ਰੀਮਾਨ, ਯੁਗੰਧਰ ਅਤੇ ਚੇਪੁਰੀ ਕੋਂਡਲ ਨੇ ਵੀ ਸੰਬੋਧਨ ਕੀਤਾ।