ਸਾਉਦੀ ਸ਼ਹਿਜ਼ਾਦਾ ਮੋਦੀ ਦਾ ਭਰਾ, ਦੇਸ਼ ਦੇ ਮੁਸਲਮਾਨ ਭਾਜਪਾ ਦੇ ਦੁਸ਼ਮਣ : ਸੰਜੇ ਰਾਉਤ

0
8

ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਮਹਾਰਾਸ਼ਟਰ ਦੇ ਨਵਰਾਤਰੀ ਗਰਬਾ ਅਤੇ ਡਾਂਡੀਆ ਪ੍ਰੋਗਰਾਮਾਂ ਵਿੱਚ ਕੌਣ ਸ਼ਾਮਲ ਹੋ ਸਕਦਾ ਹੈ, ਇਸ ਬਾਰੇ ਵਿਸ਼ਵ ਹਿੰਦੂ ਪ੍ਰੀਸ਼ਦ (ਵੀ ਐੱਚ ਪੀ) ਦੇ ਐਲਾਨਾਂ ਨਾਲ ਸਿਆਸੀ ਵਿਵਾਦ ਪੈਦਾ ਹੋ ਗਿਆ ਹੈ। ਵੀ ਐੱਚ ਪੀ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ 11 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਨਵਰਾਤਰਿਆਂ ਦੌਰਾਨ ਮਹਾਰਾਸ਼ਟਰ ਭਰ ਵਿੱਚ ਮੁਸਲਮਾਨਾਂ ਨੂੰ ਗਰਬਾ ਅਤੇ ਡਾਂਡੀਆ ਸਮਾਗਮਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਹੈ। ਇਸ ਨੇ ਪ੍ਰਬੰਧਕਾਂ ਲਈ ਭਾਗੀਦਾਰਾਂ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ, ਜਿਸ ਵਿੱਚ ਆਧਾਰ ਕਾਰਡਾਂ ਦੀ ਜਾਂਚ ਕਰਨਾ ਅਤੇ ਉਨ੍ਹਾਂ ਦੇ ਮੱਥੇ ‘ਤੇ ਤਿਲਕ ਲਗਾਉਣਾ ਸ਼ਾਮਲ ਹੈ।
ਸ਼ਿਵ ਸੈਨਾ (ਯੂ ਬੀ ਟੀ) ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ ਹੈ, ”ਦੇਸ਼ ਦਾ ਪ੍ਰਧਾਨ ਮੰਤਰੀ ਵਿਦੇਸ਼ ਜਾਂਦਾ ਹੈ ਅਤੇ ਮਸਜਿਦਾਂ ਦਾ ਦੌਰਾ ਕਰਦਾ ਹੈ। ਉੱਥੇ ਉਹ ਇਸਲਾਮੀ ਰਾਜਾਂ ਦੇ ਮੁਖੀਆਂ ਨੂੰ ਜੱਫੀ ਪਾਉਂਦਾ ਹੈ ਅਤੇ ਉਨ੍ਹਾਂ ਨੂੰ ਕਹਿੰਦਾ ਹੈ, ‘ਮੇਰਾ ਭਰਾ’। ਉਹ ਸਾਊਦੀ ਅਰਬ ਦੇ ਸ਼ਹਿਜ਼ਾਦੇ ਨੂੰ ‘ਮੇਰਾ ਭਰਾ’ ਕਹਿੰਦਾ ਹੈ। ਇਸ ਲਈ, ਇੱਥੇ ਵੀ ਭਰਾ ਹਨ। ਫਿਰ ਇੱਥੇ ਉਸ ਭਰਾ ਨੂੰ ਵੀ ਨਹੀਂ ਰੋਕਿਆ ਜਾਣਾ ਚਾਹੀਦਾ। ਉੱਥੇ, ਉਹ ਭਰਾ ਹਨ ਅਤੇ ਇੱਥੇ ਉਹ ਦੁਸ਼ਮਣ ਹਨ, ਇਹ ਕਿਵੇਂ ਹੋ ਸਕਦਾ ਹੈ? ” ਰਾਉਤ ਨੇ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਦੇ ਹਿੰਦੂ-ਮੁਸਲਿਮ ਏਕਤਾ ਬਾਰੇ ਰੁਖ ‘ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਭਾਗਵਤ ਨੂੰ ਵੀ ਐੱਚ ਪੀ ਦੀ ਮੰਗ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਹਾਲਾਂਕਿ, ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅੰਮ੍ਰਿਤਾ ਫੜਨਵੀਸ ਨੇ ਕਿਹਾ ਕਿ ਉਸ ਨੂੰ ਤਿਉਹਾਰਾਂ ਵਿੱਚ ਮੁਸਲਮਾਨਾਂ ਦੇ ਸ਼ਾਮਲ ਹੋਣ ਵਿੱਚ ਕੋਈ ਸਮੱਸਿਆ ਨਹੀਂ ਦਿਖਾਈ ਦਿੰਦੀ। ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਸਾਡਾ ਤਿਉਹਾਰ ਸਭ ਨੂੰ ਸ਼ਾਮਲ ਕਰਦਾ ਹੈ… ਜੇ ਕੋਈ ਮੁਸਲਮਾਨ ਗਰਬਾ ਦਾ ਆਨੰਦ ਮਾਣਨਾ ਚਾਹੁੰਦਾ ਹੈ ਤਾਂ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ।’ ਰਾਉਤ ਨੇ ਅੰਮ੍ਰਿਤਾ ਦੇ ਸਟੈਂਡ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾ ਨੂੰ ਮੁੱਖ ਮੰਤਰੀ ਦੇ ਮੰਤਰੀ ਮੰਡਲ ਵਿੱਚ ਨਵ-ਹਿੰਦੂਤਵ ਲੋਕਾਂ ਨੂੰ ਸਲਾਹ ਦੇਣੀ ਚਾਹੀਦੀ ਹੈ। ਵੀ ਐੱਚ ਪੀ ਦੇ ਬੁਲਾਰੇ ਸ੍ਰੀਰਾਜ ਨਾਇਰ ਨੇ ਕਿਹਾ ਕਿ ਨਵਰਾਤਰੀ ਇੱਕ ਧਾਰਮਿਕ ਤਿਉਹਾਰ ਹੈ, ਜੋ ਦੇਵੀ ਪੂਜਾ ‘ਤੇ ਕੇਂਦਰਤ ਹੈ ਅਤੇ ਹਿੰਦੂ ਸੱਭਿਆਚਾਰਕ ਪਰੰਪਰਾਵਾਂ ਨੂੰ ਕਮਜ਼ੋਰ ਹੋਣ ਤੋਂ ਰੋਕਣ ਲਈ ਅਜਿਹਾ ਫੈਸਲਾ ਜ਼ਰੂਰੀ ਸੀ। ਮੁਸਲਮਾਨ, ਜੋ ਮੂਰਤੀ ਪੂਜਾ ਦੇ ਵਿਰੁੱਧ ਹਨ, ਤਿਉਹਾਰ ਵਿੱਚ ਕਿਉਂ ਹਿੱਸਾ ਲੈਣ?
ਭਾਜਪਾ ਨੇਤਾ ਨਿਤੇਸ਼ ਰਾਣੇ ਨੇ ਵੀ ਐੱਚ ਪੀ ਦੇ ਸਟੈਂਡ ਦਾ ਸਮਰਥਨ ਕਰਦਿਆਂ ਕਿਹਾ ਕਿ ਅਜਿਹੇ ਤਿਉਹਾਰਾਂ ਦੌਰਾਨ ਲਵ ਜੇਹਾਦ ਦੇ ਮਾਮਲੇ ਵਧ ਜਾਂਦੇ ਹਨ ਅਤੇ ਉਨ੍ਹਾਂ ਨੇ ਹਾਜ਼ਰੀਨ ਨੂੰ ਪ੍ਰਵੇਸ਼ ਤੋਂ ਪਹਿਲਾਂ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਦਾ ਸੁਝਾਅ ਵੀ ਦਿੱਤਾ ਹੈ।