ਚੂਨੀ ਲਾਲ ਭਗਤ ਦਾ ਦੇਹਾਂਤ

0
9

ਜਲੰਧਰ (ਸੁਰਿੰਦਰ ਕੁਮਾਰ)-ਸਾਬਕਾ ਕੈਬਨਿਟ ਮੰਤਰੀ ਤੇ ਪੰਜਾਬ ਵਿੱਚ ਭਾਜਪਾ ਨੂੰ ਤਕੜੀ ਕਰਨ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਚੂਨੀ ਲਾਲ ਭਗਤ (94) ਦਾ ਵੀਰਵਾਰ ਤੜਕੇ ਇੱਥੇ ਦੇਹਾਂਤ ਹੋ ਗਿਆ। ਉਹ ਸੱਤ ਸਾਲਾਂ ਤੋਂ ਵੱਧ ਸਮੇਂ ਤੋਂ ਬਿਮਾਰ ਸਨ ਤੇ ਵ੍ਹੀਲਚੇਅਰ ‘ਤੇ ਸਨ। ਉਹ 2012 ਤੋਂ 2017 ਤੱਕ ਅਕਾਲੀ-ਭਾਜਪਾ ਸਰਕਾਰ ਦੌਰਾਨ ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ, ਜੰਗਲਾਤ, ਵਣ ਜੀਵ ਅਤੇ ਕਿਰਤ ਵਰਗੇ ਕਈ ਅਹਿਮ ਵਿਭਾਗਾਂ ਦੇ ਮੰਤਰੀ ਰਹੇ। ਉਹ 1997, 2007 ਅਤੇ 2012 ਵਿੱਚ ਜਲੰਧਰ ਪੱਛਮੀ (ਪਹਿਲਾਂ ਜਲੰਧਰ ਦੱਖਣੀ) ਹਲਕੇ ਤੋਂ ਤਿੰਨ ਵਾਰ ਵਿਧਾਇਕ ਚੁਣੇ ਗਏ। ਇਸ ਤੋਂ ਇਲਾਵਾ ਉਹ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਸਨ।
ਉਹ ਪਰਵਾਰ ਵਿੱਚ ਚਾਰ ਧੀਆਂ ਤੇ ਚਾਰ ਪੁੱਤਰ ਛੱਡ ਗਏ ਹਨ। ਉਨ੍ਹਾ ਦੇ ਪੁੱਤਰ ਮੋਹਿੰਦਰ ਭਗਤ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਹਨ। ਦੇਸ਼ ਦੀ ਵੰਡ ਵੇਲੇ ਉਹ ਪਾਕਿਸਤਾਨ ਦੇ ਸਿਆਲਕੋਟ ਤੋਂ ਭਾਰਤ ਆਏ ਸਨ ਅਤੇ ਇੱਥੇ ਖੇਡਾਂ ਦਾ ਸਾਮਾਨ ਬਣਾਉਣ ਦਾ ਕਾਰੋਬਾਰ ਸ਼ੁਰੂ ਕੀਤਾ ਸੀ।
ਉਨ੍ਹਾ ਦਾ ਪੋਤਾ ਕ੍ਰਿਸ਼ ਭਗਤ ਇੱਕ ਕ੍ਰਿਕਟਰ ਹੈ, ਜੋ ਇਸੇ ਸਾਲ ਅਪਰੈਲ ਵਿੱਚ ਮੁੰਬਈ ਇੰਡੀਅਨਜ਼ ਲਈ ਖੇਡ ਚੁੱਕਾ ਹੈ। ਉਨ੍ਹਾ ਦਾ ਅੰਤਮ ਸੰਸਕਾਰ ਮਾਡਲ ਹਾਊਸ ਨੇੜੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।
ਪੰਜਾਬ ਸਰਕਾਰ ਨੇ ਉਨ੍ਹਾ ਦੇ ਸਤਿਕਾਰ ਵਜੋਂ ਵੀਰਵਾਰ ਨੂੰ ਸੂਬੇ ਦੇ ਸਾਰੇ ਸਰਕਾਰੀ ਦਫਤਰਾਂ, ਬੋਰਡਾਂ, ਕਾਰਪੋਰੇਸ਼ਨ ਅਤੇ ਵਿਦਿਅਕ ਅਦਾਰਿਆਂ ਵਿੱਚ ਬਾਕੀ ਰਹਿੰਦੇ ਦਿਨ ਦੀ ਛੁੱਟੀ ਕਰ ਦਿੱਤੀ।
ਚੂਨੀ ਲਾਲ ਭਗਤ ਦੇ ਚਲਾਣੇ ਤੋਂ ਕੁਝ ਹੀ ਘੰਟਿਆਂ ਬਾਅਦ ਉਨ੍ਹਾ ਦੇ ਦਾਮਾਦ ਮੋਹਨ ਭਗਤ ਦਾ ਵੀ ਲੰਮੀ ਬਿਮਾਰੀ ਅਤੇ ਬ੍ਰੇਨ ਹੈਮਰੇਜ ਕਾਰਨ ਦੇਹਾਂਤ ਹੋ ਗਿਆ। ਪਰਵਾਰ ਵਿੱਚ ਇੱਕੋ ਦਿਨ ਦੋ ਮੌਤਾਂ ਹੋਣ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।