‘ਸਾਡੀਆਂ ਸੜਕਾਂ ਤੋਂ ਹਟ ਜਾਓ, ਤੁਹਾਨੂੰ ਡਰਾਈਵਿੰਗ ਨਹੀਂ ਆਉਂਦੀ ਮਿਸਟਰ ਸਿੰਘ’
ਵਾਸ਼ਿੰਗਟਨ (ਨ ਜ਼ ਸ) ਅਮਰੀਕਾ ਦੇ ਹੋਮਲੈਂਡ ਸਕਿਉਰਿਟੀ ਵਿਭਾਗ ਵੱਲੋਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਗਏ ਇੱਕ ਪੋਸਟਰ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਦੀ ‘ਸੈਲਫ-ਡੀਪੋਰਟੇਸ਼ਨ’ (ਖੁਦ ਦੇਸ਼ ਛੱਡਣ) ਦੀ ਮੁਹਿੰਮ ਨੂੰ ਉਤਸ਼ਾਹਤ ਕਰਨ ਲਈ ਬਣਾਏ ਗਏ ਇਸ ਪੋਸਟਰ ‘ਤੇ ਸਿੱਖ ਜਥੇਬੰਦੀਆਂ ਅਤੇ ਪੰਜਾਬੀਆਂ ਨੇ ਨਸਲਵਾਦੀ ਤੇ ਭਾਰਤ-ਵਿਰੋਧੀ ਸੁਨੇਹਾ ਦੇਣ ਦੇ ਗੰਭੀਰ ਦੋਸ਼ ਲਗਾਏ ਹਨ। ਇਹ ਪੋਸਟਰ ਟਰੰਪ ਸਰਕਾਰ ਵੱਲੋਂ ਗੈਰ-ਕਾਨੂੰਨੀ ਇਮੀਗ੍ਰੇਸ਼ਨ ਵਿਰੁੱਧ ਚਲਾਈ ਜਾ ਰਹੀ ਸਖਤ ਮੁਹਿੰਮ ਦੌਰਾਨ ਜਾਰੀ ਕੀਤਾ ਗਿਆ ਹੈ।
ਪੋਸਟਰ ਵਿੱਚ ‘ਟਰਾਂਸਫਾਰਮਰਜ਼’ ਫਿਲਮ ਦੀ ਤਰਜ਼ ‘ਤੇ ਇੱਕ ਚਿਤਾਵਨੀ ਲਿਖੀ ਗਈ ਹੈ – ‘ਸੈੱਲਫ-ਡੀਪੋਰਟ ਜਾਂ ਨਤੀਜੇ ਭੁਗਤੋ’ (Self-deport or find out)। ਇਸ ਦੇ ਨਾਲ ਹੀ ਪੋਸਟਰ ਵਿੱਚ ਖਾਸ ਤੌਰ ‘ਤੇ ਲਿਖਿਆ ਗਿਆ ਹੈ, ‘ਸਾਡੀਆਂ ਸੜਕਾਂ ਤੋਂ ਹਟ ਜਾਓ, ਤੁਹਾਨੂੰ ਡਰਾਈਵਿੰਗ ਨਹੀਂ ਆਉਂਦੀ, ਮਿਸਟਰ ਸਿੰਘ”।’
‘ਸਿੰਘ’ ਸਰਨੇਮ ਦੀ ਇਸ ਵਰਤੋਂ ਨੇ ਭਾਰਤੀ-ਅਮਰੀਕੀ ਅਤੇ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਨੂੰ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਉਂਦਾ ਹੈ। ਇਸ ਵਿਵਾਦ ਦਾ ਮੁੱਖ ਕਾਰਨ ਪੋਸਟਰ ਵਿੱਚ ਲਿਖੀ ਲਾਈਨ ‘ਤੁਹਾਨੂੰ ਡਰਾਈਵਿੰਗ ਨਹੀਂ ਆਉਂਦੀ’ ਨੂੰ ਮੰਨਿਆ ਜਾ ਰਿਹਾ ਹੈ, ਜੋ ਅਮਰੀਕਾ ਵਿੱਚ ਹਾਲ ਹੀ ਵਿੱਚ ਹੋਏ ਕੁਝ ਸੜਕ ਹਾਦਸਿਆਂ ਨਾਲ ਜੋੜੀ ਜਾ ਰਹੀ ਹੈ, ਜਿਨ੍ਹਾਂ ਵਿੱਚ ਬਿਨਾਂ ਦਸਤਾਵੇਜ਼ਾਂ ਵਾਲੇ ਭਾਰਤੀ ਨਾਗਰਿਕਾਂ ਦੇ ਟਰੱਕ ਡਰਾਈਵਰ ਹੋਣ ਦਾ ਦਾਅਵਾ ਕੀਤਾ ਗਿਆ ਸੀ। ਅਮਰੀਕਾ ਵਿੱਚ ਕਮਰਸ਼ੀਅਲ ਟਰੱਕ ਡਰਾਈਵਰਾਂ ਦੀ ਸਖਤ ਜਾਂਚ ਦੇ ਨਾਲ-ਨਾਲ ਟਰੰਪ ਪ੍ਰਸ਼ਾਸਨ ਨੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਅਤੇ ਵਰਕ ਪਰਮਿਟ ਦੇ ਨਿਯਮਾਂ ਨੂੰ ਹੋਰ ਸਖਤ ਕਰ ਦਿੱਤਾ ਹੈ। ਹਾਲਾਂਕਿ, ਆਲੋਚਕਾਂ ਦਾ ਤਰਕ ਹੈ ਕਿ ‘ਸਿੰਘ’ ਸਰਨੇਮ ਨੂੰ ਡਰਾਈਵਿੰਗ ਦੀਆਂ ਕਥਿਤ ਉਲੰਘਣਾਵਾਂ ਨਾਲ ਜੋੜਨਾ ਸਿੱਧੇ ਤੌਰ ‘ਤੇ ਨਸਲੀ ਪ੍ਰੋਫਾਈਲਿੰਗ ਹੈ।
ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਵੀ ਇਸ ਪੋਸਟਰ ਦੀ ਕਰੜੀ ਨਿੰਦਾ ਕਰਦਿਆਂ ਇਸ ਨੂੰ ‘ਭਾਰਤ-ਵਿਰੋਧੀ ਪ੍ਰੋਫਾਈਲਿੰਗ’ ਕਰਾਰ ਦਿੱਤਾ ਹੈ। ਫਾਊਂਡੇਸ਼ਨ ਨੇ ਐੱਕਸ ‘ਤੇ ਲਿਖਿਆ, ‘ਸਿੰਘ ਹਿੰਦੂ ਵੀ ਹਨ, ਸਿੱਖ ਵੀ ਹਨ, ਅਮਰੀਕੀ ਵੀ ਹਨ ਅਤੇ ਉਹ ਗੱਡੀਆਂ ਵੀ ਚਲਾਉਂਦੇ ਹਨ। ਹੋਮਲੈਂਡ ਸਕਿਉਰਿਟੀ ਵਿਭਾਗ ਵੱਲੋਂ ਕੀਤੀ ਗਈ ਇਹ ਨਸਲਵਾਦੀ ਅਤੇ ਗੈਰ-ਅਮਰੀਕੀ ਟਿੱਪਣੀ ਸਾਡੇ ਦੇਸ਼ ਦੀ ਜ਼ਮੀਰ ਨੂੰ ਝੰਜੋੜਨ ਵਾਲੀ ਹੈ।’ ਸੰਸਥਾ ਨੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਇਸ ਮਾਮਲੇ ਦਾ ਨੋਟਿਸ ਲੈ ਕੇ ਜਾਂਚ ਕਰਨ ਦੀ ਅਪੀਲ ਕੀਤੀ ਹੈ ਅਤੇ ‘ਟਰਾਂਸਫਾਰਮਰਜ਼’ ਦੀ ਫਿਲਮ ਕੰਪਨੀ ਪੈਰਾਮਾਊਂਟ ਪਿਕਚਰਜ਼ ਨੂੰ ਵੀ ਇਸ ਮਾਮਲੇ ‘ਤੇ ਧਿਆਨ ਦੇਣ ਲਈ ਕਿਹਾ ਹੈ। ਫੌਕਸ 7 ਨਿਊਜ਼ ਦੇ ਐਂਕਰ ਐਲੇਕ ਨੋਲਨ ਨੇ ਵੀ ਇਸ ਪੋਸਟਰ ਦੀ ਤਿੱਖੀ ਨਿੰਦਾ ਕੀਤੀ ਹੈ। ਉਨ੍ਹਾ ਐੱਕਸ ‘ਤੇ ਆਪਣੇ ਪਰਵਾਰਕ ਪਿਛੋਕੜ ਦਾ ਜ਼ਿਕਰ ਕਰਦਿਆਂ ਲਿਖਿਆ, ”ਮੇਰੇ ਦਾਦਾ ਜੀ ਦਾ ਨਾਂਅ ਦਾਨ ਸਿੰਘ ਸੀ। ਉਨ੍ਹਾ ਦੇ ਪਿਤਾ ਕੱਥਾ ਸਿੰਘ ਦਹਾਕੇ ਪਹਿਲਾਂ ਭਾਰਤ ਤੋਂ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਅਮਰੀਕਾ ਆਏ ਸਨ। ਉਹ ਕੈਲੀਫੋਰਨੀਆ ਵਿੱਚ ਕਿਸਾਨ ਬਣੇ ਅਤੇ ਮੇਰੇ ਦਾਦਾ ਜੀ ਨੇ ਬਾਅਦ ਵਿੱਚ ਟਰੱਕ ਡਰਾਈਵਰ ਵਜੋਂ ਵੀ ਕੰਮ ਕੀਤਾ। ਇਹ ਪੋਸਟਰ ਨਸਲਵਾਦੀ ਹੈ ਅਤੇ ‘ਸਿੰਘ’ ਨਾਂਅ ਵਾਲੇ ਹਰ ਵਿਅਕਤੀ ਦਾ ਅਪਮਾਨ ਕਰਦਾ ਹੈ।” ਇਹ ਵਿਵਾਦ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਟਰੰਪ ਪ੍ਰਸ਼ਾਸਨ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਲੋਕਾਂ ਨੂੰ ਖੁਦ ਦੇਸ਼ ਛੱਡਣ ਲਈ ਲਗਾਤਾਰ ਚਿਤਾਵਨੀਆਂ ਦੇ ਰਿਹਾ ਹੈ। ਇਸੇ ਦੌਰਾਨ ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੂੰ ਲਿਖੇ ਇੱਕ ਪੱਤਰ ਵਿੱਚ ਭਾਜਪਾ ਦੇ ਬੁਲਾਰੇ ਆਰ ਪੀ ਸਿੰਘ ਨੇ ਇੱਕ ਅਧਿਕਾਰਤ ਅਮਰੀਕੀ ਸਰਕਾਰੀ ਦੇਸ਼ ਨਿਕਾਲੇ (ਡਿਪੋਰਟੇਸ਼ਨ) ਦੀ ਮੁਹਿੰਮ ਵਿੱਚ ਸਿੱਖ ਪਛਾਣ ਅਤੇ ‘ਸਿੰਘ’ ਉਪਨਾਮ ਨੂੰ ਇੱਕ ਵਿਅੰਗ (ਕੈਰੀਕੇਚਰ) ਵਜੋਂ ਵਰਤੇ ਜਾਣ ‘ਤੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾ ਕਿਹਾ ਹੈ, ‘ਅਮਰੀਕਾ ਨੂੰ ਆਪਣੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਵਿਰੁੱਧ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਹੈ, ਪਰ ਕਾਨੂੰਨ ਲਾਗੂ ਕਰਨਾ ਕਦੇ ਵੀ ਨਸਲੀ, ਜਾਤੀਗਤ ਜਾਂ ਧਾਰਮਕ ਰੂੜ੍ਹੀਵਾਦੀ ਸੋਚ (ਸਟੀਰੀਓਟਾਈਪਿੰਗ) ਦਾ ਬਹਾਨਾ ਨਹੀਂ ਬਣਨਾ ਚਾਹੀਦਾ।’
ਉਨ੍ਹਾ ਪੁੱਛਿਆ ਹੈ ਕਿ ਕੀ ਅਮਰੀਕਾ ਫਾਈਬਰ ਆਪਟਿਕਸ ਦੇ ਮੋਢੀ ਡਾ. ਨਰਿੰਦਰ ਸਿੰਘ ਕਪਾਨੀ, ਅਮਰੀਕੀ ਕਾਂਗਰਸ ਲਈ ਚੁਣੇ ਗਏ ਪਹਿਲੇ ਸਿੱਖ ਅਤੇ ਪਹਿਲੇ ਏਸ਼ੀਆਈ-ਅਮਰੀਕੀ ਦਲੀਪ ਸਿੰਘ ਸੌਂਦ ਅਤੇ ਨਾਗਰਿਕਤਾ ਅਤੇ ਧਾਰਮਕ ਆਜ਼ਾਦੀ ਲਈ ਲੜਨ ਵਾਲੇ ਸਿੱਖ ਅਮਰੀਕੀ ਫੌਜੀ ਭਗਤ ਸਿੰਘ ਥਿੰਦ ਨੂੰ ਭੁੱਲ ਗਿਆ ਹੈ? ਉਨ੍ਹਾ ਕਿਹਾ ਹੈ, ”ਸਿੱਖ ਅਮਰੀਕਾ ਵਿੱਚ ਸਿਰਫ ਟਰੱਕ ਚਲਾਉਣ ਲਈ ਨਹੀਂ ਆਏ। ਅਸੀਂ ਵਿਗਿਆਨੀਆਂ, ਕਿਸਾਨਾਂ, ਉੱਦਮੀਆਂ, ਸੈਨਿਕਾਂ, ਲੋਕ ਸੇਵਕਾਂ ਅਤੇ ਰਾਸ਼ਟਰ-ਨਿਰਮਾਤਾਵਾਂ ਵਜੋਂ ਆਏ ਹਾਂ। ਇੱਕ ਸਦੀ ਤੋਂ ਵੱਧ ਸਮੇਂ ਤੋਂ ਸਿੱਖਾਂ ਨੇ ਅਮਰੀਕਾ ਦੀ ਅਰਥ ਵਿਵਸਥਾ, ਵਿਗਿਆਨਕ ਤਰੱਕੀ, ਖੇਤੀਬਾੜੀ, ਹਥਿਆਰਬੰਦ ਫੌਜਾਂ ਅਤੇ ਜਨਤਕ ਜੀਵਨ ਵਿੱਚ ਯੋਗਦਾਨ ਪਾਇਆ ਹੈ। ਅਮਰੀਕਾ ਵਿੱਚ ਸਿੱਖਾਂ ਦੇ ਯੋਗਦਾਨ ਦੇ ਪਿਛੋਕੜ ਵਿੱਚ ਅਮਰੀਕੀ ਸਰਕਾਰ ਦੀ ਮੁਹਿੰਮ, ਜਿਸ ਵਿੱਚ ਇੱਕ ਸਿੱਖ ਵਿਅਕਤੀ ਨੂੰ ਦਰਸਾਇਆ ਗਿਆ ਹੈ ਅਤੇ ‘ਮਿਸਟਰ ਸਿੰਘ’ ਨੂੰ ਇੱਕ ਰੂੜ੍ਹੀਵਾਦੀ ਤੌਰ ‘ਤੇ ਵਰਤਿਆ ਗਿਆ ਹੈ, ਡੂੰਘੀ ਤਰ੍ਹਾਂ ਅਪਮਾਨਜਨਕ ਹੈ।”
ਇਹ ਸਿਰਫ ਇੱਕ ਵਿਅਕਤੀ ਦਾ ਨਹੀਂ, ਸਗੋਂ ਇੱਕ ਮਾਣਮੱਤੇ ਭਾਈਚਾਰੇ ਦਾ ਅਪਮਾਨ ਹੈ, ਜਿਸ ਦੇ ਮੈਂਬਰਾਂ ਨੇ ਅਮਰੀਕਾ ਲਈ ਕੰਮ ਕੀਤਾ ਹੈ, ਸੇਵਾ ਕੀਤੀ ਹੈ ਅਤੇ ਕੁਰਬਾਨੀਆਂ ਦਿੱਤੀਆਂ ਹਨ। ਹਰ ਤਰ੍ਹਾਂ ਨਾਲ ਇਮੀਗ੍ਰੇਸ਼ਨ ਕਾਨੂੰਨ ਲਾਗੂ ਕਰੋ, ਪਰ ਇਹ ਮਾਣ, ਨਿਰਪੱਖਤਾ ਅਤੇ ਸਤਿਕਾਰ ਨਾਲ ਕਰੋ। ਸਿੱਖ ਪਛਾਣ ਨੂੰ ਕਦੇ ਵੀ ਮਜ਼ਾਕ ਦਾ ਪਾਤਰ ਨਹੀਂ ਬਣਾਉਣਾ ਚਾਹੀਦਾ।



