ਜਲੰਧਰ (ਗਿਆਨ ਸੈਦਪੁਰੀ)
‘ਨਵਾਂ ਜ਼ਮਾਨਾ’ ਦੇ ਸੰਪਾਦਕ ਚੰਦ ਫਤਿਹਪੁਰੀ ਦੇ ਸ਼ਰਧਾਂਜ਼ਲੀ ਸਮਾਗਮ ਵਿੱਚ ਖੱਬੀਆਂ, ਜਮਹੂਰੀ ਤੇ ਧਰਮ ਨਿਰਪੱਖ ਧਿਰਾਂ ਦੀ ਉਤਸ਼ਾਹਪੂਰਨ ਸ਼ਮੂਲੀਅਤ ਅਤੇ ਬੁਲਾਰਿਆਂ ਦੀ ਸਾਂਝੀ ਸੁਰ ਤੇ ਭਾਵਨਾਵਾਂ ਇੱਕ ਵੱਖਰਾ-ਨਿਆਰਾ ਹੁਲਾਰਾ ਤੇ ਸੰਦੇਸ਼ ਦੇ ਗਈਆਂ | ਬੁਲਾਰਿਆਂ ਦੀਆਂ ਇਨਕਲਾਬੀ ਸ਼ਰਧਾਂਜ਼ਲੀਆਂ ਦਾ ਸਾਰ ਤੱਕ ਇਹ ਸੀ ਕਿ ਅਜੋਕੇ ਦੌਰ ਦੀਆਂ ਚੁਣੌਤੀਆਂ ਨਾਲ ਨਜਿੱਠਣ ਤੇ ਟਾਕਰਾ ਕਰਨ ਲਈ ਜਿਸ ਤਰ੍ਹਾਂ ਸੂਰਮਾ ਸੰਪਾਦਕ ਚੰਦ ਫਤਿਹਪੁਰੀ ਜੂਝਦਾ ਸੀ, ਉਸੇ ਤਰ੍ਹਾਂ ਜੂਝ ਕੇ ਨਿਜ਼ਾਮ ਬਦਲਣ ਲਈ ਸਾਂਝਾ ਮੰਚ ਉਸਾਰ ਕੇ ਅੱਗੇ ਵਧਣ ਦਾ ਪ੍ਰਣ ਕਰਨਾ ਹੀ ਉਨ੍ਹਾ ਨੂੰ ਅਸਲੀ ਸ਼ਰਧਾਂਜਲੀ ਹੋਵੇਗੀ | ਦੇਸ਼ ਭਗਤ ਯਾਦਗਾਰ ਕੰਪਲੈਕਸ ਦੇ ਬਾਬਾ ਜਵਾਲਾ ਸਿੰਘ ਠੱਠੀਆਂ ਹਾਲ ਵਿੱਚ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਜਿੱਥੇ ਪੂਰੇ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਆਉਣ ਵਾਲੇ ਕਾਰਕੁਨਾਂ ਦੀ ਨਾ ਘਾਟ ਰਹੀ ਤੇ ਨਾ ਹੀ ਬੁਲਾਰਿਆਂ ਦੀਆਂ ਭਾਵਨਾਵਾਂ ਅੰਦਰ ਕੋਈ ਅਸਾਵਾਂਪਣ ਨਜ਼ਰ ਆਇਆ |
‘ਨਵਾਂ ਜ਼ਮਾਨਾ’ ਦੇ ਸਾਬਕਾ ਸੰਪਾਦਕ ਤੇ ਪੰਜਾਬੀ ਜਗਤ ਦੇ ਪ੍ਰਮੁੱਖ ਪੱਤਰਕਾਰ ਜਤਿੰਦਰ ਪਨੂੰ ਨੇ ਸਭ ਦਾ ਧੰਨਵਾਦ ਕਰਨ ਦੇ ਸਬੱਬ ਨਾਲ ਆਪਣੇ ਸਾਥੀ ਰਹੇ ਚੰਦ ਫਤਿਹਪੁਰ ਦੀ ਸ਼ਖਸੀਅਤ ਨੂੰ ਉਭਾਰਦੀਆਂ ਅਹਿਮ ਗੱਲਾਂ ਕੀਤੀਆਂ | ਉਨ੍ਹਾ ਦੇ ਸਿਰੜ ਬਾਰੇ ਗੱਲ ਕਰਦਿਆਂ ਪਨੂੰ ਨੇ ਕਿਹਾ ਕਿ ਕੰਮ ਭਾਵੇਂ ਸਿਆਸੀ ਹੋਵੇ ਜਾਂ ਸਮਾਜੀ, ਫਤਿਹਪੁਰੀ ਜਿਸ ਕੰਮ ਨੂੰ ਹੱਥ ਪੈ ਲੈਂਦੇ ਸਨ, ਉਸ ਨੂੰ ਨੇਪਰੇ ਚਾੜ੍ਹ ਕੇ ਹੀ ਸਾਰ ਲੈਂਦੇ ਸਨ | ‘ਨਵਾਂ ਜ਼ਮਾਨਾ’ ਦੀ ਨਵੀਂ ਮਸ਼ੀਨਰੀ ਲਾਉਣ ਵੇਲੇ ਦੀ ਇੱਕ ਘਟਨਾ ਦੇ ਹਵਾਲੇ ਨਾਲ ਪਨੂੰ ਨੇ ਚੰਦ ਫਤਿਹਪੁਰੀ ਦੀ ਈਮਾਨਦਾਰੀ, ਲਗਨ, ਸਮਰਪਣ ਤੇ ਸਾਹਸ ਦਾ ਵਰਣਨ ਕੀਤਾ | ਉਨ੍ਹਾ ਚੰਦ ਦੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਸੰਘਰਸ਼ਾਂ ਵਿੱਚ ਰੁਝੇ ਰਹਿਣ ਦੇ ਮੌਕਿਆਂ ਵੇਲੇ ਉਨ੍ਹਾ ਦੀ ਪਤਨੀ ਸੰਤੋਸ਼ ਬਰਾੜ ਵੱਲੋਂ ਦਿਖਾਏ ਹੌਸਲੇ ਤੇ ਸਿਦਕਦਿਲੀ ਨਾਲ ਨਿਭਣ ਦੀ ਦਾਦ ਦਿੰਦਿਆਂ ਪੁੱਤਰ ਸੁਮੇਲ ਬਰਾੜ, ਪੁੱਤਰੀ ਰਚਨਾ ਬਰਾੜ ਤੇ ਪੁੱਤਰ ਪਿ੍ੰਸ ਬਰਾੜ ਵੱਲੋਂ ਔਖੇ ਵੇਲਿਆਂ ਵੇਲੇ ਵੀ ਚੰਗੀ ਵਿਦਿਆ ਗ੍ਰਹਿਣ ਕਰ ਲੈਣ ਦੀ ਪ੍ਰਸੰਸਾ ਕੀਤੀ | ਪਨੂੰ ਨੇ ਸਮੁੱਚੇ ਬਰਾੜ ਪਰਵਾਰ ਨਾਲ ਆਪਣੀਆਂ ਸਾਂਝਾਂ ਵੀ ਤਾਜ਼ਾ ਕੀਤੀਆਂ |
‘ਨਵਾਂ ਜ਼ਮਾਨਾ’ ਦੀ ਸੰਚਾਲਕ ਸੰਸਥਾ ਅਰਜਨ ਸਿੰਘ ਗੜਗੱਜ ਫਾਊਾਡੇਸ਼ਨ ਦੇ ਪ੍ਰਧਾਨ ਕਾਮਰੇਡ ਰਸ਼ਪਾਲ ਸਿੰਘ ਬੜਾ ਪਿੰਡ ਨੇ ਕਿਹਾ ਕਿ ਅਜ਼ੀਮ ਸ਼ਖਸੀਅਤ ਚੰਦ ਫਤਿਹਪੁਰੀ ਨਾਲ ਉਨ੍ਹਾ ਨੇ ਅੱਧੀ ਸਦੀ ਤੋਂ ਵੱਧ ਕੰਮ ਕੀਤਾ ਹੈ | ਬੁਲੰਦ ਇਰਾਦਿਆਂ ਵਾਲੇ ਚੰਦ ਫਤਿਹਪੁਰੀ ਹਰ ਮੈਦਾਨ ਫਤਿਹ ਕਰਦੇ ਰਹੇ |
ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਸ਼ਰਧਾਂਜਲੀ ਭੇਟ ਕਰਦਿਆ ਕਿਹਾ ਕਿ ਅਸਮਾਨ ਵਿੱਚ ਦਿਸਣ ਵਾਲੇ ਚੰਦ ਵਿੱਚ ਤਾਂ ਕੋਈ ਦਾਗ ਹੋ ਸਕਦਾ ਹੈ, ਪਰ ਸਾਡਾ ਚੰਦ (ਚੰਦ ਫਤਿਹਪੁਰੀ) ਸਾਰੀ ਉਮਰ ਬੇਦਾਗ ਰਿਹਾ | ਫਤਿਹਪੁਰੀ ਅੰਦਰ ਗਿਆਨ ਦਾ ਅਥਾਹ ਭੰਡਾਰ ਸੀ | ਉਹ ਵਿਦਿਆਰਥੀ ਆਗੂ ਵੀ ਰਹੇ, ਨੌਜਵਾਨ ਸਭਾ ਵਿੱਚ ਮੋਹਰਲੀਆਂ ਕਤਾਰਾਂ ‘ਚ ਵਿਚਰੇ ਤੇ ਕਿਸਾਨ ਆਗੂ ਵਜੋਂ ਵੀ ਉਹ ਵਿਚਰਦੇ ਰਹੇ | ਹਰ ਥਾਂ ਉਨ੍ਹਾ ਦੀ ਵਿਦਵਤਾ ਦਾ ਪੱਖ ਚਾਨਣ ਵੰਡਦਾ ਰਿਹਾ | ਉਨ੍ਹਾ ਕੋਲ ਸ਼ਬਦਾਂ ਦੀ ਕੋਈ ਕਮੀ ਨਹੀਂ ਸੀ | ‘ਨਵਾਂ ਜ਼ਮਾਨਾ’ ਦੇ ਸੰਪਾਦਕ ਬਣ ਕੇ ਉਨ੍ਹਾ ਗੁਰਬਖਸ਼ ਸਿੰਘ ਪ੍ਰੀਤਲੜੀ, ਸੋਹਣ ਸਿਘ ਜੋਸ਼, ਅਰਜਨ ਸਿੰਘ ਗੜਗੱਜ, ਟੀਕਾ ਰਾਮ ਸੁਖਨ, ਜਗਜੀਤ ਸਿੰਘ ਆਨੰਦ ਤੇ ਜਤਿੰਦਰ ਪਨੂੰ ਦੀਆਂ ਪਾਈਆਂ ਖੂਬਸੂਰਤ ਪੈੜਾਂ ਨੂੰ ਹੋਰ ਉਘਾੜਿਆ ਉਨ੍ਹਾ ‘ਨਵਾਂ ਜ਼ਮਾਨਾ’ ਨੂੰ ਚੰਨ ਵਾਂਗ ਚਮਕਾਇਆ | ਸਾਦਗੀ ਤੇ ਹਲੀਮੀ ਵੀ ਉਨ੍ਹਾ ਦਾ ਵੱਡਾ ਗੁਣ ਸੀ |
ਕਾਮਰੇਡ ਧਾਲੀਵਾਲ ਨੇ ਕਿਹਾ ਕਿ ਚੰਦ ਫਤਿਹਪੁਰੀ ਨੇ ਚੁਣੌਤੀਆਂ ਨੂੰ ਹਮੇਸ਼ਾ ਕਬੂਲ ਕੀਤਾ | ਉਨ੍ਹਾ ਕਿਹਾ ਕਿ ਮੌਜੂਦਾ ਹਾਕਮ ਤਾਨਾਸ਼ਾਹੀ ਦੇ ਪੜਾਅ ਤੈਅ ਕਰਨ ਲੱਗੇ ਹੋਏ ਹਨ | ਅਜਿਹੇ ਸਮੇਂ ਚੰਦ ਫਤਿਹਪੁਰੀ ਦਾ ਜਜ਼ਬਾ, ਗਿਆਨ ਤੇ ਲੇਖਣੀ ਸੇਧਾਂ ਸਾਨੂੰ ਨਵਾਂ ਬਿਰਤਾਂਤ ਸਿਰਜਣ ਲਈ ਅਗਵਾਈ ਕਰਨਗੀਆਂ |
ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਚੰਦ ਫਤਿਹਪੁਰੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾ ਦੇ ਅਤੀਤ ਨੂੰ ਯਾਦ ਕੀਤਾ | ਉਨ੍ਹਾ ਕਿਹਾ ਕਿ ਫਤਿਹਪੁਰੀ ਗ਼ਰੀਬ ਕਿਸਾਨ ਘਰ ਵਿੱਚ ਪੈਦਾ ਹੋਏ | ਟਿੱਬੇ, ਸਰਕੜੇ ਪੱਧਰੇ ਕਰਕੇ ਉਨ੍ਹਾ ਆਪਣੀ ਜ਼ਮੀਨ ਨੂੰ ਪੈਦਾਵਾਰ ਜੋਗੀ ਕੀਤਾ | ਆਪਣੇ ਯੁੱਧ ਸਾਥੀ ਹੋਣ ਬਾਰੇ ਦੱਸਦਿਆਂ ਕਾਮਰੇਡ ਬਰਾੜ ਨੇ ਕਿਹਾ ਕਿ ਅੱਧੀ ਸਦੀ ਪਹਿਲਾਂ ਅਸੀਂ ਵਿਦਿਆਰਥੀ ਲਹਿਰ ਵਿੱਚ ਇਕੱਠਿਆਂ ਕੰਮ ਕੀਤਾ | ‘ਨਵਾਂ ਜ਼ਮਾਨਾ’ ਦੇ ਸਫ਼ਲ ਸੰਪਾਦਕ ਵਜੋਂ ਜ਼ਿਕਰ ਕਰਦਿਆਂ ਬਰਾੜ ਨੇ ਕਾਮਰੇਡ ਲੈਨਿਨ ਦੀ ਟੂਕ ਦਾ ਹਵਾਲਾ ਦੇ ਕੇ ਕ੍ਰਾਂਤੀਕਾਰੀ ਅਖਬਾਰਾਂ ਦੇ ਆਗੂ ਰੋਲ ਦੀ ਗੱਲ ਕੀਤੀ | ਕਾਮਰੇਡ ਬਰਾੜ ਨੇ ਕਿਹਾ ਕਿ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਸ਼ੁਰੂ ਕੀਤੀ ਜੰਗ ਜਾਰੀ ਹੈ ਤੇ ਜਾਰੀ ਰੱਖਣੀ ਹੈ | ਇਸ ਜੰਗ ਨੂੰ ਪ੍ਰਚੰਡ ਕਰਨ ਲਈ ਵਿਸ਼ਾਲ ਫਰੰਟ ਉਸਾਰਨ ਦੀ ਲੋੜ ਹੈ, ਇਹ ਹੀ ਚੰਦ ਫਤਿਹਪੁਰੀ ਹੁਰਾਂ ਨੂੰ ਸੱਚੀ ਸ਼ਰਧਾਂਜਲੀ ਹੈ |
ਸੀ ਪੀ ਆਈ ਦੇ ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਜਵਾਨੀ ਵੇਲੇ ਦਾ ਮਿੱਤਰ ਵਿੱਛੜ ਜਾਵੇ ਤਾਂ ਇੱਕ ਵਾਰ ਤਾਂ ਜਾਨ ਨਿਕਲ ਜਾਂਦੀ ਹੈ | ਉਨ੍ਹਾ ਫਤਿਹਪੁਰੀ ਦੀ ਸਮਰੱਥ ਲੇਖਣੀ ਦਾ ਜ਼ਿਕਰ ਕਰਦਿਆ ਕਿਹਾ ਕਿ ਜਤਿੰਦਰ ਪਨੂੰ ਵੱਲੋਂ ‘ਨਵਾਂ ਜ਼ਮਾਨਾ’ ਦੇ ਸੰਪਾਦਕ ਵਜੋਂ ਪਾਸੇ ਹਟਣ ਤੋਂ ਬਾਅਦ ਮਨਾਂ ‘ਚ ਵੱਡਾ ਸਵਾਲ ਉੱਠ ਖੜਾ ਹੋਇਆ ਸੀ ਕਿ ਅੱਗੋਂ ਕੀ ਹੋਵੇਗਾ | ‘ਨਵਾਂ ਜ਼ਮਾਨਾ’ ਦੇ ਸਨੇਹੀਆਂ ਦੇ ਚਿਹਰਿਆਂ ‘ਤੇ ਇੱਕ ਚਿੰਤਾ ਉਭਰ ਆਈ ਸੀ | ਚੰਦ ਫਤਿਹਪੁਰੀ ਹੁਰਾਂ ਸੰਪਾਦਕ ਦੀ ਜ਼ਿੰਮੇਵਾਰੀ ਸੰਭਾਲੀ ਤਾਂ ਚਿੰਤਾ ਕਾਫੂਰ ਹੋ ਗਈ | ਪੁਰਾਣੀਆਂ ਯਾਦਾਂ ਦੇ ਹਵਾਲੇ ਨਾਲ ਅਰਸ਼ੀ ਨੇ ਦੱਸਿਆ ਕਿ ਚੰਦ ਫਤਿਹਪੁਰੀ ਖਤਰਿਆਂ ਨਾਲ ਖੇਡਣ ਦਾ ਆਦੀ ਸੀ | ਆਪਣੇ ਸ਼ਰਧਾਂਜਲੀ ਬੋਲਾਂ ਦੇ ਅੰਤ ਵਿੱਚ ਅਰਸ਼ੀ ਦੀਆਂ ਪਲਕਾਂ ਅੱਥਰੂਆਂ ਨਾਲ ਛਲਕ ਪਈਆਂ |
ਸੀ ਪੀ ਆਈ ਦੇ ਸਾਬਕਾ ਸਕੱਤਰ ਕਾਮਰੇਡ ਜਗਰੂਪ ਨੇ ਚੰਦ ਫਤਿਹਪੁਰੀ ਨੂੰ ਇਨਕਲਾਬੀ ਸ਼ਰਧਾਂਜਲੀ ਭੇਟ ਕਰਦਿਆਂ ਲੋਕਾਂ ਲਈ ਸੂਹੀ ਸਵੇਰ ਲਿਆਉਣ ਲਈ ਕਮਿਊਨਿਸਟਾਂ ਦੀ ਬਣਦੀ ਭੂਮਿਕਾ ਦੀ ਗੱਲ ਕਰਦਿਆਂ ਬਹੁਤ ਸਾਰੀਆਂ ਮੁੱਲਵਾਨ ਗੱਲਾਂ ਕੀਤੀਆਂ | ਕਾਮਰੇਡ ਜਗਰੂਪ ਨੇ ਮੋਏ ਸਾਥੀਆਂ ਦੀ ਯਾਦ ਵਿੱਚ ਭਾਵੁਕਤਾ ਸਿਰਜਦੀਆਂ ਕੁਝ ਸਤਰਾਂ ਵੀ ਪੇਸ਼ ਕੀਤੀਆਂ | ਚਿੰਤਕ ਤੇ ਕਮਿਊਨਿਸਟ ਆਗੂ ਸੁਵਰਨ ਸਿੰਘ ਵਿਰਕ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਬਿਹਤਰ ਜ਼ਿੰਦਗੀ ਦੀ ਲਲ੍ਹਕ ਨੂੰ ਪੂਰਾ ਕਰਨ ਲਈ ਖੱਬੀਆਂ ਤੇ ਜਮਹੂਰੀ ਧਿਰਾਂ ਦੀ ਨੇੜਤਾ ਹੀ ਨਿਜ਼ਾਮ ਬਦਲਣ ਦਾ ਜ਼ਾਮਨ ਹੋ ਸਕਦੀ ਹੈ |
ਅਰਜਨ ਸਿੰਘ ਗੜਗੱਜ ਫਾਊਾਡੇਸ਼ਨ ਦੇ ਸਕੱਤਰ ਕਾਮਰੇਡ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਸ਼ਰਧਾਂਜਲੀ ਸਮਾਗਮ ਦੀ ਸ਼ੁਰੂਆਤ ਕਰਦਿਆਂ ਚੰਦ ਫਤਿਹਪੁਰੀ ਦੀ ਘਾਲਣਾ ਤੇ ‘ਨਵਾਂ ਜ਼ਮਾਨਾ’ ਦੇ ਪੈਰਾਂ ਸਿਰ ਖੜਾ ਹੋਣ ਦਾ ਪੂਰੇ ਵਿਸਥਾਰ ਨਾਲ ਵਰਨਣ ਕੀਤਾ |’ਨਵਾਂ ਜ਼ਮਾਨਾ’ ਦੇ ਟਰੱਸਟੀ ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਕਾਮਰੇਡ ਗੁਰਮੀਤ ਨੇ ਸਟੇਜ ਸੰਚਾਲਨ ਕਰਦਿਆਂ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਯਾਦ ਕਰਵਾਈਆਂ, ਜੋ ਚੰਦ ਫਤਿਹਪੁਰੀ ਦੇ ਖੂਬਸੂਰਤ ਵਿਅਕਤੀਤਵ ਦੀਆਂ ਕਈ ਪਰਤਾਂ ਸਾਹਮਣੇ ਲੈ ਕੇ ਆਈਆ | ਉੱਘੇ ਚਿੰਤਕ ਅਤੇ ‘ਅਜੀਤ’ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਕਿਹਾ ਕਿ ‘ਨਵਾਂ ਜ਼ਮਾਨਾ’ ਤੇ ‘ਅਜੀਤ’ ਦੀ ਕੰਧ ਸਾਂਝੀ ਹੈ | ਦੋਵਾਂ ਅਖ਼ਬਾਰਾਂ ਦੇ ਆਪਸੀ ਸਹਿਯੋਗ ਲਈ ਚੰਦ ਫਤਿਹਪੁਰੀ ਹਮੇਸ਼ਾ ਸਹਿਯੋਗੀ ਭੂਮਿਕਾ ਨਿਭਾਉਂਦੇ ਰਹੇ | ਉਨ੍ਹਾ ਦਰਪੇਸ਼ ਵੰਗਾਰਾਂ ਦਾ ਮੁਕਾਬਲਾ ਕਰਨ ਲਈ ਸਾਂਝਾ ਥੜ੍ਹਾ ਉਸਾਰਨ ਦਾ ਹੋਕਾ ਦਿੱਤਾ |
ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਇਨ੍ਹਾਂ ਸਮਿਆਂ ‘ਚ ‘ਨਵਾਂ ਜ਼ਮਾਨਾ’ ਵਰਗੀਆਂ ਅਖਬਾਰਾਂ ਤੇ ਚੰਦ ਫਤਿਹਪੁਰੀ ਵਰਗੇ ਆਗੂਆਂ ਦਾ ਹੋਣਾ ਜ਼ਰੂਰੀ ਹੈ | ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਚੰਦ ਫਤਿਹਪੁਰੀ ਜਿੱਥੇ ਚਿੰਤਕ, ਕਿਸਾਨ ਆਗੂ ਤੇ ਵੱਡੇ ਪੱਤਰਕਾਰ ਸਨ, ਉੱਥੇ ਉਹ ਕਿਰਤੀ ਵਰਗ ਨਾਲ ਵੀ ਨੇੜਤਾ ਰੱਖਦੇ ਸਨ | ਪੰਜਾਬ ਇਸਤਰੀ ਸਭਾ ਦੀ ਪ੍ਰਧਾਨ ਕਾਮਰੇਡ ਨਰਿੰਦਰ ਸੋਹਲ ਨੇ ਚੰਦ ਫਤਿਹਪੁਰੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਕੁਝ ਸਮਾਂ ‘ਨਵਾਂ ਜ਼ਮਾਨਾ’ ਦੀ ਮੇਜ਼ ‘ਤੇ ਕੰਮ ਕਰਨ ਵੇਲੇ ਚੰਦ ਫਤਿਹਪੁਰੀ ਨੇ ਅਖਬਾਰੀ ਦੁਨੀਆ ਦੇ ਕਈ ਮੁੱਲਵਾਨ ਨੁਕਤੇ ਸਮਝਾਏ | ਕਿਸਾਨ ਆਗੂ ਕਾਮਰੇਡ ਸੂਰਤ ਸਿੰਘ ਧਰਮਕੋਟ, ਸੀ ਪੀ ਆਈ (ਐੱਮ) ਦੇ ਆਗੂ ਭੂਪ ਚੰਦ ਚੰਨੋ, ਸੁਮੇਲ ਬਰਾੜ, ਗੁਲਜ਼ਾਰ ਸਿੰਘ ਤੇ ਅਮਨਦੀਪ ਸਿੰਘ ਸੈਦਪੁਰੀ ਨੇ ਵੀ ਭਾਵਪੂਰਤ ਸ਼ਬਦਾਂ ਵਿੱਚ ਚੰਦ ਫਤਿਹਪੁਰੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ |
ਸ਼ਰਧਾਂਜਲੀ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਏਟਕ ਦੇ ਐਕਟਿੰਗ ਜਨਰਲ ਸਕੱਤਰ ਅਮਰਜੀਤ ਸਿੰਘ ਆਸਲ, ‘ਨਵਾਂ ਜ਼ਮਾਨਾ’ ਦੇ ਟਰੱਸਟੀ ਐਡਵੋਕੇਟ ਰਾਜਿੰਦਰ ਸਿੰਘ ਰਾਣਾ, ਕਿਸਾਨ ਆਗੂ ਲਖਬੀਰ ਸਿੰਘ ਨਿਜ਼ਾਮਪੁਰ, ਕੰਟਰੋਲ ਕਮਿਸ਼ਨ ਸੀ ਪੀ ਆਈ ਪੰਜਾਬ ਦੇ ਸਾਬਕਾ ਚੇਅਰਮੈਨ ਰਮੇਸ਼ ਰਤਨ, ਸੀ ਪੀ ਆਈ ਮੋਗਾ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ, ਸੀ ਪੀ ਆਈ ਜ਼ਿਲ੍ਹਾ ਸਕੱਤਰ ਕਿ੍ਸ਼ਨ ਚੌਹਾਨ, ਕਿਸਾਨ ਆਗੂ ਚਮਕੌਰ ਸਿੰਘ ਲੁਧਿਆਣਾ, ਪਲਸ ਮੰਚ ਦੇ ਪ੍ਰਧਾਨ ਕਾਮਰੇਡ ਅਮੋਲਕ ਸਿੰਘ, ਸਾਹਿਤਕਾਰ ਬਲਬੀਰ ਪਰਵਾਨਾ, ਕਾਲਮ ਨਵੀਸ ਪੁਸ਼ਪਿੰਦਰ, ਲੇਖਕ ਭਗਵੰਤ ਰਸੂਲਪੁਰੀ, ਮਜ਼ਦੂਰ ਆਗੂ ਤੇ ਲੇਖਕ ਹਰਮੇਸ਼ ਮਾਲੜੀ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਇਤਿਹਾਸ ਵਿਭਾਗ ਦੇ ਇੰਚਾਰਜ ਚਰੰਜੀ ਲਾਲ ਕੰਗਣੀਵਾਲ, ਲੇਖਕ ਲਖਵਿੰਦਰ ਸਿੰਘ ਜੌਹਲ, ਲੇਖਕ ਵਿਜੇ ਬੰਬੇਲੀ, ਪੰਜਾਬ ਇਸਤਰੀ ਸਭਾ ਦੀ ਜਨਰਲ ਸਕੱਤਰ ਰਾਜਿੰਦਰ ਪਾਲ ਕੌਰ, ਉੱਘੇ ਕਮਿਊਨਿਸਟ ਆਗੂ ਕਾਮਰੇਡ ਹਰਭਜਨ ਸਿੰਘ ਅੰਮਿ੍ਤਸਰ, ਇਸਤਰੀ ਆਗੂ ਨਰਿੰਦਰ ਪਾਲ ਕੌਰ ਪਾਲੀ, ਦਸਵਿੰਦਰ ਕੌਰ ਅੰਮਿ੍ਤਸਰ, ਉੱਘੇ ਖੇਡ ਪ੍ਰਮੋਟਰ ਹਰਬੰਸ ਸਿੰਘ ਚੰਦੀ, ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਰਛਪਾਲ ਕੈਲੇ, ਆਰ ਐੱਮ ਪੀ ਆਈ ਦੇ ਸੂਬਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਕੇਂਦਰੀ ਕਮੇਟੀ ਮੈਂਬਰ ਮਹੀਪਾਲ, ਗੁਲਜਾਰ ਸਿੰਘ ਬਸੰਤ ਕੋਟ, ਹਰਚਰਨ ਸਿੰਘ ਔਜਲਾ, ਸੁਰਜੀਤ ਸਿੰਘ ਅਵਾਂਖਾ, ਕਿਸਾਨ ਆਗੂ ਸੰਦੀਪ ਅਰੋੜਾ, ਸਵਰਨ ਭੋਇਪੁਰੀ, ਮੁਕੰਦ ਸਿੰਘ, ਪਰਮਜੀਤ ਸਿੰਘ ਸਮਰਾਏ, ਜੈਪਾਲ ਸਿੰਘ, ਸੁਨੀਲ ਕੁਮਾਰ ਰਾਜੇਵਾਲ, ਸਿਕੰਦਰ ਸੰਧੂ, ਰਜਿੰਦਰ ਹੈਪੀ ਸ਼ਾਹਕੋਟ, ਕਾਮਰੇਡ ਵੀਰ ਸਿੰਘ, ਮਾਸਟਰ ਅਮਰਪਾਲ ਸਿੰਘ ਤਰਨ ਤਾਰਨ, ਮਾਸਟਰ ਗੁਰਚਰਨ ਸਿੰਘ ਮਾਨ, ਵੀਰ ਸਿੰਘ ਕੰਮੇਆਣਾ, ਮੁਖਤਿਆਰ ਸਿੰਘ, ਹਰਨੇਕ ਸਿੰਘ, ਸੱਤਪਾਲ ਡੀ ਏ, ਸੱਤਪਾਲ ਬੰਬੀਆਂਵਾਲ, ਬਲਦੇਵ ਸਿੰਘ ਨੂਰਪੁਰੀ, ਮੁਲਾਜ਼ਮ ਆਗੂ ਤੀਰਥ ਸਿੰਘ ਬਾਸੀ, ਗੁਰਜੀਤ ਸਿੰਘ ਫਤਿਹਪੁਰ, ਸੁਖਜੀਤ ਸਿੰਘ ਫਤਿਹਪੁਰ, ਜਤਿੰਦਰ ਸਿੰਘ ਫਤਿਹਪੁਰ,ਪੰਜਾਬ ਪੈ੍ਰੱਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਪੱਤਰਕਾਰ ਨਰਿੰਦਰ ਸੋਨੀਆ, ਲਖਵਿੰਦਰ ਸਿੰਘ ਆਧੀ, ਇਕਬਾਲ ਸਿੰਘ ਮੋਗਾ, ਅਵਤਾਰ ਮੇਹਲੀ, ਸੁਰਜੀਤ ਸਿੰਘ ਢੇਰ, ਜਗਦੀਸ਼ ਬੌਬੀ ਮਾਛੀਵਾੜਾ, ਸ਼ੈਲੀ ਐਲਬਰਟ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਨਰਿੰਜਨ ਮੇਹਲੀ, ਇਕਬਾਲ ਸਿੰਘ ਉੱਭੀ, ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਬਲਦੇਵ ਸਿੰਘ ਜੋਸਨ, ਗਿਆਨੀ ਰੇਸ਼ਮ ਸਿੰਘ ਰੇੜ੍ਹਵਾਂ ਆਦਿ ਤੋਂ ਇਲਾਵਾ ਫਤਿਹਪੁਰੀ ਦਾ ਸਮੁੱਚਾ ਪਰਵਾਰ ਹਾਜ਼ਰ ਸੀ |
ਕੇਂਦਰੀ ਪੰਜਾਬੀ ਲੇਖਕ ਸਭਾ, ਇਪਟਾ, ਪੰਜਾਬ ਕੇਸਰੀ ਗਰੁੱਪ, ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਸ਼ੋਕ ਸੰਦੇਸ਼ ਆਏ |





