ਅੰਮਿ੍ਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਹਿਰੀਨ ਤੋਂ ਆਈ ਬੀਬੀ ਵੱਲੋਂ ਲਾਏ ਗਏ ਦੋਸ਼ਾਂ ਦੀ ਜਾਂਚ ਸੀਬੀਆਈ) ਨੂੰ ਸੌਂਪੀ ਜਾਵੇ | ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੰਤਰਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਦੱਸਿਆ ਕਿ ਜੇ ਸਰਕਾਰ ਨੇ ਤਿੰਨ ਦਿਨਾਂ ਵਿੱਚ ਇਹ ਮੰਗ ਨਾ ਮੰਨੀ, ਤਾਂ ਕਮੇਟੀ ਦਾ ਇੱਕ ਵਫਦ ਰਾਜਪਾਲ ਨੂੰ ਮਿਲੇਗਾ | ਉਨ੍ਹਾ ਕਿਹਾ ਕਿ ਇਸ ਮਾਮਲੇ ਦੀ ਨਿਰਪੱਖਤਾ ਲਈ ਸੀ ਬੀ ਆਈ ਜਾਂਚ ਜ਼ਰੂਰੀ ਹੈ, ਕਿਉਂਕਿ ਕਮੇਟੀ ਵੱਲੋਂ ਬਣਾਈ ਗਈ ਪੰਜ ਮੈਂਬਰੀ ਜਾਂਚ ‘ਤੇ ਬੇਲੋੜੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ | ਉਨ੍ਹਾ ਸਵਾਲ ਕੀਤਾ ਕਿ ਜੇ ਸ਼੍ਰੋਮਣੀ ਕਮੇਟੀ ਦੀ ਜਾਂਚ ‘ਤੇ ਸ਼ੱਕ ਹੈ, ਤਾਂ ਕੀ ਸਰਕਾਰ ਵੱਲੋਂ ਬਣਾਈ ਕਮੇਟੀ ਨਿਰਪੱਖ ਹੋਵੇਗੀ? ਉਨ੍ਹਾ ਸਪੱਸ਼ਟ ਕੀਤਾ ਕਿ ਐੱਸ ਜੀ ਪੀ ਸੀ ਦੀ ਆਪਣੀ ਜਾਂਚ ਕਮੇਟੀ ਵੀ ਕੰਮ ਜਾਰੀ ਰੱਖੇਗੀ ਅਤੇ ਰਿਪੋਰਟ ਜਨਤਕ ਕੀਤੀ ਜਾਵੇਗੀ |




