ਵਿਜੈਵਾੜਾ (ਆਂਧਰਾ ਪ੍ਰਦੇਸ਼) (ਗਿਆਨ ਸੈਦਪੁਰੀ, ਕਮਲਜੀਤ ਥਾਬਲਕੇ)-ਇੱਥੋਂ ਦੇ ਐੱਸ ਐੱਸ ਕਨਵੈਨਸ਼ਨ ਸੈਂਟਰ ਵਿੱਚ ਅਸਥਾਈ ਤੌਰ ’ਤੇ ਸਥਾਪਤ ਕੀਤੇ ਗਏ ਗੁਰੂਦਾਸ ਦਾਸਗੁਪਤਾ ਨਗਰ ਵਿੱਚ ਕਾਮਰੇਡ ਸ਼ਮੀਮ ਫੈਜੀ ਹਾਲ ਅੰਦਰ ਭਾਰਤੀ ਕਮਿਊਨਿਸਟ ਪਾਰਟੀ ਸਮੇਤ ਵੱਖ-ਵੱਖ ਭਰਾਤਰੀ ਪਾਰਟੀਆਂ ਦੇ ਆਗੂਆਂ ਵੱਲੋਂ ਖੱਬੀਆਂ ਧਿਰਾਂ ਦੀ ਪੱਕੀ ਏਕਤਾ ਬਣਾ ਕੇ ਦੂਸਰੀਆਂ ਜਮਹੂਰੀ ਤੇ ਸਮਾਜਿਕ ਧਿਰਾਂ ਨਾਲ ਮਿਲ ਕੇ ਨਵੀਂ ਸਿਆਸੀ ਉਠਾਣ ਨਾਲ ਮੋਦੀ ਅਤੇ ਆਰ ਐੱਸ ਐੱਸ ਦੀ ਅਗਵਾਈ ਵਿੱਚ ਚੱਲ ਰਹੀ ਕੇਂਦਰੀ ਸਰਕਾਰ ਨੂੰ ਜੜ੍ਹਾਂ ਤੋਂ ਉਖਾੜ ਸੁੱਟਣ ਦਾ ਸੱਦਾ ਦਿੱਤਾ ਗਿਆ। ਭਾਰਤੀ ਕਮਿਊਨਿਸਟ ਪਾਰਟੀ ਦੀ ਇੱਥੇ ਚੱਲ ਰਹੀ 24ਵੀਂ ਪਾਰਟੀ ਕਾਂਗਰਸ ਵਿੱਚ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਡੀ. ਰਾਜਾ ਦੇ ਮੁੱਖ ਭਾਸ਼ਨ ਅਤੇ ਭਰਾਤਰੀ ਪਾਰਟੀਆਂ ਦੇ ਵਧਾਈ ਸੰਦੇਸ਼ ਨਾਲ ਸੰਮੇਲਨ ਸ਼ਨੀਵਾਰ ਦੂਸਰੇ ਦਿਨ ਵਿੱਚ ਦਾਖ਼ਲ ਹੋ ਗਿਆ। ਸੀ ਪੀ ਆਈ ਦੇ ਜਨਰਲ ਸਕੱਤਰ ਕਾਮਰੇਡ ਰਾਜਾ ਨੇ ਮਹਾਂ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਅਜਿਹੇ ਦੌਰ ਵਿੱਚ ਇੱਥੇ ਜੁੜੇ ਹਾਂ ਜਦੋਂ ਦੇਸ਼ ਦੇ ਸਿਆਸੀ, ਸਮਾਜੀ ਅਤੇ ਆਰਥਿਕ ਖੇਤਰ ਨੀਵਾਣਾਂ ਛੂਹ ਰਹੇ ਹਨ ਅਤੇ ਭਾਜਪਾ ਅਤੇ ਆਰ ਐੱਸ ਐੱਸ ਵੱਲੋਂ ਨਫ਼ਰਤੀ ਵਾਤਾਵਰਨ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਅਜਿਹਾ ਜ਼ਰੂਰੀ ਹੋ ਗਿਆ ਹੈ ਕਿ ਦੇਸ਼ ਦੀ ਏਕਤਾ ਅਤੇ ਤਰੱਕੀ ਲਈ ਦੇਸ਼ ਦੀਆਂ ਖੱਬੀਆਂ ਧਿਰਾਂ ਅਤੇ ਜਮਹੂਰੀ ਤੇ ਧਰਮ ਨਿਰਪੱਖ ਤਾਕਤਾਂ ਦੀ ਮਜ਼ਬੂਤ ਏਕਤਾ ਹੋਵੇ। ਉਨ੍ਹਾਂ ਆਸ ਪ੍ਰਗਟਾਈ ਕਿ ਪਾਰਟੀ ਦੀ 24ਵੀਂ ਕਾਂਗਰਸ ਦੇਸ਼ ਦਾ ਭਲਾ ਚਾਹੁਣ ਵਾਲੀਆਂ ਧਿਰਾਂ ਲਈ ਰਾਹ-ਦਸੇਰਾ ਬਣੇਗੀ। ਕਾਮਰੇਡ ਰਾਜਾ ਨੇ ਪਾਰਟੀ ਦੇ ਵਿੱਛੜ ਚੁੱਕੇ ਕੱਦਾਵਰ ਆਗੂਆਂ ਨੂੰ ਸਤਿਕਾਰ ਨਾਲ ਯਾਦ ਕਰਦਿਆਂ ਪਾਰਟੀ ਅੰਦਰ ਵਿਚਰ ਰਹੇ ਨੌਜਵਾਨਾਂ ਨੂੰ ਸਮੇਂ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰਕੇ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।
ਮਹਾਂ ਸੰਮੇਲਨ ਵਿੱਚ ਭਰਾਤਰੀ ਪਾਰਟੀਆਂ ਦੇ ਮਹਿਮਾਨਾਂ ਵਜੋਂ ਸ਼ਾਮਲ ਹੋਏ ਆਗੂਆਂ ਨੇ ਕਾਮਰੇਡ ਡੀ ਰਾਜਾ ਦੀ ਮਜ਼ਬੂਤ ਏਕਤਾ ਲਈ ਕੀਤੀ ਪੇਸ਼ਕਸ਼ ਨੂੰ ਭਰਪੂਰ ਹੁੰਗਾਰਾ ਦਿੰਦਿਆਂ ਸੀ ਪੀ ਆਈ ਦੇ ਮਹਾਂ ਸੰਮੇਲਨ ਦੀ ਸਫ਼ਲਤਾ ਦੀ ਕਾਮਨਾ ਦੇ ਨਾਲ-ਨਾਲ ਮੁਬਾਰਕਾਂ ਵੀ ਦਿੱਤੀਆਂ।
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੇਚੁਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਪੂਰੀ ਸੰਜੀਦਗੀ ਨਾਲ ਇਸ ਮਹਾਂ ਸੰਮੇਲਨ ਦੇ ਉਦਘਾਟਨੀ ਸੈਸ਼ਨ ਵਿੱਚ ਸ਼ਾਮਲ ਹੋਣ ਦਾ ਮੌਕਾ ਦੇਣ ਲਈ ਸੀ ਪੀ ਆਈ ਦਾ ਧੰਨਵਾਦ ਕਰਦੇ ਹਨ। ਮੈਂ ਸੀ ਪੀ ਐੱਮ ਵੱਲੋਂ ਗਰਮਜੋਸ਼ੀ ਨਾਲ ਸੀ ਪੀ ਆਈ ਨੂੰ ਵਧਾਈਆਂ ਦਿੰਦਾ ਹਾਂ। ਕਾਮਰੇਡ ਯੇਚੁਰੀ ਨੇ ਕਿਹਾ ਕਿ ਅਸੀਂ ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ ਵਿੱਚ ਇਕੱਤਰ ਹੋਏ ਹਾਂ, ਜਿਹੜਾ ਸਿਆਸੀ ਸਰਗਰਮੀਆਂ ਦਾ ਕੇਂਦਰ ਹੈ। ਇਸ ਧਰਤੀ ’ਤੇ ਕਿਸਾਨਾਂ ਨੇ ਜਗੀਰਦਾਰੀ ਵਿਰੁੱਧ ਲਹੂ ਵੀਟਵੇਂ ਸੰਘਰਸ਼ ਕੀਤੇ ਹਨ।
ਇਸੇ ਤਰ੍ਹਾਂ ਸੀ ਪੀ ਆਈ ਐੱਮ ਐੱਲ (ਲਿਬਰੇਸ਼ਨ) ਦੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ ਅਤੇ ਫਾਰਵਰਡ ਬਲਾਕ ਦੇ ਜਨਰਲ ਸਕੱਤਰ ਕਾਮਰੇਡ ਦੇਵ ਰਾਜਨ ਨੇ ਸੀ ਪੀ ਆਈ ਨੂੰ ਗਰਮਜੋਸ਼ੀ ਨਾਲ ਵਧਾਈਆਂ ਦਿੱਤੀਆਂ।
ਇਸ ਤੋਂ ਪਹਿਲਾਂ ਸੀ ਪੀ ਆਈ ਦੇ ਸਾਬਕਾ ਜਨਰਲ ਸਕੱਤਰ ਕਾਮਰੇਡ ਸੁਧਾਕਰ ਰੈਡੀ ਨੇ ਲਾਲ ਝੰਡਾ ਲਹਿਰਾਇਆ। ਸਾਬਕਾ ਮੈਂਬਰ ਪਾਰਲੀਮੈਂਟ ਅਤੇ ਉੱਘੇ ਸੁਤੰਤਰਤਾ ਸੈਨਾਨੀ 101 ਸਾਲਾ �ਿਸ਼ਨਾ ਮੂਰਤੀ ਨੇ ਤਿਰੰਗਾ ਝੰਡਾ ਲਹਿਰਾ ਕੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਯਾਦ ਕੀਤਾ। ਇਸ ਮੌਕੇ ਲਾਲ ਝੰਡੇ ਦਾ ਗੀਤ ਸਭ ਨੇ ਮਿਲ ਕੇ ਗਾਇਆ।
ਮਹਾਂ ਸੰਮੇਲਨ ਦੇ ਦੂਸਰੇ ਦਿਨ ਦੇ ਉਦਘਾਟਨੀ ਸੈਸ਼ਨ ਵਿੱਚ ਰੂਸ, ਵੀਅਤਨਾਮ, ਲਾਓਸ, ਜਾਪਾਨ, ਸਾਊਥ ਅਫਰੀਕਾ ਆਦਿ ਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਦੇ ਪ੍ਰਤੀਨਿਧ ਵੀ ਸ਼ਾਮਲ ਹੋਏ।
ਖ਼ਬਰ ਲਿਖੇ ਜਾਣ ਵੇਲੇ ਤੱਕ ਸਿਆਸੀ ਅਤੇ ਸੰਗਠਨ ਸੰਬੰਧੀ ਪੇਸ਼ ਕੀਤੇ ਜਾਣ ਵਾਲੇ ਖਰੜੇ ’ਤੇ ਬਹਿਸ ਦਾ ਸੈਸ਼ਨ ਸ਼ੁਰੂ ਹੋ ਚੁੱਕਾ ਸੀ।




