ਮੁਹਾਲੀ (ਗੁਰਜੀਤ ਬਿੱਲਾ)-ਪੁਲਸ ਨੇ ਗੈਂਗਸਟਰ ਬੰਬੀਹਾ ਗਰੁੱਪ ਦੇ ਤਿੰਨ ਸਰਗਰਮ ਮੈਂਬਰਾਂ ਨੂੰ ਅਸਲੇ ਸਮੇਤ ਗਿ੍ਰਫ਼ਤਾਰ ਕੀਤਾ ਹੈ। ਐੱਸ ਐੱਸ ਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ’ਚ ਅਸਲਾ ਵੀ ਬਰਾਮਦ ਕੀਤਾ ਗਿਆ ਹੈ। ਫੜੇ ਜਾਣ ਵਾਲੇ ਸ਼ੂਟਰ ਗੁਰਜੰਟ ਸਿੰਘ ਜੰਟਾ, ਗੁਰਵਿੰਦਰ ਸਿੰਘ ਉਰਫ਼ ਗੁਰੀ ਅਤੇ ਗੌਤਮ ਕੁਮਾਰ ਹਨ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਹੀ ਵੱਖ-ਵੱਖ ਥਾਣਿਆਂ ਵਿੱਚ ਅਪਰਾਧਿਕ ਪਰਚੇ ਦਰਜ ਹਨ।
ਐੱਸ ਐੱਸ ਪੀ ਨੇ ਦੱਸਿਆ ਕਿ ਜੰਟਾ ਨੇ 30 ਜਨਵਰੀ ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਗੁਰਪ੍ਰੀਤ ਸਿੰਘ ਉਰਫ਼ ਗੋਪੀ, ਜੋ ਸਪੇਨ ਵਿਚ ਬੈਠਾ ਹੈ ਅਤੇ ਬੰਬੀਹਾ ਗੁਰੱਪ ਦਾ ਸਰਗਨਾ ਹੈ, ਦੇ ਕਹਿਣ ’ਤੇ ਘੜੂੰਆਂ ਯੂਨੀਵਰਸਿਟੀ ਦੇ ਸਾਹਮਣਿਓ ਬਰੀਜ਼ਾ ਕਾਰ ਖੋਹੀ ਸੀ। ਕਰੀਬ ਸੱਤ ਮਹੀਨੇ ਬਾਅਦ 8 ਜੁਲਾਈ ਨੂੰ ਜੰਟਾ ਦੇ ਸਾਥੀ ਬਰੀਜ਼ਾ ਕਾਰ ਅਤੇ 7 ਪਿਸਤੌਲਾਂ ਸਮੇਤ ਗਿ੍ਰਫ਼ਤਾਰ ਕੀਤੇ ਗਏ ਸਨ, ਜਦੋਂਕਿ ਜੰਟਾ ਭਗੌੜਾ ਚੱਲ ਰਿਹਾ ਸੀ। 29 ਅਗਸਤ ਨੂੰ ਜੰਟਾ ਨੇ ਸਾਥੀ ਪ੍ਰਗਟ ਸਿੰਘ ਨਾਲ ਮਿਲ ਕੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਅਤੇ ਭੁਪਿੰਦਰ ਸਿੰਘ ਭੂਪੀ ਰਾਣਾ ਦੇ ਕਹਿਣ ’ਤੇ ਹਿਮਾਚਲ ਦੇ ਨਾਲਾਗੜ੍ਹ ਅਦਾਲਤ ਕੰਪਲੈਕਸ ’ਚ ਬੰਬੀਹਾਂ ਗਰੁੱਪ ਨਾਲ ਸੰਬੰਧਤ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਛੁਡਾਉਣ ਲਈ ਫਾਇਰਿੰਗ ਕੀਤੀ ਅਤੇ ਬਾਅਦ ’ਚ ਉੱਥੋਂ ਭੱਜਣ ’ਚ ਸਫਲ ਹੋ ਗਏ। ਜੰਟਾ ਨੂੰ ਗਿ੍ਰਫ਼ਤਾਰ ਕਰਕੇ ਉਸ ਦੀ ਨਿਸ਼ਾਨਦੇਹੀ ’ਤੇ 30 ਬੋਰ ਦੇ ਤਿੰਨ ਅਤੇ 32 ਬੋਰ ਦੇ ਦੋ ਪਿਸਤੌਲ ਅਤੇ ਕੁਝ ਕਾਰਤੂਸ ਬਰਾਮਦ ਕੀਤੇ ਗਏ। ਗੁਰੀ ਵਾਸੀ ਬਡਾਲੀ (ਜ਼ਿਲ੍ਹਾ ਰੂਪਨਗਰ) ਅਤੇ ਗੌਤਮ ਕੁਮਾਰ ਵਾਸੀ ਨੇੜੇ ਸਬਜ਼ੀ ਮੰਡੀ ਕੁਰਾਲੀ ਕੋਲੋਂ 30 ਬੋਰ ਤੇ 32 ਬੋਰ ਦੇ ਦੋ ਪਿਸਤੌਲ ਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਗੁਰੀ ਅਤੇ ਗੌਤਮ ਜੰਟਾ ਦੇ ਸਾਥੀ ਹਨ ਅਤੇ ਇਹ ਸਾਰੇ ਬੰਬੀਹਾ ਗਰੁੱਪ ਲਈ ਕੰਮ ਕਰਦੇ ਹਨ।




