ਜਲੰਧਰ : ਦੇਸ਼ ਭਗਤ ਯਾਦਗਾਰ ਹਾਲ ‘ਚ ਜਿੱਥੇ ਗਦਰੀ ਬਾਬਾ ਸੋਹਣ ਸਿੰਘ ਭਕਨਾ ਮਿਊਜ਼ੀਅਮ ਨੂੰ ਮੌਲਿਕ ਤਸਵੀਰਾਂ, ਇਤਿਹਾਸਕ ਟੂਕਾਂ, ਇਤਿਹਾਸਕ ਵਸਤਾਂ ਨਾਲ ਸਜਾਇਆ ਅਤੇ ਨਵਿਆਇਆ ਜਾ ਰਿਹਾ ਹੈ, ਓਥੇ ਮਿਊਜ਼ੀਅਮ ਵਿੱਚ ਨਵੀਂ ਜ਼ਿੰਦਗੀ ਭਰਨ ਲਈ ਹੋਮ ਥੀਏਟਰ ਬਣਾਉਣ ਲਈ ਵੀ ਤਿਆਰੀਆਂ ਆਰੰਭ ਦਿੱਤੀਆਂ ਹਨ |
ਸੋਮਵਾਰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਖਜ਼ਾਨਚੀ ਰਣਜੀਤ ਸਿੰਘ ਔਲਖ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਤੋਂ ਇਲਾਵਾ ਲੋਕ ਪੱਖੀ ਦਸਤਾਵੇਜ਼ੀ ਫਿਲਮਾਂ ਅਤੇ ਕਲਾ ਜਗਤ ਨਾਲ ਜੁੜੀ ਪ੍ਰਤੀਬੱਧਤ ਸੰਸਥਾ, ‘ਪੀਪਲਜ਼ ਵਾਇਸ’ ਦੀ ਆਗੂ ਟੀਮ ਕੁਲਵਿੰਦਰ, ਅਰੁਣਦੀਪ ਅਤੇ ਡਾ. ਸੈਲੇਸ ਨੇ ਮਿਊਜ਼ੀਅਮ ਵਿੱਚ ਹੋਮ ਥੀਏਟਰ ਬਣਾਉਣ ਲਈ ਸਭਨਾਂ ਪੱਖਾਂ ਤੋਂ ਜਾਇਜਾ ਲਿਆ | ਵਿਸ਼ੇਸ਼ ਕਰਕੇ ਸਕਰੀਨ, ਲਾਈਟ ਐਂਡ ਸਾਊਾਡ, ਪ੍ਰੋਜੈਕਟਰ ਅਤੇ ਦਰਸ਼ਕ ਗੈਲਰੀ ਲਈ ਢੁਕਵੇਂ ਪ੍ਰਬੰਧ ਕਰਨ ਸੰਬੰਧੀ ਗੰਭੀਰ ਵਿਚਾਰ-ਚਰਚਾ ਕੀਤੀ |
ਉਹਨਾਂ ਦੱਸਿਆ ਕਿ ਪੰਜਾਬ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਲੋਕ-ਪੱਖੀ ਸੰਸਥਾਵਾਂ ਅਤੇ ਹਾਲ ਵਿਚ ਆਉਣ ਵਾਲੇ ਲੋਕਾਂ ਨੂੰ ਗਦਰ ਪਾਰਟੀ ਦੇ ਇਤਿਹਾਸ, ਵਿਚਾਰਧਾਰਾ, ਉਦੇਸ਼ਾਂ, ਉਸ ਦੀ ਪ੍ਰਸੰਗਿਕਤਾ ਅਤੇ ਉਹਨਾਂ ਦੇ ਅਧੂਰੇ ਕਾਜ ਨੇਪਰੇ ਚਾੜ੍ਹਨ ਲਈ ਸਾਡੇ ਫਰਜ਼ ਬਾਰੇ ਜਾਗਰੂਕ ਕਰਨ ਲਈ ਹੋਮ ਥੀਏਟਰ ਰਾਹੀਂ ਇਤਿਹਾਸਕ ਜਾਣਕਾਰੀ, ਫਿਲਮ ਸਕਰੀਨਿੰਗ ਅਤੇ ਹੋਰ ਢੁਕਵੀਆਂ ਸ਼ਕਲਾਂ ਰਾਹੀਂ ਮਿਊਜ਼ੀਅਮ ਵਿੱਚ ਆਉਣ ਵਾਲਿਆਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ |