ਅੱਜਕੱਲ੍ਹ ਆਧਾਰ ਕਾਰਡ ਬਹੁਤ ਜ਼ਰੂਰੀ ਦਸਤਾਵੇਜ਼ ਬਣ ਚੁੱਕਾ ਹੈ | ਕਈ ਸਰਕਾਰੀ ਤੇ ਗੈਰ-ਸਰਕਾਰੀ ਵਿਭਾਗਾਂ ਨਾਲ ਜੁੜੇ ਕੰਮਾਂ ਵਿਚ ਆਧਾਰ ਕਾਰਡ ਦਿਖਾਉਣਾ ਜ਼ਰੂਰੀ ਹੁੰਦਾ ਹੈ | ਬੈਂਕ ਖਾਤਾ ਖੁਲ੍ਹਵਾਉਣਾ ਹੋਵੇ ਜਾਂ ਹੋਟਲ ਵਿਚ ਕਮਰਾ ਬੁੱਕ ਕਰਾਉਣਾ ਹੋਵੇ, ਆਧਾਰ ਕਾਰਡ ਦੀ ਮੰਗ ਕੀਤੀ ਜਾਂਦੀ ਹੈ | ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂ ਆਈ ਡੀ ਏ ਆਈ) ਦੇ ਬੇਂਗਲੁਰੂ ਰਿਜਨਲ ਆਫਿਸ ਨੇ 27 ਮਈ ਨੂੰ ਖਬਰਦਾਰ ਕੀਤਾ ਕਿ ਲੋਕ ਕਿਸੇ ਵੀ ਸੰਸਥਾ ਨਾਲ ‘ਆਧਾਰ’ ਦੀ ਫੋਟੋ ਕਾਪੀ ਸ਼ੇਅਰ ਨਾ ਕਰਨ, ਇਸ ਦੀ ਦੁਰਵਰਤੋਂ ਹੋ ਸਕਦੀ ਹੈ | ਉਸਨੇ ਮਾਸਕਡ ਆਧਾਰ ਦੀ ਵਰਤੋਂ ਦੀ ਸਲਾਹ ਦਿੱਤੀ, ਕਿਉਂਕਿ ਮਾਸਕਡ ਆਧਾਰ ਵਿਚ ਤੁਹਾਡੇ 12 ਡਿਜਿਟਾਂ ਦੀ ਪੂਰੀ ਆਧਾਰ ਗਿਣਤੀ ਦਿਖਾਈ ਨਹੀਂ ਦਿੰਦੀ, ਸਿਰਫ ਆਖਰੀ 4 ਅੰਕ ਸ਼ੋਅ ਹੁੰਦੇ ਹਨ | ਇਹ ਮਾਸਕਡ ਆਧਾਰ ਯੂ ਆਈ ਡੀ ਏ ਆਈ ਦੀ ਆਫੀਸ਼ੀਅਲ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ | ਉਸ ਨੇ ਕਿਹਾ ਕਿ ਲੋਕ ਈ-ਆਧਾਰ ਡਾਊਨਲੋਡ ਕਰਨ ਲਈ ਇੰਟਰਨੈੱਟ ਕੈਫੇ/ਕਿਓਸਕ ਵਿਚ ਪਬਲਿਕ ਕੰਪਿਊਟਰ ਦੀ ਵਰਤੋਂ ਕਰਨ ਤੋਂ ਬਚਣ | ਜੇ ਕਰ ਵੀ ਲੈਂਦੇ ਹਨ ਤਾਂ ਯਕੀਨੀ ਬਣਾਉਣ ਕਿ ਈ-ਆਧਾਰ ਦੀਆਂ ਸਾਰੀਆਂ ਡਾਊਨਲੋਡ ਕੀਤੀਆਂ ਗਈਆਂ ਕਾਪੀਆਂ ਨੂੰ ਉਸ ਕੰਪਿਊਟਰ ਤੋਂ ਹਟਾ ਦੇਣ | ਅਥਾਰਟੀ ਨੇ ਚਿਤਾਵਨੀ ਦਿੱਤੀ ਕਿ ਸਿਰਫ ਉਹ ਸੰਗਠਨ, ਜਿਨ੍ਹਾਂ ਅਥਾਰਟੀ ਤੋਂ ਯੂਜ਼ਰ ਲਸੰਸ ਲਿਆ ਹੈ, ਹੀ ਆਈਡੈਂਟੀਫਿਕੇਸ਼ਨ ਲਈ ਆਧਾਰ ਦੀ ਵਰਤੋਂ ਕਰ ਸਕਦੇ ਹਨ | ਹੋਟਲ ਜਾਂ ਫਿਲਮ ਹਾਲ ਵਰਗੀਆਂ ਬਿਨਾਂ ਲਸੰਸ ਵਾਲੀਆਂ ਨਿੱਜੀ ਸੰਸਥਾਵਾਂ ਨੂੰ ਆਧਾਰ ਕਾਰਡ ਦੀ ਕਾਪੀ ਜਮ੍ਹਾਂ ਕਰਨ ਜਾਂ ਰੱਖਣ ਦੀ ਆਗਿਆ ਨਹੀਂ ਹੈ | ਇਹ ਆਧਾਰ ਕਾਨੂੰਨ 206 ਤਹਿਤ ਅਪਰਾਧ ਹੈ | ਜੇ ਕੋਈ ਨਿੱਜੀ ਸੰਸਥਾ ਆਧਾਰ ਕਾਰਡ ਦੇਖਣ ਦੀ ਮੰਗ ਕਰਦੀ ਜਾਂ ਆਧਾਰ ਕਾਰਡ ਦੀ ਫੋਟੋ ਕਾਪੀ ਮੰਗਦੀ ਹੈ ਤਾਂ ਤਸਦੀਕ ਕਰੋ ਕਿ ਉਸ ਕੋਲ ਅਥਾਰਟੀ ਤੋਂ ਮਾਨਤਾ ਪ੍ਰਾਪਤ ਯੂਜ਼ਰ ਲਸੰਸ ਹੈ ਜਾਂ ਨਹੀਂ | ਆਧਾਰ 12 ਡਿਜਿਟ ਦੀ ਪਛਾਣ ਗਿਣਤੀ ਹੈ | ਅਥਾਰਟੀ ਕੋਲ ਤੁਹਾਡਾ ਨਾਂਅ, ਪਤਾ, ਜਨਮ ਤਰੀਕ, ਜੈਂਡਰ, ਉਂਗਲੀਆਂ ਦੇ ਨਿਸ਼ਾਨ, ਪੁਤਲੀਆਂ ਦਾ ਸਕੈਨ, ਤੁਹਾਡੀ ਫੋਟੋ, ਮੋਬਾਈਲ ਨੰਬਰ ਤੇ ਈ-ਮੇਲ ਆਈ ਡੀ ਹੁੰਦੀ ਹੈ | ਅਥਾਰਟੀ ਦੀ ਵੈੱਬਸਾਈਟ ਤੋਂ ਡਾਊਨਲੋਡ ਈ-ਆਧਾਰ ਓਨਾ ਹੀ ਵੈਧ ਹੈ, ਜਿੰਨਾ ਅਸਲੀ ਆਧਾਰ ਹੁੰਦਾ ਹੈ | ਕੋਈ ਵੀ ਏਜੰਸੀ ਇਸ ਨੂੰ ਲੈਣ ਤੋਂ ਨਾਂਹ ਨਹੀਂ ਕਰ ਸਕਦੀ | ਜੇ ਕੋਈ ਕਰਦੀ ਹੈ ਤਾਂ ਉਸ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ | ਅਥਾਰਟੀ ਦੀ ਇਹ ਚਿਤਾਵਨੀ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਸੀ, ਪਰ ਕੇਂਦਰ ਸਰਕਾਰ ਨੇ 29 ਮਈ ਨੂੰ ਇਸ ਨੂੰ ਇਹ ਕਹਿੰਦਿਆਂ ਵਾਪਸ ਲੈ ਲਿਆ ਕਿ ਇਸ ਨਾਲ ਭੰਬਲਭੂਸਾ ਪੈਦਾ ਹੋ ਸਕਦਾ ਹੈ | ਸਰਕਾਰ ਦਾ ਕਹਿਣਾ ਹੈ ਕਿ ਆਧਾਰ ਸਿਸਟਮ ਵਿਚ ਇਸ ਦੇ ਧਾਰਕਾਂ ਦੀ ਸੁਰੱਖਿਆ ਦੇ ਸਾਰੇ ਪ੍ਰਬੰਧ ਹਨ | ਇਸ ਦੇ ਨਾਲ ਸਰਕਾਰ ਨੇ ਇਹ ਮੰਨਿਆ ਹੈ ਕਿ ਬੇਂਗਲੁਰੂ ਤੋਂ ਜਾਰੀ ਚਿਤਾਵਨੀ ਨੂੰ ਸਲਾਹ ਮੰਨਿਆ ਜਾਵੇ ਤੇ ਲੋਕ ਸਾਵਧਾਨੀ ਵਰਤਦੇ ਰਹਿਣ | ਹਾਲਾਂਕਿ ਸਰਕਾਰ ਨੇ ਕਿਸੇ ਭੰਬਲਭੂਸੇ ਦੀ ਸੰਭਾਵਨਾ ਨੂੰ ਖਤਮ ਕਰਨ ਲਈ ਨਵਾਂ ਹੁਕਮ ਜਾਰੀ ਕੀਤਾ ਹੈ, ਪਰ ਲੋਕਾਂ ਨੂੰ ਬੇਂਗਲੁਰੂ ਤੋਂ ਜਾਰੀ ਸਲਾਹ ਨੂੰ ਅਣਡਿੱਠ ਨਹੀਂ ਕਰਨਾ ਚਾਹੀਦਾ, ਕਿਉਂਕਿ ਉਸ ਨੇ ਕੁਝ ਸੋਚ-ਵਿਚਾਰ ਕੇ ਸਲਾਹ ਦਿੱਤੀ ਹੋਵੇਗੀ |