ਸੁਲਤਾਨਪੁਰ ਲੋਧੀ, (ਬਲਵਿੰਦਰ ਸਿੰਘ ਧਾਲੀਵਾਲ/ ਰਾਜਵੀਰ ਸਿੰਘ) -ਥਾਣਾ ਸੁਲਤਾਲਪੁਰ ਲੋਧੀ ਦੇ ਪਿੰਡ ਤਰਫ਼ਹਾਜੀ ਵਿਚ ਸ਼ਨੀਵਾਰ ਰਾਤ 60 ਸਾਲਾ ਬਜ਼ੁਰਗ ਹਰਬੰਸ ਕੌਰ ਨੂੰ ਮਾਰ ਦਿੱਤਾ ਗਿਆ। ਉਹ ਵਰਾਂਡੇ ’ਚ ਸੌਂ ਰਹੀ ਸੀ ਅਤੇ ਉਸ ਦਾ ਪੋਤਰਾ ਅਤੇ ਉਸ ਦੀ ਪਤਨੀ ਘਰ ਦੇ ਅੰਦਰ ਸੌਂ ਰਹੇ ਸਨ। ਅਚਾਨਕ ਰਾਤ ਕਰੀਬ 12 ਵਜੇ ਕੁਝ ਅਣਪਛਾਤੇ ਘਰ ’ਚ ਦਾਖ਼ਲ ਹੋਏ ਅਤੇ ਸਭ ਤੋਂ ਪਹਿਲਾਂ ਘਰ ਦੇ ਬਿਜਲੀ ਕੁਨੈਕਸ਼ਨ ਨੂੰ ਕੱਟ ਦਿੱਤਾ। ਇਸ ਤੋਂ ਬਾਅਦ ਬਜ਼ੁਰਗ ਔਰਤ ਦੇ ਹੱਥ-ਪੈਰ ਬੰਨ੍ਹ ਕੇ ਮੂੰਹ ’ਚ ਕੱਪੜਾ ਤੁੰਨ ਕੇ ਉਸ ਦੇ ਸਾਹ ਰੋਕ ਦਿੱਤੇ। ਇਸ ਦੌਰਾਨ ਮਹਿਲਾ ਦੀ ਮੌਤ ਹੋ ਗਈ।
ਹਤਿਆਰਿਆਂ ਨੇ ਵਰਾਂਡੇ ’ਚੋਂ ਘਰ ਦੇ ਅੰਦਰ ਦਾਖ਼ਲ ਹੋਣ ਲਈ ਦਰਵਾਜ਼ੇ ’ਤੇ ਲੱਗੀ ਚਿਟਕਣੀ ਉਖਾੜੀ, ਪਰ ਮਿ੍ਰਤਕਾ ਦੇ ਪੋਤਰੇ ਦੇ ਉੱਠਣ ਤੋਂ ਬਾਅਦ ਮੌਕਾ ਵੇਖ ਕੇ ਫਰਾਰ ਹੋ ਗਏ। ਬਜ਼ੁਰਗ ਔਰਤ ਦਾ ਪੁੱਤਰ 6 ਸਾਲ ਬਾਅਦ ਜਰਮਨੀ ’ਚ ਸੈਟਲ ਹੋਣ ਤੋਂ ਬਾਅਦ ਵਾਪਸ ਆਪਣੇ ਪਰਵਾਰ ਨੂੰ ਮਿਲਣ ਆ ਰਿਹਾ ਸੀ, ਜਿਸ ਨੂੰ ਅਜੇ ਇਹ ਸੂਚਨਾ ਨਹੀਂ ਦਿੱਤੀ ਗਈ।





