ਲਖਨਊ : ਯੂ ਪੀ ਦੇ ਕੈਸਰਗੰਜ ਤੋਂ ਭਾਜਪਾ ਲੋਕ ਸਭਾ ਮੈਂਬਰ ਬਿ੍ਰਜ ਭੂਸ਼ਣ ਸ਼ਰਨ ਸਿੰਘ ਨੇ ਆਪਣੀ ਹੀ ਪਾਰਟੀ ਦੀ ਸਰਕਾਰ ’ਤੇ ਵਰ੍ਹਦਿਆਂ ਕਿਹਾ ਹੈ ਕਿ ਮੀਂਹ ਤੇ ਹੜ੍ਹਾਂ ਦੌਰਾਨ ਲੋਕਾਂ ਨੂੰ ਰਾਮ ਭਰੋਸੇ ਛੱਡ ਦਿੱਤਾ ਹੈ। ਉਨ੍ਹਾਂ ਹੜ੍ਹਾਂ ਨੂੰ ਕੰਟਰੋਲ ਕਰਨ ਤੇ ਲੋਕਾਂ ਨੂੰ ਰਾਹਤ ਪਹੁੰਚਾਉਣ ਦੀ ਏਨੀ ਘਟੀਆ ਤਿਆਰੀ ਕਦੇ ਨਹੀਂ ਦੇਖੀ। ਆਪਣੇ ਹਲਕੇ ਦੇ ਹੜ੍ਹ ਪ੍ਰਭਾਵਤ ਪਿੰਡਾਂ ਦਾ ਵੀਰਵਾਰ ਦੌਰਾ ਕਰਨ ਵਾਲੇ ਛੇ ਵਾਰ ਦੇ ਸਾਂਸਦ ਸਿੰਘ ਦੀ ਸ਼ਨੀਵਾਰ ਵਾਇਰਲ ਹੋਈ ਵੀਡੀਓ ਵਿਚ ਉਹ ਕਹਿੰਦੇ ਸੁਣਾਈ ਦੇ ਰਹੇ ਹਨਮੈਨੇ ਅਪਨੇ ਜੀਵਨ ਮੇਂ ਇਤਨਾ ਖਰਾਬ ਇੰਤਜ਼ਾਮ ਨਹੀਂ ਦੇਖਾ ਬਾੜ੍ਹ ਕੇ ਪ੍ਰਤੀ। ਲੋਕਾਂ ਨੂੰ ਰਾਹਤ ਹਾਸਲ ਕਰਨ ਲਈ ਪਾਣੀ ਨਿਕਲਣ ਤੱਕ ਦੀ ਉਡੀਕ ਕਰਨੀ ਪਈ।
ਆਪਣੀਆਂ ਭਾਵਨਾਵਾਂ ਵੀ ਪ੍ਰਗਟ ਨਾ ਕਰ ਸਕਣ ਦੀ ਮਜਬੂਰੀ ਦਾ ਇਜ਼ਹਾਰ ਕਰਦਿਆਂ ਉਨ੍ਹਾ ਕਿਹਾਬੋਲਨਾ ਬੰਦ ਹੈ, ਸੁਨਨਾ ਹੀ ਹੈ ਕੇਵਲ, ਜਨ ਪ੍ਰਤੀਨਿਧੀਓਂ ਕੀ ਜ਼ੁਬਾਨ ਬੰਦ ਹੈ, ਬੋਲੋਗੇ, ਬਾਗੀ ਕਹਲਾਓਗੇ, ਸੁਝਾਓ ਦੋਗੇ, ਕੋਈ ਮਾਨੇਗਾ ਨਹੀਂ।
ਇਹ ਪੁੱਛੇ ਜਾਣ ’ਤੇ ਕਿ ਉਨ੍ਹਾ ਇਹ ਕਿਉ ਕਿਹਾ ਕਿ ਜਨ ਪ੍ਰਤੀਨਿਧ ਆਪਣੀ ਆਵਾਜ਼ ਨਹੀਂ ਉਠਾ ਸਕਦੇ, ਉਨ੍ਹਾ ਕਿਹਾਪਹਲੇ ਕਿਸੀ ਕੀ ਭੀ ਸਰਕਰਾ ਹੋ, ਚਾਹੇ ਐੱਸ ਪੀ ਕੀ ਹੋ, ਭਾਜਪਾ ਕੀ ਹੋ, ਕਾਂਗਰਸ ਕੀ ਹੋ, ਥੋੜ੍ਹਾ ਆਲੋਚਨਾ ਸੁਨ ਲੇਤੇ ਥੇ, ਅਬ ਆਲੋਚਨਾ ਨਹੀਂ ਸੁਨਨਾ ਚਾਹਤੇ, ਔਰ ਅਪਨੇ ਉਪਰ ਲੇ ਲੇਤੇ ਹੈਂ। ਅਗਰ ਵਿਵਸਥਾ ਪਰ ਸਵਾਲ ਆਪ ਉਠਾਤੇ ਹੈਂ ਤੋ ਉਸਕੋ ਪਰਸਨਲ ਲੇ ਲੇਤੇ ਹੈ, ਜੈਸੇ ਆਪ ਜਾਨ ਬੂਝਕਰ ਸਰਕਾਰ ਪਰ ਅਟੈਕ ਕਰ ਰਹੇ ਹੋਂ।
ਸਿੰਘ ਪੰਜ ਵਾਰ ਭਾਜਪਾ ਤੇ ਇਕ ਵਾਰ 2009 ਵਿਚ ਸਮਾਜਵਾਦੀ ਪਾਰਟੀ ਦੀ ਟਿਕਟ ’ਤੇ ਲੋਕ ਸਭਾ ਮੈਂਬਰ ਚੁਣੇ ਗਏ ਹਨ। ਉਹ ਗੋਂਡਾ ਤੇ ਬਲਰਾਮਪੁਰ ਹਲਕੇ ਦੀ ਨੁਮਾਇੰਦਗੀ ਵੀ ਕਰ ਚੁੱਕੇ ਹਨ। ਉਨ੍ਹਾ ਦਾ ਬੇਟਾ ਪ੍ਰਤੀਕ ਭੂਸ਼ਣ ਗੋਂਡਾ ਸਦਰ ਤੋਂ ਦੂਜੀ ਵਾਰ ਅਸੰਬਲੀ ਮੈਂਬਰ ਹੈ। ਸਿੰਘ ਕਰੀਬ 10 ਸਾਲ ਤੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਵੀ ਹਨ।



