ਨਵੀਂ ਦਿੱਲੀ : ਵਿਰੋਧੀ ਪਾਰਟੀ ਕਾਂਗਰਸ ਨੇ ਮੁੱਖ ਚੋਣ ਕਮਿਸ਼ਨਰ ਦੇ ਤੁਰੰਤ ਅਸਤੀਫ਼ੇ ਦੀ ਮੰਗ ਕਰਦਿਆਂ ਦੋਸ਼ ਲਗਾਇਆ ਹੈ ਕਿ ਭਾਜਪਾ ਨੇ ਚੋਣ ਕਮਿਸ਼ਨ ਨਾਲ ਮਿਲੀਭੁਗਤ ਕਰਕੇ ਪਿਛਲੀਆਂ ਚੋਣਾਂ ‘ਚੋਰੀ’ ਕੀਤੀਆਂ ਹਨ, ਜਿਨ੍ਹਾਂ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਅਤੇ ਕਈ ਵਿਧਾਨ ਸਭਾ ਚੋਣਾਂ ਸ਼ਾਮਲ ਹਨ | ਕਾਂਗਰਸ ਦੇ ਸੰਚਾਰ ਇੰਚਾਰਜ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦਿੱਲੀ ਵਿੱਚ ਪਾਰਟੀ ਹੈੱਡਕੁਆਰਟਰ ਵਿਖੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਉਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਚੋਣਾਂ ਲਈ ਵੋਟਰ ਸੂਚੀ ਵਿੱਚ ਗਲਤੀਆਂ ਸਾਹਮਣੇ ਆਉਣ ਤੋਂ ਬਾਅਦ ਦੇਸ਼ ਦੀਆਂ ਵੋਟਰ ਸੂਚੀਆਂ ਦੀ ਨਿਰਪੱਖ ਜਾਂਚ ਅਤੇ ਐੱਸ ਆਈ ਆਰ ਪ੍ਰਕਿਰਿਆ ਨੂੰ ਰੋਕਣ ਦੀ ਮੰਗ ਕੀਤੀ | ਇਹ ਵੀ ਕਿਹਾ ਕਿ ਚੋਣ ਕਮਿਸ਼ਨ ਸਾਫਟਵੇਅਰ ਨੂੰ ‘ਭਾਜਪਾ ਦੀ ਮਦਦ ਕਰਨ ਲਈ ਰਚੀ ਗਈ ਇੱਕ ਪਹਿਲਾਂ ਤੋਂ ਸੋਚੀ-ਸਮਝੀ ਸਾਜ਼ਿਸ਼’ ਲਈ ਦੋਸ਼ੀ ਨਹੀਂ ਠਹਿਰਾ ਸਕਦਾ ਅਤੇ ਇਹ ਅਸਵੀਕਾਰਨਯੋਗ ਹੈ, ਕਿਉਂਕਿ ਵੋਟਰ ਸੂਚੀਆਂ ਦੀ ਸ਼ੁਧਤਾ ਨੂੰ ਸਾਫਟਵੇਅਰ ਦੇ ਰਹਿਮ ‘ਤੇ ਛੱਡਿਆ ਜਾ ਰਿਹਾ ਹੈ | ਵਿਰੋਧੀ ਪਾਰਟੀ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ ਤੇ ਦੋਸ਼ ਲਗਾਇਆ ਕਿ ਭਾਜਪਾ ਨੇ ਚੋਣ ਕਮਿਸ਼ਨ ਨਾਲ ਮਿਲੀਭੁਗਤ ਕਰਕੇ 2024 ਦੀਆਂ ਆਮ ਚੋਣਾਂ ਅਤੇ ਕਈ ਵਿਧਾਨ ਸਭਾ ਚੋਣਾਂ ਸਮੇਤ ਪਿਛਲੀਆਂ ਚੋਣਾਂ ‘ਚੋਰੀ’ ਕੀਤੀਆਂ ਹਨ | ਸਾਡੀ ਸਪੱਸ਼ਟ ਮੰਗ ਹੈ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੁਰੰਤ ਅਸਤੀਫ਼ਾ ਦੇਣ ਅਤੇ ਭਾਜਪਾ ਨੂੰ ਲਾਭ ਪਹੁੰਚਾਉਣ ਦੇ ਇਰਾਦੇ ਨਾਲ ਚਲਾਈ ਜਾ ਰਹੀ ਇਸ ਜਾਲ੍ਹੀ ਐੱਸ ਆਈ ਆਰ ਪ੍ਰਕਿਰਿਆ ‘ਤੇ ਤੁਰੰਤ ਰੋਕ ਲਗਾਈ ਜਾਵੇ | ਜੈਰਾਮ ਰਮੇਸ਼ ਨੇ ਕਿਹਾ ਕਿ ਵੋਟਰ ਸੂਚੀ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਪੂਰੀ ਮਸ਼ੀਨ-ਪੜ੍ਹਨਯੋਗ ਡੇਟਾ ਜਨਤਕ ਕੀਤਾ ਜਾਣਾ ਚਾਹੀਦਾ ਹੈ ਅਤੇ ਹਰੇਕ ਯੋਗ ਨਾਗਰਿਕ ਦੇ ਵੋਟਿੰਗ ਅਧਿਕਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ |





