ਵਾਰਾਨਸੀ ‘ਚ ਭਾਜਪਾ ਨੂੰ ਗੋਲ ਆਂਡਾ

0
7

ਵਾਰਾਨਸੀ : ਸਮਾਜਵਾਦੀ ਪਾਰਟੀ (ਸਪਾ) ਨੇ ਵਾਰਾਨਸੀ ਡਵੀਜ਼ਨ ਦੀਆਂ ਦੋਵੇਂ ਵਿਧਾਨ ਪ੍ਰੀਸ਼ਦ (ਐੱਮ ਐੱਲ ਸੀ) ਸੀਟਾਂ ਆਪਣੇ ਨਾਂਅ ਕਰਕੇ ਭਾਜਪਾ ਨੂੰ ਵੱਡਾ ਸਿਆਸੀ ਝਟਕਾ ਦਿੱਤਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਸਭਾ ਹਲਕੇ ਵਿੱਚ ਭਾਜਪਾ ਲਈ ਇਹ ਹਾਰ ਸਿਆਸੀ ਪੱਖੋਂ ਕਾਫੀ ਅਹਿਮ ਮੰਨੀ ਜਾ ਰਹੀ ਹੈ | ਵਾਰਾਣਸੀ ਅਧਿਆਪਕ ਹਲਕੇ ਤੋਂ ਸਪਾ ਉਮੀਦਵਾਰ ਲਾਲ ਬਿਹਾਰੀ ਯਾਦਵ ਨੇ ਆਪਣੀ ਸੀਟ ਬਰਕਰਾਰ ਰੱਖੀ ਹੈ ਜਦਕਿ ਗ੍ਰੈਜੂਏਟ ਹਲਕੇ ਤੋਂ ਮੌਜੂਦਾ ਸਪਾ ਐੱਮ ਐੱਲ ਸੀ ਆਸ਼ੂਤੋਸ਼ ਸਿਨਹਾ ਨੇ ਭਾਜਪਾ ਉਮੀਦਵਾਰ ਕੇਦਾਰਨਾਥ ਸਿੰਘ ਨੂੰ ਕਰਾਰੀ ਮਾਤ ਦਿੱਤੀ | ਕੇਦਾਰਨਾਥ ਸਿੰਘ ਨੇ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਪਹਿਲਾਂ ਹੀ ਫੇਸਬੁੱਕ ‘ਤੇ ਪੋਸਟ ਪਾ ਕੇ ਆਪਣੀ ਹਾਰ ਸਵੀਕਾਰ ਕਰ ਲਈ |
ਵਾਰਾਣਸੀ ਨਾ ਸਿਰਫ ਪ੍ਰਧਾਨ ਮੰਤਰੀ ਦਾ ਲੋਕ ਸਭਾ ਹਲਕਾ ਹੈ, ਸਗੋਂ ਇਹ ਪਾਰਟੀ ਦਾ ਪ੍ਰਮੁੱਖ ਵਿਚਾਰਧਾਰਕ ਅਤੇ ਸਿਆਸੀ ਗੜ੍ਹ ਵੀ ਮੰਨਿਆ ਜਾਂਦਾ ਹੈ | ਦੋਵੇਂ ਐੱਮ ਐੱਲ ਸੀ ਸੀਟਾਂ ਜਿੱਤਣ ਨਾਲ ਸਮਾਜਵਾਦੀ ਪਾਰਟੀ ਨੇ ਖਿੱਤੇ ਦੇ ਅਧਿਆਪਕਾਂ ਅਤੇ ਪੜ੍ਹੇ-ਲਿਖੇ ਗ੍ਰੈਜੂਏਟ ਵੋਟਰਾਂ ਦਰਮਿਆਨ ਆਪਣੀ ਮਜ਼ਬੂਤ ਪਕੜ ਦਾ ਸਬੂਤ ਦਿੱਤਾ ਹੈ | ਭਾਜਪਾ ਨੂੰ ਇਹ ਹਾਰ ਉਸ ਵੇਲੇ ਝੱਲਣੀ ਪਈ ਹੈ ਜਦੋਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਇਨ੍ਹਾਂ ਚੋਣਾਂ ਵਿੱਚ ਪੂਰੀ ਤਾਕਤ ਝੋਕੀ ਹੋਈ ਸੀ ਅਤੇ ਜ਼ੋਰਦਾਰ ਪ੍ਰਚਾਰ ਮੁਹਿੰਮ ਚਲਾਈ ਗਈ ਸੀ | ਉੱਧਰ ਇੱਕ ਬੇਹੱਦ ਫਸਵੇਂ ਅਤੇ ਦਿਲਚਸਪ ਮੁਕਾਬਲੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਐੱਮ ਐੱਲ ਸੀ ਅਭਿਜੀਤ ਵਣਜਾਰੀ ਨੇ ਭਾਜਪਾ ਉਮੀਦਵਾਰ ਨੂੰ 3,271 ਵੋਟਾਂ ਦੇ ਫਰਕ ਨਾਲ ਹਰਾ ਕੇ ਨਾਗਪੁਰ ਡਵੀਜ਼ਨ ਗ੍ਰੈਜੂਏਟਸ (ਗ੍ਰੈਜੂਏਟ ਹਲਕੇ) ਦੀ ਸੀਟ ‘ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੈ |
ਮੰਗਲਵਾਰ ਸਵੇਰ ਤੋਂ ਸ਼ੁਰੂ ਹੋਈ ਵੋਟਾਂ ਦੀ ਗਿਣਤੀ ਦਾ ਅਮਲ ਵੀਰਵਾਰ ਤੜਕੇ ਜਾ ਕੇ ਮੁਕੰਮਲ ਹੋਇਆ | ਇਹ ਹਾਰ ਭਾਜਪਾ ਲਈ ਇਸ ਕਰਕੇ ਵੱਡਾ ਸਿਆਸੀ ਝਟਕਾ ਹੈ ਕਿਉਂਕਿ ਨਾਗਪੁਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਗ੍ਰਹਿ ਖੇਤਰ ਹੈ ਅਤੇ ਦੋਵਾਂ ਆਗੂਆਂ ਨੇ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਜ਼ੋਰਦਾਰ ਚੋਣ ਪ੍ਰਚਾਰ ਕੀਤਾ ਸੀ |