ਅੱਜ ਜੋਸ਼ੋ-ਖਰੋਸ਼ ਨਾਲ ਸ਼ੁਰੂ ਹੋਏਗਾ ‘ਮੇਲਾ ਗ਼ਦਰੀ ਬਾਬਿਆਂ ਦਾ’

0
4

ਜਲੰਧਰ (ਕੇਸਰ)
ਦੇਸ਼ ਭਗਤ ਯਾਦਗਾਰ ਹਾਲ ਦਾ ਮਨਮੋਹਕ ਦਿ੍ਸ਼, ਮੇਲੇ ‘ਚ ਸਜੇ ਪੰਡਾਲ, ਝੰਡੇ ਦੇ ਗੀਤ ਸਮੇਤ ਹਾਲ ਵਿੱਚ ਚੱਲ ਰਹੀਆਂ ਵੰਨ-ਸੁਵੰਨੀਆਂ ਕਲਾ-ਕਿਰਤਾਂ ਦੀਆਂ ਤਿਆਰੀਆਂ ‘ਚ ਗ਼ਦਰੀ, ਬੱਬਰ ਅਕਾਲੀ, ਕਾਕੋਰੀ ਕਾਂਡ ਅਤੇ ਨੌਜਵਾਨ ਭਾਰਤ ਸਭਾ ਦੇ ਇਤਿਹਾਸ ਦੀਆਂ ਪ੍ਰਭਾਵਸ਼ਾਲੀ ਝਲਕਾਂ ਲੋਕਾਂ ਨੂੰ ਅਜੋਕੀਆਂ ਚੁਣੌਤੀਆਂ ਨਾਲ ਜੂਝਣ ਦੀ ਪ੍ਰੇਰਨਾ ਦੇਣਗੀਆਂ | ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ ਨੂੰ ਸਮਰਪਤ ਮੇਲੇ ‘ਚ ਬੱਬਰਾਂ ਦੇ ਪਿੰਡਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਏਗਾ | ਬੱਬਰਾਂ ਦੇ ਪਿੰਡਾਂ ਵੱਲੋਂ ਮੇਲੇ ਦੇ ਲੰਗਰ ਲਈ ਰਾਸ਼ਨ ਲੈ ਕੇ ਜੱਥਿਆਂ ਦੇ ਜੱਥੇ ਪੁੱਜ ਰਹੇ ਹਨ | ਚਿੱਤਰਕਲਾ, ਫੋਟੋ ਕਲਾ, ਪੁਸਤਕ ਪ੍ਰਦਰਸ਼ਨੀ ਅਤੇ ਪੈਨਲ ਵਿਚਾਰ-ਚਰਚਾ ਨਾਲ 30 ਅਕਤੂਬਰ 2 ਵਜੇ ਤੋਂ ਸ਼ਮ੍ਹਾਂ ਰੌਸ਼ਨ ਕਰਕੇ ਸ਼ੁਰੂ ਹੋਣ ਵਾਲਾ ਮੇਲਾ ਲੋਕਾਂ ਦੇ ਚੇਤਿਆਂ ਦੀ ਪਟਾਰੀ ‘ਚ ਅਭੁੱਲ ਯਾਦ ਬਣੇਗਾ |
31 ਅਕਤੂਬਰ ਨੂੰ ਕੁਇਜ਼, ਪੇਂਟਿੰਗ ਮੁਕਾਬਲਾ, ਦੁਪਹਿਰ ਵੇਲੇ ਤਰਕਸ਼ੀਲ ਵਿਗਿਆਨਕ ਚੇਤਨਾ ਦੀ ਲੋਅ ਵੰਡਦੀਆਂ ਕਲਾ-ਕਿਰਤਾਂ ਤੋਂ ਇਲਾਵਾ ਨਾਮਵਰ ਵਿਦਵਾਨ ਪ੍ਰਜੌਏ ਗੁਹਾ ਠਾਕੁਰਤਾ ਮੁਲਕ ਦੇ ਚਰਚਿਤ ਸੁਆਲਾਂ ਨੂੰ ਮੁਖ਼ਾਤਿਬ ਹੋਣਗੇ | ਸ਼ਾਮ 4 ਵਜੇ ਪੁਸਤਕ ਲੋਕ ਅਰਪਣ ਸਮਾਗਮ ਅਤੇ ਕਵੀ ਦਰਬਾਰ ਠੀਕ 7 ਵਜੇ ਦਸਤਾਵੇਜ਼ੀ ਫ਼ਿਲਮ ‘ਚੜ੍ਹਦੀ ਕਲਾ’ (ਦਿੱਲੀ ਕਿਸਾਨ ਮੋਰਚੇ ਬਾਰੇ) ਨਕੁਲ ਸਾਹਨੀ ਦੀ ਨਿਰਦੇਸ਼ਨਾ ‘ਚ ਪੇਸ਼ ਕਰੇਗਾ ‘ਪੀਪਲਜ਼ ਵਾਇਸ’ | ਪਹਿਲੀ ਨਵੰਬਰ ਕਮੇਟੀ ਮੈਂਬਰ ਦਰਸ਼ਨ ਖਟਕੜ ਝੰਡਾ ਲਹਿਰਾਉਣ ਉਪਰੰਤ ਵਿਚਾਰ ਸਾਂਝੇ ਕਰਨਗੇ | ਅਮੋਲਕ ਸਿੰਘ ਦੀ ਰਚਨਾ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ‘ਚ ਦੋ ਦਰਜਨ ਨਾਟਕ ਮੰਡਲੀਆਂ ਦੇ 100 ਕਲਾਕਾਰ ਪੇਸ਼ ਕਰਨਗੇ ਸੰਗੀਤ ਨਾਟ-ਓਪੇਰਾ ‘ਬਦਲ ਦਿਓ ਸਮਾਜ’ | ਨਾਮਵਰ ਵਿਦਵਾਨ, ਜਮਹੂਰੀ ਹੱਕਾਂ ਦੀ ਸਿਰਕੱਢ ਆਗੂ ਅਤੇ ਰੰਗਕਰਮੀ ਡਾ. ਨਵਸ਼ਰਨ ਸਮੇਂ ਦੇ ਮਘਦੇ ਸੁਆਲਾਂ ਬਾਰੇ ਵਿਚਾਰ ਪੇਸ਼ ਕਰਨਗੇ | ਪਹਿਲੀ ਨਵੰਬਰ ਦਿਨ ਦੇ ਸਮਾਗਮ ‘ਚ ਏਕੱਤਰ ਚੰਡੀਗੜ੍ਹ ਸਕੂਲ ਆਫ਼ ਡਰਾਮਾ ਵੱਲੋਂ ਗੁਰਸ਼ਰਨ ਭਾਅ ਜੀ ਦਾ ਨਾਟਕ ਪੇਸ਼ ਕਰਨਗੇ ‘ਤਮਾਸ਼ਾ-ਏ-ਹਿੰਦੋਸਤਾਨ’ | ਪਹਿਲੀ ਨਵੰਬਰ ਸਾਰੀ ਰਾਤ ਭੰਡ, ਨਾਟਕ, ਗੀਤ-ਸੰਗੀਤ ਅਤੇ ਹੋਰ ਬਹੁਤ ਕੁਝ ਨਵਾਂ ਨਵੇਲਾ ਹੋਏਗਾ, ਜਿਸ ਵਿੱਚ ਕਰਾਂਤੀਪਾਲ, ਹਰਕੇਸ਼ ਚੌਧਰੀ, ਕੇਵਲ ਧਾਲੀਵਾਲ, ਅਨੀਤਾ ਸ਼ਬਦੀਸ਼ ਨਾਟਕਾਂ ਦਾ ਰੰਗ ਭਰਨਗੇ | ਮੇਲੇ ‘ਚ ਲੱਗਣ ਵਾਲੀ ਪੁਸਤਕ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਏਗੀ |