ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
‘ਵੋਟ ਚੋਰੀ’ ਖਿਲਾਫ ‘ਇੰਡੀਆ’ ਗੱਠਜੋੜ ਵੱਲੋਂ ਐਤਵਾਰ ਕੌਮੀ ਰਾਜਧਾਨੀ ‘ਚ ਕੀਤੀ ਗਈ ਰੈਲੀ ‘ਚ ਦੇਸ਼-ਭਰ ਵਿੱਚੋਂ ਲੱਖਾਂ ਲੋਕ ਪੁੱਜੇ ਤੇ ਰਾਮਲੀਲ੍ਹਾ ਮੈਦਾਨ ਛੋਟਾ ਪੈ ਗਿਆ | ਇਕੱਠ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਸਪੱਸ਼ਟ ਸੁਨੇਹਾ ਦਿੱਤਾ ਕਿ ਲੋਕ ਸੰਵਿਧਾਨ ਨੂੰ ਤਬਾਹ ਨਹੀਂ ਹੋਣ ਦੇਣਗੇ ਤੇ ਤਾਨਾਸ਼ਾਹੀ ਕਤਈ ਬਰਦਾਸ਼ਤ ਨਹੀਂ ਕਰਨਗੇ |
ਰਾਹੁਲ ਗਾਂਧੀ ਨੇ ਕਿਹਾ, ‘ਦੇਸ਼ ਬੋਲ ਰਿਹਾ ਹੈ ਕਿ ਅਸੀਂ ਲੋਕਤੰਤਰ ਨੂੰ ਖਤਮ ਨਹੀਂ ਹੋਣ ਦੇਵਾਂਗੇ, ਸੰਵਿਧਾਨ ਨੂੰ ਤਬਾਹ ਨਹੀਂ ਹੋਣ ਦੇਵਾਂਗੇ | ਇਹ ਕਿਸੇ ਇੱਕ ਪਾਰਟੀ ਜਾਂ ਨੇਤਾ ਦੀ ਆਵਾਜ਼ ਨਹੀਂ ਹੈ; ਇਹ ਭਾਰਤ ਦੇ ਨੌਜਵਾਨਾਂ, ਔਰਤਾਂ, ਕਿਸਾਨਾਂ, ਮਜ਼ਦੂਰਾਂ ਦੀ ਆਵਾਜ਼ ਹੈ |’ ਉਨ੍ਹਾ ਕਿਹਾ ਕਿ ਗਿਆਨੇਸ਼ ਕੁਮਾਰ ਨੂੰ ਮੁੱਖ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ, ਉਹ ਜੇਲ੍ਹ ਜਾਣਗੇ | ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ, ‘ਗਿਆਨੇਸ਼ ਕੁਮਾਰ ਤੋਂ ਬਾਅਦ ਅਸੀਂ ਤੁਹਾਡੇ ਲਈ ਆ ਰਹੇ ਹਾਂ’, ਇਹ ਸੰਕੇਤ ਦਿੰਦੇ ਹੋਏ ਕਿ ਵਿਰੋਧੀ ਧਿਰ ਕੇਂਦਰ ਵਿਰੁੱਧ ਆਪਣੀ ਲੜਾਈ ਜਾਰੀ ਰੱਖੇਗੀ | ਰਾਹੁਲ ਗਾਂਧੀ ਨੇ ਕਿਹਾ, ‘ਅਮਿਤ ਸ਼ਾਹ ਨੇ ਕਿਹਾ ਸੀ ਕਿ ਨਰਿੰਦਰ ਮੋਦੀ ਕਿਤੇ ਨਹੀਂ ਜਾ ਰਹੇ | ਮੈਂ ਉਨ੍ਹਾ ਨੂੰ ਦੱਸਣਾ ਚਾਹੁੰਦਾ ਹਾਂ ਕਿ ਨਰਿੰਦਰ ਮੋਦੀ ਕਿਤੇ ਨਹੀਂ ਜਾ ਸਕਦੇ | ਜੇ ਉਹ ਜਾਣਾ ਵੀ ਚਾਹੁਣ ਤਾਂ ਅਸੀਂ ਉਨ੍ਹਾ ਨੂੰ ਜਾਣ ਨਹੀਂ ਦਿਆਂਗੇ | ਨਰਿੰਦਰ ਮੋਦੀ ਅਤੇ ਅਮਿਤ ਸ਼ਾਹ, ਇਹ ਗੱਲ ਸਮਝ ਲਓ ਕਿ ਤੁਸੀਂ ਜੋ ਵੋਟ ਚੋਰੀ ਕੀਤੀ ਹੈ, ਉਸ ਲਈ ਤੁਹਾਡੇ ਅਤੇ ਨਰਿੰਦਰ ਮੋਦੀ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ | ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਭਵਿੱਖ ਵਿੱਚ ਉਨ੍ਹਾ ਦੇ ਅਹੁਦੇ ਤੋਂ ਹਟਾ ਕੇ ਦੇਸ਼ਧ੍ਰੋਹ ਦੇ ਦੋਸ਼ ਹੇਠ ਜੇਲ੍ਹ ਭੇਜਿਆ ਜਾਵੇਗਾ |’ ਆਰ ਜੇ ਡੀ ਆਗੂ ਤੇਜਸਵੀ ਯਾਦਵ ਨੇ ਟੀ ਸੀ ਐੱਸ ਅਤੇ ਸੀਮਾ ਖੰਨਾ ਨਾਲ ਜੁੜੇ ਕਥਿਤ ਸਾਫਟਵੇਅਰ ਪ੍ਰਬੰਧ ‘ਤੇ ਸਵਾਲ ਉਠਾਏ | ਉਨ੍ਹਾ ਪੁੱਛਿਆ ਕਿ ਕੀ ਟੀ ਸੀ ਐੱਸ ਸਾਫਟਵੇਅਰ ਲਈ ਟੈਂਡਰ ਜਾਰੀ ਕੀਤਾ ਗਿਆ ਸੀ ਅਤੇ ਸੰਬੰਧਤ ਦਸਤਾਵੇਜ਼ਾਂ ਦੇ ਖੁਲਾਸੇ ਦੀ ਮੰਗ ਕੀਤੀ | ਉਨ੍ਹਾ ਆਰ ਐੱਸ ਐੱਸ ‘ਤੇ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਦੀ ਘਾਟ ਦੇ ਬਾਵਜੂਦ ਦੂਜਿਆਂ ਦੀ ਦੇਸ਼ ਭਗਤੀ ‘ਤੇ ਸਵਾਲ ਉਠਾਉਣ ਦਾ ਦੋਸ਼ ਵੀ ਲਗਾਇਆ | ਸੰਵਿਧਾਨਕ ਸੰਸਥਾਵਾਂ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾ ਕਿਹਾ ਕਿ ਉਹ ਨਿਆਂ ਨਹੀਂ ਦੇ ਰਹੀਆਂ, ਸਗੋਂ ਸਰਕਾਰ ਦੇ ਇਸ਼ਾਰੇ ‘ਤੇ ਕੰਮ ਕਰ ਰਹੀਆਂ ਹਨ |
ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਬੰਗਾਲ ਐੱਸ ਆਈ ਆਰ ਦਾ ਸ਼ਿਕਾਰ ਹੋਇਆ | ਉਨ੍ਹਾ ਕਿਹਾ, ‘ਉਨ੍ਹਾਂ ਨੇ ਬੰਗਾਲ ਨੂੰ ਲੁੱਟਿਆ, ਅਸੀਂ ਦਿੱਲੀ ਵਿੱਚ ਲੋਕਤੰਤਰ ਬਹਾਲ ਕਰਾਂਗੇ | ਅਸੀਂ ਲੋਕਤੰਤਰ ਨਾਲ ਬਦਲਾ ਲਵਾਂਗੇ | ਭਾਜਪਾ ਨੂੰ ਜਾਣਾ ਪਵੇਗਾ | ਮੈਂ ਸੀ ਜੇ ਪੀ ਲੀਡਰਸ਼ਿਪ ਅਤੇ ਜਨਰਲ ਜ਼ੈੱਡ ਨਾਲ ਉਨ੍ਹਾਂ ਦੀ ਏਕਤਾ, ਸਮਰਥਨ ਅਤੇ ਲੜਾਈ ਦੀ ਭਾਵਨਾ ਲਈ ਇਕਜੁੱਟਤਾ ਪ੍ਰਗਟ ਕਰ ਰਹੀ ਹਾਂ |’ ਐੱਸ ਆਈ ਆਰ (ਸਪੈਸ਼ਲ ਇੰਟੈਸਿਵ ਰਿਵੀਜ਼ਨ) ਅਭਿਆਸ ‘ਤੇ ਵਿਅੰਗ ਕੱਸਦੇ ਹੋਏ ਬੈਨਰਜੀ ਨੇ ਇਸ ਨੂੰ ਭਾਜਪਾ ਵਰਗੀ ਪਾਰਟੀ ਲਈ ਸਪੈਸ਼ਲ ਇੰਟੈਸਿਵ ਰਿਲੀਫ ਦੱਸਿਆ |
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾ ਪੁੱਛਿਆ, ‘ਵੈਨੀਸ਼ ਕੁਮਾਰ ਜੀ, ਤੁਸੀਂ ਕਦੋਂ ਗਾਇਬ ਹੋਵੋਗੇ? ਅਸੀਂ ਉਡੀਕ ਕਰ ਰਹੇ ਹਾਂ |’ ਉਨ੍ਹਾ ਇੱਕ ਮਸ਼ਹੂਰ ਨਰਸਰੀ ਤੁਕਬੰਦੀ ਦੀ ਵਰਤੋਂ ਕੀਤੀ ਅਤੇ ਇਸ ਨੂੰ ਚੋਣ ਕਮਿਸ਼ਨ ਦੇ ਵਿਰੁੱਧ ਇੱਕ ਗੀਤ ਵਿੱਚ ਬਦਲ ਦਿੱਤਾ : ਵੋਟ ਚੋਰੀ, ਹਾਂ ਪਾਪਾ; ਲੋਕਤੰਤਰ ਚੋਰੀ, ਹਾਂ ਪਾਪਾ; ਲੂਟ ਕੀਆ, ਭਾਜਪਾ ਪਾਪਾ; ਪਰਦੇ ਕੇ ਪੀਛੇ ਕੌਨ, ਭਾਜਪਾ ਪਾਪਾ | ਮਮਤਾ ਨੇ ਅੱਗੇ ਕਿਹਾ, ‘ਭਾਰਤ ਬਚਾਓ, ਲੋਕਤੰਤਰ ਬਚਾਓ | ਜਨਰਲ ਜ਼ੈੱਡ, ਨੌਜਵਾਨ ਅਤੇ ਸੀ ਜੇ ਪੀ, ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕੋਈ ਰੰਗ ਨਹੀਂ ਹੁੰਦਾ, ਕੋਈ ਧਰਮ ਨਹੀਂ ਹੁੰਦਾ | ਸਾਰੀਆਂ ਜਾਤਾਂ, ਸਾਰੇ ਭਾਈਚਾਰੇ, ਸਾਰੇ ਕਮਿਊਨਿਸਟ, ਆਓ ਭਾਜਪਾ ਨੂੰ ਹਰਾਉਣ ਲਈ ਇਕੱਠੇ ਲੜੀਏ |’ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਕੇਂਦਰ ਸਮੇਤ ਦੇਸ਼ ਵਿੱਚ ਕਈ ਭਾਜਪਾ ਸਰਕਾਰਾਂ ਚੋਰੀ ਕੀਤੇ ਫਤਵੇ ‘ਤੇ ਬਣੀਆਂ ਹਨ | ਲੋਕਤੰਤਰ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਤਾ ਤੋਂ ਹਟਾਉਣਾ ਜ਼ਰੂਰੀ ਹੈ | ਜੇ ਗਿਆਨੇਸ਼ ਰੂਪੋਸ਼ ਵੀ ਹੋ ਜਾਂਦਾ ਹੈ ਤਾਂ ਉਹ ਉਸ ਨੂੰ ਲੱਭ ਲੈਣਗੇ |
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਜਪਾ ਸਿਰਫ ਆਪਣੇ ਮੈਂਬਰਾਂ ਨੂੰ ਹੀ ਵੋਟਰ ਅਤੇ ਭਾਰਤ ਦੇ ਨਾਗਰਿਕ ਬਣਾਉਣਾ ਚਾਹੁੰਦੀ ਹੈ |
ਯਾਦਵ ਨੇ ਕਿਹਾ ਕਿ ਭਾਜਪਾ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਯੂ ਪੀ ਵਿੱਚ 1.27 ਕਰੋੜ ਹਿੰਦੂ ਵੋਟਾਂ ਕੱਟੀਆਂ ਗਈਆਂ ਹਨ | ਇੰਡੀਆ ਬਲਾਕ ਦੀ ਆਵਾਜ਼ ਨੇ ਭਾਜਪਾ ਨੂੰ ਅਹਿਸਾਸ ਕਰਵਾਇਆ ਹੈ ਕਿ ਉਸ ਦੀਆਂ ਆਪਣੀਆਂ ਵੋਟਾਂ ਵੀ ਕੱਟੀਆਂ ਜਾ ਰਹੀਆਂ ਹਨ | ਭਾਜਪਾ ਦੇ ‘ਡਬਲ-ਇੰਜਣ ਸਰਕਾਰ’ ਦੇ ਨਾਅਰੇ ‘ਤੇ ਚੁਟਕੀ ਲੈਂਦੇ ਹੋਏ ਯਾਦਵ ਨੇ ਕਿਹਾ ਕਿ ਕਾਸ਼ੀ ਦੇ ਲੋਕਾਂ ਨੇ ਪਾਰਟੀ ਨੂੰ ‘ਡਬਲ ਜ਼ੀਰੋ’ ਦਿੱਤਾ ਹੈ |
ਇੰਡੀਆ ਬਲਾਕ ਦੇ ਨੇਤਾ ਮਿੰਟੋ ਰੋਡ-ਕਨਾਟ ਪਲੇਸ ਜੰਕਸ਼ਨ ਤੋਂ ਰਾਮਲੀਲ੍ਹਾ ਮੈਦਾਨ ਵੱਲ ਇੱਕ ਖੁੱਲ੍ਹੀ ਗੱਡੀ ਵਿੱਚ ਗਏ | ਗੱਡੀ ਵਿੱਚ ਰਾਹੁਲ ਗਾਂਧੀ, ਪਿ੍ਅੰਕਾ ਗਾਂਧੀ, ਅਖਿਲੇਸ਼ ਯਾਦਵ, ਮਮਤਾ ਬੈਨਰਜੀ ਤੇ ਅਭਿਸ਼ੇਕ ਬੈਨਰਜੀ, ਸੀ ਪੀ ਆਈ ਦੇ ਜਨਰਲ ਸਕੱਤਰ ਡੀ ਰਾਜਾ, ਸੀ ਪੀ ਆਈ (ਐੱਮ) ਦੇ ਜਨਰਲ ਸਕੱਤਰ ਐੱਮ ਏ ਬੇਬੀ, ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ, ਫਾਰੂਕ ਅਬਦੁੱਲਾ, ਮਹਿਬੂਬਾ ਮੁਫਤੀ ਤੇ ਹੋਰ ਆਗੂ ਮੌਜੂਦ ਸਨ |



