ਰੂਹੁੱਲਾ ਮੇਹਦੀ ਦਾ ਲੋਕ ਸਭਾ ਤੋਂ ਅਸਤੀਫਾ

0
7

ਸ੍ਰੀਨਗਰ : ਨੈਸ਼ਨਲ ਕਾਨਫਰੰਸ ਦੇ ਸ੍ਰੀਨਗਰ ਤੋਂ ਲੋਕ ਸਭਾ ਮੈਂਬਰ ਆਗਾ ਰੂਹੁੱਲਾ ਨੇ ਮੰਗਲਵਾਰ ਅਸਤੀਫਾ ਦੇ ਦਿੱਤਾ ਹੈ | ਉਨ੍ਹਾ ਇਸ ਦਾ ਐਲਾਨ ਆਪਣੇ ਪਿਤਾ ਦੀ 26ਵੀਂ ਬਰਸੀ ‘ਤੇ ਕੀਤਾ, ਜਦੋਂ ਜੰਮੂ-ਕਸ਼ਮੀਰ ਦੇ ਬਡਗਾਮ ਵਿੱਚ ਵੱਡੀ ਗਿਣਤੀ ਵਿੱਚ ਸਮਰਥਕ ਇਕੱਠੇ ਹੋਏ | ਮੇਹਦੀ ਨੇ ਸੰਸਦੀ ਸੀਟ ਦੇ ਨਾਲ-ਨਾਲ ਪਾਰਟੀ ਵੀ ਛੱਡ ਦਿੱਤੀ ਹੈ | ਮੇਹਦੀ ਆਪਣੀ ਹੀ ਸਰਕਾਰ ਨੂੰ ਜਨਤਕ ਤੌਰ ‘ਤੇ ਚੁਣੌਤੀ ਦਿੰਦਿਆਂ ਰਾਖਵੇਂਕਰਨ, ਧਾਰਾ 370 ਅਤੇ ਰਾਜ ਦੇ ਦਰਜੇ ‘ਤੇ ਚੋਣ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਾਉਂਦੇ ਆ ਰਹੇ ਸਨ |
ਭਾਜਪਾ ਮੰਤਰੀ ਦੀ ਪਾਰਟੀ ‘ਚ ਗੁੜ-ਗੁੜ
ਨਵੀਂ ਦਿੱਲੀ : ਦਿੱਲੀ ਦੇ ਮੰਤਰੀ ਪਰਵੇਸ਼ ਵਰਮਾ ਦੀ ਦੀਵਾਲੀ ਪਾਰਟੀ ਵਿੱਚ ਹੁੱਕਾ ਪਰੋਸਣ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਅਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਤਿੱਖੀ ਸਿਆਸੀ ਜੰਗ ਛਿੜ ਗਈ ਹੈ | ‘ਆਪ’ ਦਿੱਲੀ ਦੇ ਪ੍ਰਧਾਨ ਸੌਰਭ ਭਾਰਦਵਾਜ ਨੇ ਪੱਤਰਕਾਰ ਸੁਧੀਰ ਚੌਧਰੀ ਦੀ ਮੌਜੂਦਗੀ ਵਾਲੇ ਇਸ ਇਕੱਠ ‘ਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਕੀ ਇਸ ਪਾਰਟੀ ਲਈ ਸਰਕਾਰੀ ਬੰਗਲੇ ਅਤੇ ਜਨਤਕ ਪੈਸੇ ਦੀ ਵਰਤੋਂ ਕੀਤੀ ਗਈ? ‘ਆਪ’ ਨੇ ਭਾਜਪਾ ਦੇ ਪੰਜਾਬ ‘ਚੋਂ ‘ਨਸ਼ਾ ਮੁਕਤੀ’ ਦੇ ਦਾਅਵਿਆਂ ‘ਤੇ ਤਨਜ਼ ਕੱਸਦਿਆਂ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਰੇਖਾ ਗੁਪਤਾ ਆਨਲਾਈਨ ਸ਼ਰਾਬ ਵੇਚ ਰਹੀ ਹੈ, ਦੂਜੇ ਪਾਸੇ ਮੰਤਰੀ ਸੁੱਕੇ ਨਸ਼ੇ ਪਰੋਸ ਰਹੇ ਹਨ | ਦੂਜੇ ਪਾਸੇ, ਭਾਜਪਾ ਨੇ ਵਰਮਾ ਦਾ ਬਚਾਅ ਕੀਤਾ | ਭਾਜਪਾ ਬੁਲਾਰੇ ਅਜੇ ਸਹਿਰਾਵਤ ਅਤੇ ਪ੍ਰਵੀਨ ਸ਼ੰਕਰ ਕਪੂਰ ਨੇ ਹੁੱਕੇ ਨੂੰ ਜਾਟ ਭਾਈਚਾਰੇ ਦੀ ਸੱਭਿਆਚਾਰਕ ਪਛਾਣ, ਪੰਚਾਇਤੀ ਪਰੰਪਰਾ ਅਤੇ ਸਮਾਜਿਕ ਏਕਤਾ ਦਾ ਪ੍ਰਤੀਕ ਦੱਸਿਆ |
ਸੂਬਾ ਐਗਜ਼ੈਕਟਿਵ ਮੀਟਿੰਗ 11 ਨੂੰ
ਚੰਡੀਗੜ੍ਹ : ਸੀ ਪੀ ਆਈ ਪੰਜਾਬ ਦੇ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਦੱਸਿਆ ਹੈ ਕਿ 11 ਨਵੰਬਰ ਨੂੰ ਐਗਜ਼ੈਕਟਿਵ ਦੀ ਮੀਟਿੰਗ ਠੀਕ ਦੁਪਹਿਰ 12.30 ਸੂਬਾ ਪਾਰਟੀ ਦਫ਼ਤਰ, ਅਜੈ ਭਵਨ, ਚੰਡੀਗੜ੍ਹ ਵਿਖੇ ਸ਼ੁਰੂ ਹੋਵੇਗੀ | ਉਸ ਤੋਂ ਪਹਿਲਾਂ ਠੀਕ 10 ਵਜੇ ਸਕੱਤਰੇਤ ਦੀ ਮੀਟਿੰਗ ਕੀਤੀ ਜਾਵੇਗੀ |
ਅਕਾਲੀ ਦਲ ਛੱਡ ਕੇ ਆਪ ‘ਚ
ਜਲੰਧਰ : ਸ਼੍ਰੋਮਣੀ ਅਕਾਲੀ ਦਲ ਵਿੱਚ ਰਹਿੰਦਿਆਂ ਦੀਨਾਨਗਰ ਅਤੇ ਭੋਆ ਵਿਧਾਨ ਸਭਾ ਹਲਕਿਆਂ ਦੇ ਹਲਕਾ ਇੰਚਾਰਜ ਵਜੋਂ ਸੇਵਾਵਾਂ ਨਿਭਾ ਚੁੱਕੇ ਰਵੀ ਮੋਹਨ ਮੰਗਲਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ | ਮੁੱਖ ਮੰਤਰੀ ਭਗਵੰਤ ਮਾਨ ਨੇ ਰਵੀ ਮੋਹਨ ਦਾ ਨਿੱਘਾ ਸਵਾਗਤ ਕੀਤਾ | ਰਵੀ ਮੋਹਨ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਹੁੰਦੇ ਸਨ |