ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ)
ਅਮਰੀਕਾ ਦੇ ਸਿਆਟਲ ਵਿੱਚ ਦੀਵਾਲੀ ਦੇ ਸਮਾਗਮ ਦੌਰਾਨ ਰੂੜ੍ਹੀਵਾਦੀਆਂ ਦੇ ਇੱਕ ਗਰੁੱਪ ਨੇ ਖੂਬ ਹੰਗਾਮਾ ਕੀਤਾ | ਜੈਕ ਲੈਂਗ ਦੀ ਅਗਵਾਈ ਹੇਠ ਆਏ ਇਨ੍ਹਾਂ ਕਾਰਕੰੁਨਾਂ ਨੇ ਭਾਰਤੀ ਮੂਲ ਦੇ ਲੋਕਾਂ ਅਤੇ ਹਿੰਦੂ ਭਾਈਚਾਰੇ ਖਿਲਾਫ ਨਸਲੀ ਨਾਅਰਿਆਂ ਵਾਲੀਆਂ ਤਖਤੀਆਂ ਚੁੱਕ ਕੇ ਨਾਅਰੇਬਾਜ਼ੀ ਕੀਤੀ | ਇਸ ਘਟਨਾ ਦੀ ਅਮਰੀਕੀ ਸੰਸਦ ਮੈਂਬਰਾਂ ਅਤੇ ਭਾਈਚਾਰੇ ਦੇ ਆਗੂਆਂ ਨੇ ਸਖਤ ਨਿਖੇਧੀ ਕੀਤੀ ਹੈ |
ਜੈਕ ਲੈਂਗ ਅਤੇ ਉਸ ਦੇ ਸਾਥੀ ਥੌਮਸ ਐਲਨ ਨੇ ਅਮਰੀਕੀ ਝੰਡਾ ਲਹਿਰਾਉਂਦਿਆਂ ਰੋਸ ਪ੍ਰਗਟਾਇਆ | ਉਨ੍ਹਾਂ ‘ਸਾਰੇ ਭਾਰਤੀਆਂ ਨੂੰ ਦੇਸ਼ ‘ਚੋਂ ਕੱਢੋ’ ਅਤੇ ‘ਈਸਾਈਆਂ ਦੀ ਥਾਂ ਹਿੰਦੂਆਂ ਨੂੰ ਵਸਾਉਣਾ ਬੰਦ ਕਰੋ’ ਵਰਗੇ ਨਾਅਰੇ ਵਾਲੀਆਂ ਤਖਤੀਆਂ ਦਿਖਾਈਆਂ |
ਇਹ ਹੰਗਾਮਾ ਉਸ ਵੇਲੇ ਹੋਇਆ ਜਦੋਂ ਮੰਚ ‘ਤੇ ਨਾਚ ਦੀ ਪੇਸ਼ਕਾਰੀ ਚੱਲ ਰਹੀ ਸੀ | ਇਸ ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ | ਹੰਗਾਮਾ ਕਰਨ ਵਾਲੇ ਕਾਰਕੁੰਨਾਂ ਨੂੰ ਛੇਤੀ ਹੀ ਸਮਾਗਮ ਵਾਲੀ ਥਾਂ ਤੋਂ ਬਾਹਰ ਕੱਢ ਦਿੱਤਾ ਗਿਆ | ਇਹ ਘਟਨਾ ਸਿਆਟਲ ਸੈਂਟਰ ਆਰਮਰੀ ਵਿੱਚ ਹੋਏ ਦੀਵਾਲੀ ਸਮਾਗਮ ਦੌਰਾਨ ਵਾਪਰੀ | ਇਥੇ ਸਾਲਾਨਾ 25 ਸੱਭਿਆਚਾਰਕ ਮੇਲੇ ਹੁੰਦੇ ਹਨ, ਜਿਨ੍ਹਾਂ ਵਿੱਚ ਹਰ ਸਾਲ ਕਰੀਬ ਚਾਰ ਲੱਖ ਲੋਕ ਸ਼ਾਮਲ ਹੁੰਦੇ ਹਨ | ਅਮਰੀਕੀ ਸੰਸਦ ਮੈਂਬਰ ਪ੍ਰਮੀਲਾ ਜੈਪਾਲ ਨੇ ਇਸ ਘਟਨਾ ‘ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਬੇਹੱਦ ਘਟੀਆ ਅਤੇ ਨਸਲਵਾਦੀ ਹਰਕਤ ਹੈ | ਦੀਵਾਲੀ ਇੱਕ ਮਹੱਤਵਪੂਰਨ ਤਿਉਹਾਰ ਹੈ ਅਤੇ ਭਾਈਚਾਰੇ ਦੇ ਲੋਕਾਂ ਨੂੰ ਇਸ ਨੂੰ ਸੁਰੱਖਿਅਤ ਮਾਹੌਲ ਵਿੱਚ ਮਨਾਉਣ ਦਾ ਹੱਕ ਹੈ | ਨਫਰਤ ਫੈਲਾਉਣ ਵਾਲੀ ਅਜਿਹੀ ਹਰਕਤ ਦੀ ਉਨ੍ਹਾਂ ਦੇ ਸ਼ਹਿਰ ਅਤੇ ਦੇਸ਼ ਵਿੱਚ ਕੋਈ ਥਾਂ ਨਹੀਂ ਹੈ |
ਵ੍ਹਾਈਟ ਹਾਊਸ ਦੇ ਸਾਬਕਾ ਸਲਾਹਕਾਰ ਅਜੈ ਜੈਨ ਭੂਟੋਰੀਆ ਨੇ ਕਿਹਾ ਕਿ ਹਿੰਦੂ ਅਮਰੀਕੀਆਂ ਅਤੇ ਭਾਰਤੀ ਪਰਵਾਸੀਆਂ ਨੂੰ ਨਸਲੀ ਗਾਲ੍ਹਾਂ ਕੱਢ ਕੇ ਨਿਸ਼ਾਨਾ ਬਣਾਉਣਾ ਅਤੇ ਉਨ੍ਹਾਂ ਖਿਲਾਫ ਸਾਜ਼ਿਸ਼ੀ ਬਿਆਨਬਾਜ਼ੀ ਕਰਨਾ ਬਿਲਕੁਲ ਗਲਤ ਹੈ | ਹਰ ਅਮਰੀਕੀ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਅਤੇ ਤਿਉਹਾਰ ਆਜ਼ਾਦੀ ਨਾਲ ਮਨਾਉਣ ਦਾ ਹੱਕ ਹੈ | ਇਹ ਘਟਨਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਓਵਲ ਦਫਤਰ ਵਿੱਚ ਰਵਾਇਤੀ ਦੀਵਾ ਜਗਾਉਣ ਅਤੇ ਵਾਸ਼ਿੰਗਟਨ ਦੇ ਗਵਰਨਰ ਬੌਬ ਫਰਗੂਸਨ ਵੱਲੋਂ ਸਿਆਟਲ ਸਥਿਤ ਭਾਰਤੀ ਕੌਂਸਲਖਾਨੇ ਵਿੱਚ ਦੀਵਾਲੀ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਇੱਕ ਦਿਨ ਬਾਅਦ ਵਾਪਰੀ | ਗਵਰਨਰ ਫਰਗੂਸਨ ਨੇ ਕਿਹਾ ਕਿ ਵਾਸ਼ਿੰਗਟਨ ਸੂਬੇ ਨੂੰ ਮਾਣ ਹੈ ਕਿ ਇੱਥੇ ਅਮਰੀਕਾ ਦੇ ਸਭ ਤੋਂ ਵੱਡੇ ਭਾਰਤੀ-ਅਮਰੀਕੀ ਭਾਈਚਾਰਿਆਂ ਵਿੱਚੋਂ ਇੱਕ ਵੱਸਦਾ ਹੈ | ਪਿਛਲੇ ਦਹਾਕੇ ਦੌਰਾਨ ਇਸ ਸੂਬੇ ਵਿੱਚ ਭਾਰਤੀ ਮੂਲ ਦੇ ਅਮਰੀਕੀ ਲੋਕਾਂ ਦੀ ਆਬਾਦੀ ਦੇਸ਼ ਵਿੱਚ ਸਭ ਤੋਂ ਤੇਜ਼ੀ ਨਾਲ ਵਧੀ ਹੈ ਅਤੇ ਇਸ ਭਾਈਚਾਰੇ ਨੇ ਸੂਬੇ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ |




