ਕੋਲਹਾਪੁਰ (ਨਵਾਂ ਜ਼ਮਾਨਾ ਸਰਵਿਸ)
ਚੋਣਾਂ ਵਿੱਚ ਹਾਰਨ ਦੇ ਬਾਵਜੂਦ ਕੋਲਹਾਪੁਰ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ, ਜਿਸ ਨੂੰ ਗੋਕੁਲ ਡੇਅਰੀ ਵਜੋਂ ਜਾਣਿਆ ਜਾਂਦਾ ਹੈ, ਦੇ ਬੋਰਡ ਉੱਤੇ ਕਬਜ਼ਾ ਕਰਨ ਦੀਆਂ ਹੁਕਮਰਾਨ ਮਹਾਯੁਤੀ ਦੀਆਂ ਕੋਸ਼ਿਸ਼ਾਂ ਦੇ ਖਿਲਾਫ ਹਜ਼ਾਰਾਂ ਕਿਸਾਨਾਂ ਨੇ ਸੋਮਵਾਰ ਪਸ਼ੂਆਂ ਨੂੰ ਨਾਲ ਲੈ ਕੇ ਡੀ ਸੀ ਦਫਤਰ ਤੱਕ ਮਾਰਚ ਕੀਤਾ | ਉਹ ਸਰਕਾਰ ਦੇ ਉਸ ਆਰਡੀਨੈਂਸ ਦਾ ਵਿਰੋਧ ਕਰ ਰਹੇ ਸਨ, ਜਿਹੜਾ 25 ਮੈਂਬਰੀ ਬੋਰਡ ਵਿੱਚ ਮਹਾਯੁਤੀ ਦੇ ਸਮਰਥਕਾਂ ਦੀ ਗਿਣਤੀ 12 ਤੋਂ ਵਧਾ ਕੇ 16 ਕਰ ਦਿੰਦਾ ਹੈ | ਪਿਛਲੇ ਹਫਤੇ, ਮਹਾਰਾਸ਼ਟਰ ਕੈਬਨਿਟ ਨੇ 500 ਕਰੋੜ ਰੁਪਏ ਤੋਂ ਵੱਧ ਸਾਲਾਨਾ ਟਰਨਓਵਰ ਵਾਲੀਆਂ ਸਹਿਕਾਰੀ ਸੰਸਥਾਵਾਂ ਦੀਆਂ ਪ੍ਰਬੰਧਕੀ ਕਮੇਟੀਆਂ ਵਿੱਚ ਸਰਕਾਰ ਵੱਲੋਂ ਨਾਮਜ਼ਦ ਪੰਜ ਮੈਂਬਰਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਵਿੱਚ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਨੂੰ ਛੱਡ ਦਿੱਤਾ ਗਿਆ | ਆਰਡੀਨੈਂਸ ਨਾਲ ਗੋਕੁਲ ਡੇਅਰੀ ਬੋਰਡ ਵਿੱਚ ਸਰਕਾਰ ਵੱਲੋਂ ਨਿਯੁਕਤ ਚਾਰ ਡਾਇਰੈਕਟਰ ਵੋਟ ਪਾਉਣ ਦੇ ਹੱਕਦਾਰ ਹੋਣਗੇ | ਮਾਰਚ ਦੀ ਅਗਵਾਈ ਕਾਂਗਰਸ ਦੇ ਐੱਮ ਐੱਲ ਸੀ ਸਤੇਜ ਪਾਟਿਲ ਦੀ ਅਗਵਾਈ ਵਾਲੀ ਰਾਜਰਸ਼ੀ ਸ਼ਾਹੂ ਸ਼ੇਤਕਾਰੀ ਸੰਵਿਚਾਰੀ ਅਘਾੜੀ ਕਰ ਰਹੀ ਸੀ, ਜਿਸ ਨੇ 19 ਅਕਤੂਬਰ ਨੂੰ ਗੋਕੁਲ ਬੋਰਡ ਦੀਆਂ ਚੋਣਾਂ ਵਿੱਚ 25 ਵਿੱਚੋਂ 13 ਸੀਟਾਂ ਜਿੱਤੀਆਂ ਸਨ | ਮਹਾਯੁਤੀ-ਸਮਰਥਤ ਪੈਨਲ 12 ਸੀਟਾਂ ਜਿੱਤ ਸਕਿਆ, ਜੋ ਭਾਜਪਾ ਦੀ ਅਗਵਾਈ ਵਾਲੇ ਸੱਤਾਧਾਰੀ ਗੱਠਜੋੜ ਲਈ ਇੱਕ ਝਟਕਾ ਹੈ, ਜਿਸ ਦੇ ਨੇਤਾਵਾਂ ਨੇ ਪ੍ਰਭਾਵਸ਼ਾਲੀ ਸਹਿਕਾਰੀ ਸੰਸਥਾ ‘ਤੇ ਕੰਟਰੋਲ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਇਕੱਠੇ ਪ੍ਰਚਾਰ ਕੀਤਾ ਸੀ, ਜਿਸ ਦਾ ਸਾਲਾਨਾ ਟਰਨਓਵਰ 4,000 ਕਰੋੜ ਰੁਪਏ ਤੋਂ ਵੱਧ ਹੈ |
ਕਾਂਗਰਸ ਆਗੂ, ਸੰਸਦ ਮੈਂਬਰ ਅਤੇ ਸਥਾਨਕ ਵਕੀਲ ਵੀ ਸਰਕਾਰ ਦੇ ਫੈਸਲੇ ਵਿਰੁੱਧ ਕਾਲੇ ਝੰਡੇ ਅਤੇ ਬੈਨਰ ਲੈ ਕੇ ਮਾਰਚ ਵਿੱਚ ਸ਼ਾਮਲ ਹੋਏ | ਵਕੀਲਾਂ ਨੇ ਕਿਹਾ ਕਿ ਉਹ ਸਹਿਕਾਰੀ ਸੰਸਥਾਵਾਂ ਵਿੱਚ ਲੋਕਤੰਤਰੀ ਸਿਧਾਂਤਾਂ ਦੀ ਰੱਖਿਆ ਲਈ ਅੰਦੋਲਨ ਵਿੱਚ ਸ਼ਾਮਲ ਹੋਏ ਹਨ | ਸੰਵਿਚਾਰੀ ਅਘਾੜੀ ਨੇ ਇਸ ਆਰਡੀਨੈਂਸ ਨੂੰ ਬੰਬੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਅਤੇ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ | ਸੋਮਵਾਰ ਨੂੰ ਛਤਰਪਤੀ ਸੰਭਾਜੀਨਗਰ ਬੈਂਚ ਦੇ ਸਾਹਮਣੇ ਸੁਣਵਾਈ ਹੋਣੀ ਸੀ, ਕਿਉਂਕਿ ਕੋਲਹਾਪੁਰ ਬੈਂਚ ਛੁੱਟੀਆਂ ਕਾਰਨ ਬੰਦ ਸੀ | ਮਾਰਚ ਤੋਂ ਪਹਿਲਾਂ ਸਤੇਜ ਪਾਟਿਲ, ਸੰਸਦ ਮੈਂਬਰ ਵਿਸ਼ਾਲ ਪਾਟਿਲ ਅਤੇ ਧੀਰੇਸ਼ੀਲ ਮੋਹਿਤੇ-ਪਾਟਿਲ ਅਤੇ ਸਵਾਭਿਮਾਨੀ ਸ਼ੇਤਕਾਰੀ ਸੰਗਠਨ ਦੇ ਮੁਖੀ ਰਾਜੂ ਸ਼ੈਟੀ ਨੇ ਤਾਲਮੇਲ ਮੀਟਿੰਗ ਕੀਤੀ | ਵਿਰੋਧ ਪ੍ਰਦਰਸ਼ਨ ਦੇ ਰਸਤੇ ‘ਤੇ, ਖਾਸ ਕਰਕੇ ਡੀ ਸੀ ਦਫਤਰ ਦੇ ਆਲੇ-ਦੁਆਲੇ ਭਾਰੀ ਪੁਲਸ ਤਾਇਨਾਤ ਸੀ | ਪਿਛਲੇ ਹਫਤੇ ਰਾਹੁਲ ਗਾਂਧੀ ਨੇ ਕਿਹਾ ਸੀ, ”ਗੋਕੁਲ ਵਿੱਚ ਦੁੱਧ ਉਤਪਾਦਕਾਂ ਨੇ ਭਾਜਪਾ ਨੂੰ ਹਰਾਇਆ ਹੈ | ਇਸ ਲਈ ਭਾਜਪਾ ਨੇ ਚੋਣਾਂ ਤੋਂ ਬਾਅਦ ਨਿਯਮ ਬਦਲ ਦਿੱਤੇ | ਚਾਰ ਡਾਇਰੈਕਟਰ ਨਵੇਂ ਪਾ ਕੇ 12 ਤੋਂ 16 ਬਣਾ ਕੇ, ਬਹੁਮਤ ਚੋਰੀ ਕਰ ਲਿਆ | ਇਹ ਦੁੱਧ ਉਤਪਾਦਕਾਂ ਦੀਆਂ ਵੋਟਾਂ ਦੀ ਚੋਰੀ ਹੈ-ਫਤਵੇ ਵਿੱਚ ਮਿਲਾਵਟ | ਭਾਜਪਾ ਇੰਨੀ ਬੇਚੈਨ ਹੋ ਗਈ ਹੈ ਕਿ ਉਹ ਸੱਤਾ ਬਚਾਉਣ ਲਈ ਹਰ ਹੱਦ ਤੱਕ ਜਾ ਰਹੀ ਹੈ |”




