ਦੀਵਾਲੀ ਨੇ ਕੱਢਿਆ ਸਾਹਾਂ ਦਾ ਦੀਵਾਲਾ

0
4

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦੀਵਾਲੀ ਤੋਂ ਬਾਅਦ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ ਵਿੱਚ ਹਵਾ ਦੀ ਗੁਣਵੱਤਾ ‘ਚ ਤੇਜ਼ੀ ਨਾਲ ਗਿਰਾਵਟ ਆਈ ਹੈ | ਇੱਥੋਂ ਦਾ ਏਅਰ ਕੁਆਲਿਟੀ ਇੰਡੈਕਸ (ਏ ਕਿਊ ਆਈ) ਕੁੱਝ ਥਾਵਾਂ ਉੱਤੇ 400 ਨੂੰ ਪਾਰ ਕਰ ਗਿਆ ਅਤੇ ਚਾਂਦਨੀ ਚੌਕ ਤੇ ਆਈ ਟੀ ਓ ਸਮੇਤ ਕਈ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ‘ਗੰਭੀਰ’ ਪੱਧਰ ‘ਤੇ ਪਹੁੰਚ ਗਈ |
ਵਿਦੇਸ਼ੀ ਸੰਸਥਾ ਦੀ ਰੀਅਲ-ਟਾਈਮ ਹਵਾ ਗੁਣਵੱਤਾ ਦਰਜਾਬੰਦੀ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ 9 ਨਵੰਬਰ ਤੜਕੇ ਲੱਗਭੱਗ 2 ਵਜੇ ਦਿੱਲੀ ਦੇ ਕੁਝ ਸਟੇਸ਼ਨਾਂ ਉੱਪਰ ਏ ਕਿਊ ਆਈ ਦਾ ਪੱਧਰ 1,713 ਦਰਜ ਕੀਤਾ ਗਿਆ | ਰਾਜੌਰੀ ਗਾਰਡਨ ਵਿੱਚ 2,236 ਰਿਹਾ, ਜਦਕਿ ਸੁੰਦਰ ਵਿਹਾਰ ਵਿੱਚ 2,552 ਦਾ ਚਿੰਤਾਜਨਕ ਅੰਕੜਾ ਦਰਜ ਕੀਤਾ ਗਿਆ | ਭਾਰਤੀ ਸੰਸਥਾ ਨੇ ਇਸ ਤੋਂ ਕਾਫੀ ਘੱਟ ਅੰਕੜੇ ਦਿੱਤੇ ਹਨ |
ਕੋਲਕਾਤਾ ਵਿੱਚ ਦੀਵਾਲੀ ਦੀ ਰਾਤ ਸਾਲ ਦੀ ਸਭ ਤੋਂ ਭੈੜੀ ਰਾਤ ਸਾਬਤ ਹੋਈ | ਪਟਾਕੇ 8 ਵਜੇ ਤੋਂ 10 ਵਜੇ ਦੀ ਸੀਮਾ ਤੋਂ ਕਾਫੀ ਜ਼ਿਆਦਾ ਫਟ ਗਏ ਅਤੇ ਸੰਘਣੇ ਧੂੰਏਾ ਨੇ ਏ ਕਿਊ ਆਈ ਨੂੰ 600 ਤੋਂ ਉੱਪਰ ਧੱਕ ਦਿੱਤਾ, ਜਿਸ ਨਾਲ ਕੁਝ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਈ | ਕੋਲਕਾਤਾ ਵਾਸੀਆਂ ਨੇ ਕਿਹਾ ਕਿ ਸ਼ਾਇਦ ਹੀ ਕਿਸੇ ਨੇ ਪਟਾਕੇ ਚਲਾਉਣ ਦੀ ਸਮਾਂ ਸੀਮਾ ਦੀ ਪਾਲਣਾ ਕੀਤੀ ਅਤੇ ਇਸ ਨੂੰ ਰੋਕਣ ਲਈ ਪੁਲਸ ਵੱਲੋਂ ਕੋਈ ਦਖਲ ਨਹੀਂ ਦਿੱਤਾ ਗਿਆ | ਤਾਲਾ ਪਾਰਕ ਦੇ ਵਸਨੀਕ ਡੋਲਨ ਦੱਤਾ ਚੌਧਰੀ ਨੇ ਕਿਹਾ, ”ਕੱਲ੍ਹ ਇੱਕ ਭਿਆਨਕ ਸੁਪਨਾ ਸੀ | ਇਹ ਇਸ ਤਰ੍ਹਾਂ ਸੀ ਜਿਵੇਂ ਲੋਕ ਬਦਲੇ ਦੀ ਭਾਵਨਾ ਨਾਲ ਪਟਾਕੇ ਚਲਾ ਰਹੇ ਸਨ | ਪਾਗਲਪਨ ਸਵੇਰੇ 4 ਵਜੇ ਤੱਕ ਜਾਰੀ ਰਿਹਾ | ਬੋਲ਼ੇ ਕਰਨ ਵਾਲੀ ਆਵਾਜ਼ ਨੂੰ ਭੁੱਲ ਜਾਓ, ਪੂਰਾ ਇਲਾਕਾ ਧੂੰਏਾ ਨਾਲ ਘਿਰਿਆ ਹੋਇਆ ਸੀ |” ਡਮ ਡਮ ਮਾਲ ਰੋਡ ਦੇ ਨੇੜੇ ਰਹਿਣ ਵਾਲੀ ਪੰਚਾਲੀ ਕਾਰ ਨੇ ਕਿਹਾ, ”ਸਵੇਰੇ 4 ਵਜੇ ਤੱਕ ਪਟਾਕੇ ਚੱਲਦੇ ਰਹੇ ਅਤੇ ਸਾਰੀਆਂ ਖਿੜਕੀਆਂ ਬੰਦ ਕਰਨ ਨਾਲ ਕੋਈ ਫਾਇਦਾ ਨਹੀਂ ਹੋਇਆ | ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਭਿਆਨਕ ਮਾਈਗ੍ਰੇਨ ‘ਚੋਂ ਲੰਘੀ, ਜੋ ਦਵਾਈ ਲੈਣ ਦੇ ਬਾਵਜੂਦ ਘੱਟ ਨਹੀਂ ਹੋਇਆ |”
ਪੰਜਾਬ ਵਿੱਚ ਦੀਵਾਲੀ ਤੋਂ ਬਾਅਦ ਕਈ ਸ਼ਹਿਰਾਂ ਦੀ ਹਵਾ ਕਾਫੀ ਖਰਾਬ ਰਹੀ | ਦੀਵਾਲੀ ਵਾਲੀ ਰਾਤ ਸਥਿਤੀ ਹੋਰ ਵੀ ਗੰਭੀਰ ਸੀ, ਕਿਉਂਕਿ ਸਰਕਾਰ ਵੱਲੋਂ ਤੈਅ ਕੀਤੀ ਗਈ ਸਮਾਂ-ਹੱਦ ਤੋਂ ਬਾਅਦ ਵੀ ਪਟਾਕੇ ਚੱਲਦੇ ਰਹੇ | ਇਸ ਕਾਰਨ ਹਵਾ ਵਿੱਚ ਧੂੰਆਂ ਭਰ ਗਿਆ ਅਤੇ ਲੋਕਾਂ ਨੂੰ ਹਾਨੀਕਾਰਕ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਪਿਆ | ਮੰਡੀ ਗੋਬਿੰਦਗੜ੍ਹ ਸਭ ਤੋਂ ਵੱਧ ਪ੍ਰਭਾਵਤ ਇਲਾਕਿਆਂ ਵਿੱਚੋਂ ਇੱਕ ਰਿਹਾ | ਇੱਥੇ ਐਤਵਾਰ ਏ ਕਿਊ ਆਈ 445 ਤੱਕ ਪਹੁੰਚ ਗਿਆ | ਸਥਿਤੀ ਦੇ ਚਿੰਤਾਜਨਕ ਬਣੇ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਖੇਤਾਂ ਵਿੱਚ ਸੜ ਰਹੀ ਪਰਾਲੀ ਕਾਰਨ ਪੈਦਾ ਹੋਏ ਪ੍ਰਦੂਸ਼ਣ ਵਿੱਚ ਪਟਾਕਿਆਂ ਦਾ ਧੂੰਆਂ ਵੀ ਸ਼ਾਮਲ ਹੋ ਗਿਆ ਹੈ | ਏ ਕਿਊ ਆਈ ਦੇ ਮਾਪਦੰਡਾਂ ਅਨੁਸਾਰ 0 ਤੋਂ 50 ਦਰਮਿਆਨ ਰੀਡਿੰਗ ਨੂੰ ‘ਚੰਗਾ’, 51 ਤੋਂ 100 ਨੂੰ ‘ਤਸੱਲੀਬਖਸ਼’, 101 ਤੋਂ 200 ਨੂੰ ‘ਦਰਮਿਆਨਾ’, 201 ਤੋਂ 300 ਨੂੰ ‘ਖਰਾਬ’, 301 ਤੋਂ 400 ਨੂੰ ‘ਬਹੁਤ ਖਰਾਬ’ ਅਤੇ 401 ਤੋਂ 500 ਨੂੰ ‘ਖਤਰਨਾਕ’ ਮੰਨਿਆ ਜਾਂਦਾ ਹੈ | ਸਿਹਤ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਹਵਾ ਦੀ ਵਿਗੜ ਰਹੀ ਗੁਣਵੱਤਾ ਫੇਫੜਿਆਂ, ਦਿਲ ਦੀਆਂ ਬਿਮਾਰੀਆਂ ਅਤੇ ਦਮੇ ਤੋਂ ਪੀੜਤ ਲੋਕਾਂ ਵਿੱਚ ਸਾਹ ਲੈਣ ‘ਚ ਮੁਸ਼ਕਲ ਪੈਦਾ ਕਰ ਸਕਦੀ ਹੈ | ਇਸ ਨਾਲ ਚਮੜੀ, ਅੱਖਾਂ ਅਤੇ ਨੱਕ ਦੀ ਐਲਰਜੀ ਵੀ ਵਧ ਸਕਦੀ ਹੈ |