ਪ੍ਰਦੂਸ਼ਣ ‘ਚ ਇੰਡੀਆ ‘ਵਿਸ਼ਵਗੁਰੂ’

0
5

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਤ 50 ਸ਼ਹਿਰਾਂ ਵਿੱਚੋਂ 49 ਭਾਰਤ ਦੇ ਹਨ | ਏ ਕਿਊ ਆਈ ਡਾਟ ਇਨ ਦੇ ਅੰਕੜਿਆਂ ਮੁਤਾਬਕ ਮੰਗਲਵਾਰ ਸਵੇਰੇ 9.54 ਵਜੇ ਰਾਜਸਥਾਨ ਦਾ ਸ੍ਰੀਗੰਗਾਨਗਰ 821 ਏਅਰ ਕੁਆਲਿਟੀ ਇੰਡੈਕਸ (ਏ ਕਿਊ ਆਈ) ਨਾਲ ਦੁਨੀਆ ਦਾ ਸਭ ਤੋਂ ਪ੍ਰਦੂਸ਼ਤ ਸ਼ਹਿਰ ਦਰਜ ਕੀਤਾ ਗਿਆ | ਇਸ ਸੂਚੀ ਵਿੱਚ ਭਾਰਤ ਤੋਂ ਇਲਾਵਾ ਸਿਰਫ਼ ਪਾਕਿਸਤਾਨ ਦਾ ਲਾਹੌਰ ਸ਼ਾਮਲ ਹੈ, ਜਿੱਥੇ ਏ ਕਿਊ ਆਈ 430 ਦਰਜ ਕੀਤਾ ਗਿਆ ਅਤੇ ਉਹ 14ਵੇਂ ਸਥਾਨ ‘ਤੇ ਰਿਹਾ | ਦੀਵਾਲੀ ਤੋਂ ਬਾਅਦ ਦਿੱਲੀ ਤੋਂ ਲੈ ਕੇ ਮੱਧ ਪ੍ਰਦੇਸ਼ ਤੱਕ ਹਵਾ ਪ੍ਰਦੂਸ਼ਣ ਦੀ ਸਥਿਤੀ ਗੰਭੀਰ ਬਣੀ ਹੋਈ ਹੈ | ਮੰਗਲਵਾਰ ਸਵੇਰੇ 6 ਵਜੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਏ ਕਿਊ ਆਈ 400 ਤੋਂ ਪਾਰ ਦਰਜ ਕੀਤਾ ਗਿਆ, ਜਦ ਕਿ ਰਾਜਧਾਨੀ ਦੇ ਕਈ ਹੋਰ ਇਲਾਕਿਆਂ ਵਿੱਚ ਵੀ ਇਹ 300 ਤੋਂ ਵੱਧ ਰਿਹਾ | ਮੱਧ ਪ੍ਰਦੇਸ਼ ਦੇ ਭੋਪਾਲ ਅਤੇ ਉਜੈਨ ਤੋਂ ਇਲਾਵਾ ਹਰਿਆਣਾ ਦੇ ਬਹਾਦਰਗੜ੍ਹ ਵਿੱਚ ਏ ਕਿਊ ਆਈ 400 ਤੋਂ ਪਾਰ ਪਹੁੰਚ ਗਿਆ | ਉਤਰ ਪ੍ਰਦੇਸ਼ ਦੇ ਨੋਇਡਾ ਵਿੱਚ ਏ ਕਿਊ ਆਈ 332, ਬੁਲੰਦਸ਼ਹਿਰ ਵਿੱਚ 331 ਅਤੇ ਗਾਜ਼ੀਆਬਾਦ ਵਿੱਚ 324 ਦਰਜ ਕੀਤਾ ਗਿਆ | ਇਸ ਦੌਰਾਨ ਮੱਧ ਪ੍ਰਦੇਸ਼ ਵਿੱਚ ਰਾਤ ਦਾ ਤਾਪਮਾਨ ਡਿੱਗ ਕੇ 11 ਡਿਗਰੀ ਸੈਲਸੀਅਸ ਅਤੇ ਉਤਰ ਪ੍ਰਦੇਸ਼ ਵਿੱਚ 15 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ | ਹਵਾ ਦੀ ਗੁਣਵੱਤਾ ਦੇ ਮਾਪਦੰਡਾਂ ਮੁਤਾਬਕ 201 ਤੋਂ 300 ਤੱਕ ਏ ਕਿਊ ਆਈ ਨੂੰ ਖ਼ਰਾਬ, 301 ਤੋਂ 400 ਤੱਕ ਬਹੁਤ ਖ਼ਰਾਬ ਅਤੇ 401 ਤੋਂ 500 ਤੱਕ ਗੰਭੀਰ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ | ਗੰਭੀਰ ਪ੍ਰਦੂਸ਼ਣ ਦਾ ਅਸਰ ਸਿਰਫ਼ ਬਿਮਾਰ ਲੋਕਾਂ ‘ਤੇ ਹੀ ਨਹੀਂ, ਸਗੋਂ ਤੰਦਰੁਸਤ ਵਿਅਕਤੀਆਂ ਦੀ ਸਿਹਤ ‘ਤੇ ਵੀ ਪੈ ਸਕਦਾ ਹੈ | ਕੌਮੀ ਰਾਜਧਾਨੀ ਵਿੱਚ ਵਧਦੇ ਹਵਾ ਪ੍ਰਦੂਸ਼ਣ ਦੇ ਵਿਚਕਾਰ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਮੰਗਲਵਾਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਦਿੱਲੀ ਦੇ ਹਵਾ ਪ੍ਰਦੂਸ਼ਣ ਵਿੱਚ ‘ਵਿਸ਼ਵਗੁਰੂ’ ਵਜੋਂ ਉੱਭਰਨ ‘ਤੇ ਸਵਾਲ ਉਠਾਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਨੂੰ ‘ਹਵਾ ਦਾ ਹਿਸਾਬ’ ਦੇਣ ਦੀ ਚੁਣੌਤੀ ਦਿੱਤੀ |
ਦੀਵਾਲੀ ਤੋਂ ਬਾਅਦ ਦਿੱਲੀ ਵਧਦੇ ਪ੍ਰਦੂਸ਼ਣ ਦੇ ਪੱਧਰ ਨਾਲ ਜੂਝ ਰਹੀ ਹੈ, ਗੁਆਂਢੀ ਰਾਜਾਂ ਵਿੱਚ ਪਰਾਲੀ ਸਾੜਨ ਨਾਲ ਹਾਲਾਤ ਵਿਗੜਨ ਦਾ ਕਾਰਨ ਬਣ ਰਹੇ ਹਨ | ਉਨ੍ਹਾ ਕਿਹਾ, ”ਅਸੀਂ ਹਵਾ ਪ੍ਰਦੂਸ਼ਣ ਵਿੱਚ ‘ਵਿਸ਼ਵਗੁਰੂ’ ਕਿਉਂ ਬਣ ਰਹੇ ਹਾਂ? ਟੁਕੜੇ-ਟੁਕੜੇ ਉਪਾਅ, ਪੀਆਰ ਸਟੰਟ, ਟੁੱਟੇ ਵਾਅਦੇ ਅਤੇ ਦੋਸ਼ ਲਾਉਣ ਦੀਆਂ ਖੇਡਾਂ ਭਾਜਪਾ ਦੀ ਪਛਾਣ ਬਣ ਗਈਆਂ ਹਨ | ਸਾਫ ਹਵਾ ਇੱਕ ਮੌਲਿਕ ਅਧਿਕਾਰ ਹੈ, ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਵਿਸ਼ੇਸ਼ ਅਧਿਕਾਰ ਨਹੀਂ |”