ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਸੂਬਾ ਸਰਕਾਰ ਦੀਆਂ ‘ਸਭ ਲਈ ਅਨਾਜ’ ਅਤੇ ‘ਮੇਰੀ ਰਸੋਈ’ ਸਕੀਮਾਂ ਦਾ ਘੇਰਾ ਵਿਸ਼ਾਲ ਕਰਦਿਆਂ 10 ਲੱਖ ਹੋਰ ਨਵੇਂ ਲਾਭਪਾਤਰੀਆਂ ਨੂੰ ਇਨ੍ਹਾਂ ਸਕੀਮਾਂ ਵਿੱਚ ਸ਼ਾਮਲ ਕਰਨ ਦਾ ਵੱਡਾ ਐਲਾਨ ਕੀਤਾ ਹੈ | ਇਹ ਫੈਸਲਾ ਖਾਸ ਤੌਰ ‘ਤੇ ਆਰਥਕ ਪੱਖੋਂ ਕਮਜ਼ੋਰ ਵਰਗਾਂ ਵਿੱਚ ਪਾਰਟੀ ਲਈ ਵੱਡਾ ਸਿਆਸੀ ਹੁਲਾਰਾ ਸਾਬਤ ਹੋ ਸਕਦਾ ਹੈ |
ਕੌਮੀ ਖੁਰਾਕ ਸੁਰੱਖਿਆ ਐਕਟ ਤਹਿਤ ਵੰਡੀ ਜਾਂਦੀ ਕਣਕ ਦੇ ਨਾਲ-ਨਾਲ ਵਾਧੂ ਰਾਸ਼ਨ ਮੁਹੱਈਆ ਕਰਵਾਉਣ ਲਈ ਇਸੇ ਸਾਲ ਸ਼ੁਰੂ ਕੀਤੀ ਗਈ ‘ਮੇਰੀ ਰਸੋਈ’ ਯੋਜਨਾ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਦਾ ਮੁੱਖ ਧੁਰਾ ਬਣੀ ਹੋਈ ਹੈ | ਮੌਜੂਦਾ ਸਮੇਂ ਸੂਬੇ ਦੇ ਲਗਪਗ 1.48 ਕਰੋੜ ਲਾਭਪਾਤਰੀ ਇਨ੍ਹਾਂ ਦੋਵਾਂ ਸਕੀਮਾਂ ਤਹਿਤ ਮੁਫਤ ਕਣਕ ਅਤੇ ਹੋਰ ਰਾਸ਼ਨ ਸਮੱਗਰੀ ਪ੍ਰਾਪਤ ਕਰ ਰਹੇ ਹਨ ਅਤੇ ਇਸ ਨਵੇਂ ਵਿਸਥਾਰ ਨਾਲ 10 ਲੱਖ ਹੋਰ ਲੋੜਵੰਦ ਲੋਕ ਇਸ ਦੇ ਘੇਰੇ ਵਿੱਚ ਆ ਜਾਣਗੇ | ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾ ਦੀ ਸਰਕਾਰ ਨੇ ਪੈਸੇ ਲੈ ਕੇ ਜਾਂ ਸਿਆਸੀ ਆਗੂਆਂ ਦੀਆਂ ਸਿਫਾਰਸ਼ਾਂ ‘ਤੇ ਰਾਸ਼ਨ ਕਾਰਡ ਬਣਾਉਣ ਦੀ ਪੁਰਾਣੀ ਪਿਰਤ ਨੂੰ ਖਤਮ ਕਰ ਦਿੱਤਾ ਹੈ | ਉਨ੍ਹਾ ਕਿਹਾ, Tਪਹਿਲਾਂ ਇਹ ਰਾਸ਼ਨ ਕਾਰਡ ਸਿਰਫ ਰਿਸ਼ਵਤ ਲੈ ਕੇ ਜਾਂ ਸਿਆਸੀ ਆਕਾਵਾਂ ਦੀ ਫਰਮਾਇਸ਼ ‘ਤੇ ਹੀ ਬਣਦੇ ਸਨ, ਪਰ ਅਸੀਂ ਸਿਰਫ ਉਨ੍ਹਾਂ ਲੋਕਾਂ ਦੇ ਕਾਰਡ ਬਣਾ ਰਹੇ ਹਾਂ ਜੋ ਅਸਲ ਵਿੱਚ ਸਭ ਤੋਂ ਵੱਧ ਲੋੜਵੰਦ ਹਨ ਅਤੇ ਆਰਥਕ ਪੌੜੀ ਦੇ ਸਭ ਤੋਂ ਹੇਠਲੇ ਡੰਡੇ ‘ਤੇ ਹਨ |”
ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਕਿ 1.25 ਲੱਖ ਬਿਨੈਕਾਰ ਅਜਿਹੇ ਹਨ, ਜਿਨ੍ਹਾਂ ਨੇ ਅਰਜ਼ੀਆਂ ਵਿੱਚ ਪਤੇ ਗਲਤ ਲਿਖ ਦਿੱਤੇ ਸਨ ਜਾਂ ਕੁਝ ਹੋਰ ਮਾਮੂਲੀ ਤਰੁੱਟੀਆਂ ਰਹਿ ਗਈਆਂ ਸਨ | ਸਰਕਾਰ ਵੱਲੋਂ ਇਨ੍ਹਾਂ ਬਿਨੈਕਾਰਾਂ ਨੂੰ ਗਲਤੀਆਂ ਸੁਧਾਰਨ ਦਾ ਇੱਕ ਹੋਰ ਮੌਕਾ ਦਿੱਤਾ ਜਾਵੇਗਾ ਅਤੇ ਜੇ ਸਾਰੇ ਵੇਰਵੇ ਸਹੀ ਪਾਏ ਗਏ ਤਾਂ ਉਨ੍ਹਾਂ ਦੇ ਰਾਸ਼ਨ ਕਾਰਡ ਤੁਰੰਤ ਜਾਰੀ ਕਰ ਦਿੱਤੇ ਜਾਣਗੇ | ਉਨ੍ਹਾ ਦੱਸਿਆ ਕਿ ਨਵੇਂ ਲਾਭਪਾਤਰੀਆਂ ਵਿੱਚ ਸਭ ਤੋਂ ਵੱਡੀ ਗਿਣਤੀ ਦਲਿਤ ਭਾਈਚਾਰੇ ਨਾਲ ਸੰਬੰਧਤ ਲੋਕਾਂ ਦੀ ਹੈ, ਖਾਸ ਕਰਕੇ ਉਹ ਪਰਵਾਰ ਜੋ ਆਪਣੀ ਰੋਜ਼ੀ-ਰੋਟੀ ਲਈ ਦਿਹਾੜੀ ‘ਤੇ ਨਿਰਭਰ ਹਨ | ਮਾਨ ਨੇ ਭਾਵੁਕ ਹੁੰਦਿਆਂ ਕਿਹਾ, Tਪੰਜਾਬ ਗੁਰੂਆਂ-ਪੀਰਾਂ ਦੀ ਵਰੋਸਾਈ ਧਰਤੀ ਹੈ, ਇੱਥੇ ਕਦੇ ਵੀ ਕੋਈ ਭੁੱਖਾ ਨਹੀਂ ਸੌਂਵੇਗਾ |””ਦੱਸਣਯੋਗ ਹੈ ਕਿ ਸਰਕਾਰ ਵੱਲੋਂ ਰਾਸ਼ਨ ਕਾਰਡਾਂ ਅਤੇ ਪੋਸ਼ਣ ਸਹਾਇਤਾ ਦਾ ਘੇਰਾ ਵਧਾਉਣ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ | ਇਸ ਤੋਂ ਪਹਿਲਾਂ ਫਰਵਰੀ ਵਿੱਚ ਮੁੱਖ ਮੰਤਰੀ ਨੇ ‘ਮੇਰੀ ਰਸੋਈ ਯੋਜਨਾ’ ਦਾ ਐਲਾਨ ਕੀਤਾ ਸੀ, ਜਿਸ ਤਹਿਤ ਲਗਪਗ 40 ਲੱਖ ਲਾਭਪਾਤਰੀ ਪਰਵਾਰਾਂ ਨੂੰ ਕਣਕ ਤੋਂ ਇਲਾਵਾ ਦਾਲਾਂ, ਖੰਡ, ਸਰ੍ਹੋਂ ਦਾ ਤੇਲ, ਨਮਕ ਅਤੇ ਹਲਦੀ ਦੀਆਂ ਮੁਫਤ ਰਾਸ਼ਨ ਕਿੱਟਾਂ ਦਿੱਤੀਆਂ ਜਾਣੀਆਂ ਸਨ | ਇਸੇ ਲੜੀ ਤਹਿਤ ਜੁਲਾਈ ਮਹੀਨੇ ਵਿੱਚ ਸਰਕਾਰ ਨੇ 10 ਲੱਖ ਨਵੇਂ ਰਾਸ਼ਨ ਕਾਰਡ ਜਾਰੀ ਕਰਨ ਦੀ ਮੁਹਿੰਮ ਸ਼ੁਰੂ ਕਰਦਿਆਂ ਅਰਜ਼ੀਆਂ ਦੀ ਮੰਗ ਕੀਤੀ ਸੀ |





