ਬਿਲਕਿਸ ਬਾਨੋ ਫਿਰ ਦੁਖੀ

0
2

2002 ਦੇ ਗੁਜਰਾਤ ਦੰਗਿਆਂ ਦੌਰਾਨ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਹੋਈ ਅਤੇ ਆਪਣੇ ਪਰਵਾਰ ਦੇ 14 ਜੀਆਂ ਨੂੰ ਕਤਲ ਹੁੰਦੇ ਦੇਖਣ ਵਾਲੀ ਇੱਕ ਗਰਭਵਤੀ ਮੁਸਲਮ ਔਰਤ ਬਿਲਕਿਸ ਬਾਨੋ ਨੇ ਆਪਣੇ ਦੋ ਬਲਾਤਕਾਰੀਆਂ ਨੂੰ ਹਾਲ ਹੀ ਵਿੱਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਦਰਦ, ਸਦਮੇ ਅਤੇ ਅਵਿਸ਼ਵਾਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਹ ਇਸ ਹੁਕਮ ਦੇ ਖਿਲਾਫ ਲੜੇਗੀ | ਰਿਹਾਅ ਕੀਤੇ ਜਾਣ ਵਾਲੇ ਵਿਅਕਤੀ 11 ਦੋਸ਼ੀਆਂ ਦੇ ਗਰੁੱਪ ‘ਚ ਸਨ, ਜਿਹੜਾ ਕਿ ਇੱਕ ਹਿੰਦੂ ਭੀੜ ਦਾ ਹਿੱਸਾ ਸੀ ਅਤੇ ਜਿਹੜਾ ਬਾਨੋ ‘ਤੇ ਹਮਲੇ ਲਈ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ |
ਇਸ ਤੋਂ ਪਹਿਲਾਂ ਗੁਜਰਾਤ ਸਰਕਾਰ ਦੇ ਸਜ਼ਾ ਮੁਆਫੀ ਦੇ ਹੁਕਮ ਤੋਂ ਬਾਅਦ 2022 ਵਿੱਚ ਸਾਰੇ ਦੋਸ਼ੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ | ਉਸ ਫੈਸਲੇ ਅਤੇ ਜੇਲ੍ਹ ਤੋਂ ਬਾਹਰ ਆਉਣ ‘ਤੇ ਜਸ਼ਨਾਂ ਨੇ ਵਿਸ਼ਵਵਿਆਪੀ ਰੋਸ ਪੈਦਾ ਕਰ ਦਿੱਤਾ, ਨਤੀਜੇ ਵਜੋਂ 2024 ਵਿੱਚ ਸੁਪਰੀਮ ਕੋਰਟ ਨੇ ਹੁਕਮ ਨੂੰ ਉਲਟਾਅ ਦਿੱਤਾ | ਹੁਣ 28 ਅਕਤੂਬਰ ਨੂੰ ਤਿੰਨ ਪੰਨਿਆਂ ਦੇ ਇੱਕ ਛੋਟੇ ਜਿਹੇ ਹੁਕਮ ਵਿੱਚ ਸੁਪਰੀਮ ਕੋਰਟ ਨੇ ਬਿਪਿਨ ਚੰਦ ਕਨੱ੍ਹਈਆ ਲਾਲ ਜੋਸ਼ੀ ਅਤੇ ਪ੍ਰਦੀਪ ਰਮਨ ਲਾਲ ਮੋਢੀਆ ਨੂੰ ਜ਼ਮਾਨਤ ਦੇ ਦਿੱਤੀ ਅਤੇ ਉਨ੍ਹਾਂ ਦੀਆਂ ਸਜ਼ਾਵਾਂ ਨੂੰ ਮੁਅੱਤਲ ਕਰ ਦਿੱਤਾ, ਜਦੋਂ ਕਿ 2017 ਦੇ ਬੰਬੇ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਉਨ੍ਹਾਂ ਦੀ ਪਟੀਸ਼ਨ ‘ਤੇ ਸੁਣਵਾਈ ਚੱਲ ਰਹੀ ਹੈ | ਜੱਜਾਂ ਨੇ ਸਮਝਾਇਆ ਕਿ ਜਲਦੀ ਰਿਹਾਈ ਇਸ ਲਈ ਕੀਤੀ ਗਈ, ਕਿਉਂਕਿ ਦੋਵੇਂ ਦੋਸ਼ੀ 17 ਸਾਲਾਂ ਤੋਂ ਵੱਧ ਸਮੇਂ ਤੋਂ ਕੈਦ ਵਿੱਚ ਹਨ ਅਤੇ ਇੱਕ ਅਪੀਲਕਰਤਾ ਗੰਭੀਰ ਅਪਾਹਜ ਹੈ | ਇਸ ਫੈਸਲੇ ਨੇ ਬਿਲਕਿਸ ਦਾ ਦਿਲ ਤੋੜ ਦਿੱਤਾ ਹੈ | ਉਸ ਦਾ ਕਹਿਣਾ ਹੈ-ਇਹ ਲੋਕ ਉਨ੍ਹਾਂ ਨੂੰ ਜਿਊਣ ਨਹੀਂ ਦੇਣਗੇ | 17 ਸਾਲ ਤੱਕ ਲੁਕਦੇ ਰਹੇ ਤੇ 20 ਤੋਂ ਵੱਧ ਘਰ ਬਦਲੇ, ਤਦ ਜਾ ਕੇ 11 ਦੋਸ਼ੀਆਂ ਨੂੰ ਉਮਰ ਕੈਦ ਹੋਈ ਸੀ | ਥੋੜ੍ਹਾ ਜਿਹਾ ਸੈਟਲ ਹੋਣ ਲੱਗੇ ਸੀ ਕਿ ਕੋਰਟ ਨੇ ਨਵਾਂ ਹੁਕਮ ਸੁਣਾ ਦਿੱਤਾ ਹੈ | ਇਹ ਫੈਸਲਾ ਨਿਆਂਪਾਲਿਕਾ ਵਿੱਚ ਉਸ ਦੇ ਵਿਸ਼ਵਾਸ ਨੂੰ ਪ੍ਰਭਾਵਤ ਕਰ ਸਕਦਾ ਹੈ |
ਬਾਨੋ ਅਤੇ ਉਸ ਦੇ ਪਰਵਾਰ ‘ਤੇ ਹਮਲਾ ਗੁਜਰਾਤ ਦੰਗਿਆਂ ਦੌਰਾਨ ਸਭ ਤੋਂ ਭਿਆਨਕ ਅਪਰਾਧਾਂ ਵਿੱਚੋਂ ਇੱਕ ਸੀ, ਜੋ ਗੋਧਰਾ ਕਸਬੇ ਵਿੱਚ ਇੱਕ ਯਾਤਰੀ ਰੇਲ ਗੱਡੀ ਵਿੱਚ ਅੱਗ ਲੱਗਣ ਨਾਲ 60 ਹਿੰਦੂ ਸ਼ਰਧਾਲੂਆਂ ਦੇ ਮਾਰੇ ਜਾਣ ਤੋਂ ਬਾਅਦ ਸ਼ੁਰੂ ਹੋਏ ਸਨ | ਹਿੰਦੂ ਭੀੜਾਂ ਨੇ ਮੁਸਲਮ ਮੁਹੱਲਿਆਂ ‘ਤੇ ਹਮਲਾ ਕੀਤਾ | ਦੰਗੇ ਤਿੰਨ ਦਿਨ ਜਾਰੀ ਰਹੇ ਅਤੇ 1,000 ਤੋਂ ਵੱਧ ਲੋਕ ਮਾਰੇ ਗਏ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮੁਸਲਮਾਨ ਸਨ | ਜਦੋਂ ਦੰਗਾਕਾਰੀਆਂ ਨੇ ਬਾਨੋ ਦੇ ਪਿੰਡ ‘ਤੇ ਹਮਲਾ ਕੀਤਾ ਅਤੇ ਮੁਸਲਮ ਘਰਾਂ ਨੂੰ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ, ਤਾਂ ਉਹ ਅਤੇ 16 ਰਿਸ਼ਤੇਦਾਰ ਭੱਜ ਗਏ | ਉਹ ਉਦੋਂ 19 ਸਾਲਾਂ ਦੀ ਸੀ, ਉਸ ਦੀ ਤਿੰਨ ਸਾਲ ਦੀ ਧੀ ਸੀ ਅਤੇ ਉਹ ਆਪਣੇ ਦੂਜੇ ਬੱਚੇ ਨਾਲ ਗਰਭਵਤੀ ਸੀ | ਉਸ ‘ਤੇ 3 ਮਾਰਚ 2002 ਦੀ ਸਵੇਰ ਨੂੰ ਕੁਝ ਆਦਮੀਆਂ ਨੇ ਤਲਵਾਰਾਂ ਅਤੇ ਡੰਡਿਆਂ ਨਾਲ ਹਮਲਾ ਕੀਤਾ ਸੀ | ਤਿੰਨ ਸਾਲ ਦੀ ਧੀ ਨੂੰ ਉਸ ਦੀ ਗੋਦੀ ‘ਚੋਂ ਖੋਹ ਕੇ ਮਾਰ ਦਿੱਤਾ ਗਿਆ ਸੀ | ਹਮਲਾਵਰ ਉਸ ਦੇ ਗੁਆਂਢੀ ਸਨ, ਉਹ ਆਦਮੀ ਜਿਨ੍ਹਾਂ ਨੂੰ ਉਹ ਬਚਪਨ ਵਿੱਚ ਲੱਗਭੱਗ ਹਰ ਰੋਜ਼ ਦੇਖਦੀ ਸੀ | ਉਨ੍ਹਾਂ ਨੇ ਉਸ ਦੇ ਕੱਪੜੇ ਪਾੜ ਦਿੱਤੇ ਅਤੇ ਉਨ੍ਹਾਂ ਵਿੱਚੋਂ ਕਈਆਂ ਨੇ ਉਸ ਨਾਲ ਬਲਾਤਕਾਰ ਕੀਤਾ, ਉਸ ਦੀਆਂ ਰਹਿਮ ਦੀਆਂ ਬੇਨਤੀਆਂ ਨੂੰ ਨਜ਼ਰਅੰਦਾਜ਼ ਕੀਤਾ | ਉਸ ਦੀ ਚਚੇਰੀ ਭੈਣ, ਜਿਸ ਨੇ ਦੋ ਦਿਨ ਪਹਿਲਾਂ ਬੱਚੇ ਨੂੰ ਜਨਮ ਦਿੱਤਾ ਸੀ, ਦਾ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਗਿਆ ਅਤੇ ਉਸ ਦੇ ਨਵਜੰਮੇ ਬੱਚੇ ਨੂੰ ਵੀ ਮਾਰ ਦਿੱਤਾ ਗਿਆ | ਬਾਨੋ ਸਿਰਫ ਇਸ ਕਰਕੇ ਬਚੀ ਕਿਉਂਕਿ ਉਹ ਬੇਹੋਸ਼ ਹੋ ਗਈ ਸੀ ਅਤੇ ਉਸ ਦੇ ਹਮਲਾਵਰ ਇਹ ਸੋਚ ਕੇ ਚਲੇ ਗਏ ਕਿ ਉਹ ਮਰ ਗਈ ਹੈ | ਬਾਨੋ ਦੀ ਇਨਸਾਫ ਲਈ ਲੜਾਈ ਲੰਬੀ ਅਤੇ ਭਿਆਨਕ ਰਹੀ | ਪਹਿਲੀਆਂ ਗਿ੍ਫਤਾਰੀਆਂ 2004 ਵਿੱਚ ਹੀ ਹੋਈਆਂ, ਜਦੋਂ ਸੁਪਰੀਮ ਕੋਰਟ ਨੇ ਕੇਂਦਰੀ ਜਾਂਚਕਰਤਾਵਾਂ ਨੂੰ ਬੁਲਾਇਆ ਅਤੇ ਉਸ ਦਾ ਕੇਸ ਮੁੰਬਈ ਤਬਦੀਲ ਕਰ ਦਿੱਤਾ, ਇਹ ਕਹਿੰਦੇ ਹੋਏ ਕਿ ਗੁਜਰਾਤ ਦੀਆਂ ਅਦਾਲਤਾਂ ਉਸ ਨੂੰ ਇਨਸਾਫ ਨਹੀਂ ਦੇ ਸਕਦੀਆਂ |
ਸੁਪਰੀਮ ਕੋਰਟ ਦੇ ਨਵੇਂ ਫੈਸਲੇ ‘ਤੇ ਬਾਨੋ ਨੇ ਕਿਹਾ ਹੈ, ”ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਇੱਕ ਵਾਰ ਫਿਰ ਸੁਪਰੀਮ ਕੋਰਟ ਨੇ ਮੈਨੂੰ ਬੁਲਾਏ ਬਿਨਾਂ ਅਤੇ ਮੇਰੀ ਗੱਲ ਸੁਣੇ ਬਿਨਾਂ ਹੁਕਮ ਪਾਸ ਕਰ ਦਿੱਤਾ ਹੈ | 24 ਸਾਲਾਂ ਤੋਂ ਮੈਂ ਇਨਸਾਫ ਲਈ ਵਾਰ-ਵਾਰ ਲੜਨ ਲਈ ਖੜ੍ਹੀ ਹਾਂ… ਫਿਰ ਵੀ ਅੱਜ, ਮੈਂ ਉਹ ਇਨਸਾਫ ਗੁਆਉਂਦੀ ਹੋਈ ਪਾਉਂਦੀ ਹਾਂ, ਜਿਸ ਨੂੰ ਹਾਸਲ ਕਰਨ ਲਈ ਮੈਂ ਬਹੁਤ ਸੰਘਰਸ਼ ਕੀਤਾ ਸੀ |” ਬਾਨੋ ਨੇ ਦਿ੍ੜ੍ਹਾਇਆ ਹੈ, ”ਮੈਂ ਸੁਪਰੀਮ ਕੋਰਟ ਦੇ ਇਸ ਹੁਕਮ ਵਿਰੁੱਧ ਲੜਨ ਦੀ ਮੁੜ ਸਹੁੰ ਖਾਂਦੀ ਹਾਂ… ਆਪਣੇ ਬੱਚਿਆਂ ਲਈ, ਜੋ ਆਪਣੀ ਬਾਕੀ ਦੀ ਜ਼ਿੰਦਗੀ ਡਰ ਅਤੇ ਜ਼ਖਮਾਂ ਨਾਲ ਭਰੇ ਰਹਿਣ ਦੇ ਹੱਕਦਾਰ ਨਹੀਂ ਹਨ | ਮੈਂ ਇਹ ਲੜਾਈ ਪੂਰੀ ਦੁਨੀਆ ਦੀਆਂ ਔਰਤਾਂ ਲਈ ਲੜ ਰਹੀ ਹਾਂ | ਕਿਉਂਕਿ ਕਿਸੇ ਵੀ ਔਰਤ, ਕਿਸੇ ਪੀੜਤ, ਕਿਸੇ ਵੀ ਨਾਗਰਿਕ ਨੂੰ ਆਪਣੀ ਪਛਾਣ, ਆਪਣੇ ਅਧਿਕਾਰਾਂ ਅਤੇ ਆਪਣੀ ਸਮਾਨਤਾ ਲਈ ਇਸ ਬੇਅੰਤ ਅਜ਼ਮਾਇਸ਼ ਵਿੱਚੋਂ ਨਹੀਂ ਲੰਘਦੇ ਰਹਿਣਾ ਚਾਹੀਦਾ ਅਤੇ ਆਪਣੀ ਸਾਰੀ ਜ਼ਿੰਦਗੀ ਨਿਆਂ ਲਈ ਸੰਘਰਸ਼ ਨਹੀਂ ਕਰਦੇ ਰਹਿਣਾ ਚਾਹੀਦਾ |”
ਗੁਜਰਾਤ ਦੰਗਿਆਂ ਦੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਅਤੇ ਉਨ੍ਹਾ ਦੀ ਇਸ ਕਤਲੇਆਮ ਨੂੰ ਰੋਕਣ ਲਈ ਕਾਫੀ ਕੁਝ ਨਾ ਕਰਨ ਲਈ ਆਲੋਚਨਾ ਕੀਤੀ ਗਈ ਸੀ | ਉਨ੍ਹਾ ਨੇ ਹਮੇਸ਼ਾ ਗਲਤ ਕੰਮ ਕਰਨ ਤੋਂ ਇਨਕਾਰ ਕੀਤਾ ਹੈ ਅਤੇ ਦੰਗਿਆਂ ਲਈ ਮੁਆਫੀ ਨਹੀਂ ਮੰਗੀ | 2013 ਵਿੱਚ ਸੁਪਰੀਮ ਕੋਰਟ ਦੇ ਇੱਕ ਪੈਨਲ ਨੇ ਵੀ ਕਿਹਾ ਸੀ ਕਿ ਉਨ੍ਹਾ ‘ਤੇ ਮੁਕੱਦਮਾ ਚਲਾਉਣ ਲਈ ਕਾਫੀ ਸਬੂਤ ਨਹੀਂ ਹਨ, ਪਰ ਆਲੋਚਕ ਉਨ੍ਹਾ ਦੀ ਨਿਗਰਾਨੀ ਹੇਠ ਹੋਏ ਦੰਗਿਆਂ ਲਈ ਉਨ੍ਹਾ ਨੂੰ ਦੋਸ਼ੀ ਠਹਿਰਾਉਂਦੇ ਰਹੇ ਹਨ | ਬਾਨੋ ਦੀ ਲੰਬੀ ਲੜਾਈ ਵਿੱਚ ਲੋਕਾਂ ਨੇ ਉਸ ਦਾ ਬਹੁਤ ਸਾਥ ਦਿੱਤਾ | ਹੁਣ ਬਾਨੋ ਨੂੰ ਫਿਰ ਲੋਕਾਂ ਦੇ ਸਾਥ ਦੀ ਲੋੜ ਹੈ |