ਇੱਕ ਕਰੋੜ ਨਾ ਦੇਣ ’ਤੇ ਬੰਬ ਨਾਲ ਉਡਾ ਦੇਣ ਦੀ ਧਮਕੀ ਦੇਣ ਵਾਲੇ ਦਬੋਚੇ

0
257

ਤਲਵੰਡੀ ਸਾਬੋ, (ਜਗਦੀਪ ਗਿੱਲ)
ਜੇਲ੍ਹ ਵਿੱਚ ਬੈਠੇ ਗੋਲਡੀ ਬਰਾੜ ਗੈਂਗ ਦੇ ਇੱਕ ਸਰਕਰਦਾ ਗੈਂਗਸਟਰ ਨੂੰ ਵਰਤਦਿਆਂ ਮੋਹਤਬਰਾਂ ਦੇ ਭੇਖ ਵਿੱਚ ਵਿਚਰਦੇ ਕੁਝ ਚਲਾਕ ਲੋਕਾਂ ਵੱਲੋਂ ਵੱਖ-ਵੱਖ ਕਾਰੋਬਾਰੀਆਂ ਤੋਂ ਕਰੋੜਾਂ ਦੀਆਂ ਫਿਰੌਤੀਆਂ ਮੰਗੇ ਜਾਣ ਦੀਆਂ ਖਬਰਾਂ ਦੀ ਹਾਲੇ ਸਿਆਹੀ ਵੀ ਨਹੀਂ ਸੁੱਕੀ ਕਿ ਇਥੋਂ ਦੇ ਇੱਕ ਹੋਰ ਸ਼ਖਸ ਨੂੰ ਮਿਲੀ ਇਕ ਚਿੱਠੀ ਨੇ ਉਸ ਦੇ ਪਰਵਾਰ ਅਤੇ ਸਮੁੱਚੇ ਸ਼ਹਿਰੀਆਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ।
ਸਤਪਾਲ ਅਰੋੜਾ ਨਾਂਅ ਦੇ ਇਕ ਕਾਰੋਬਾਰੀ, ਜਿਸ ਦਾ ਪਰਵਾਰ ਬਿਊਟੀ ਪਾਰਲਰ ਦੇ ਕਿੱਤੇ ਸਮੇਤ ਹੋਰ ਕਈ ਕਾਰੋਬਾਰ ਕਰਦਾ ਹੈ, ਨੂੰ ਹਿੰਦੀ ਵਿੱਚ ਮਿਲੀ ਇਕ ਚਿੱਠੀ ਵਿੱਚ ਕਿਹਾ ਗਿਆ ਕਿ 1 ਕਰੋੜ ਰੁਪਏ ਆਪਣੇ ਮਕਾਨ ਦੀਆਂ ਪੌੜੀਆਂ ਵਿੱਚ ਰੱਖ ਦੇਵੋ। 22 ਤਰੀਕ ਤੱਕ ਅਜਿਹਾ ਨਾ ਕੀਤੇ ਜਾਣ ਦੀ ਸੂਰਤ ਵਿੱਚ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦੇ ਨਾਲ-ਨਾਲ ਉਸ ਦੇ ਪਰਵਾਰ ਨੂੰ ਬੰਬ ਨਾਲ ਉਡਾ ਦੇਣ ਦਾ ਵੀ ਉਕਤ ਚਿੱਠੀ ਵਿੱਚ ਜ਼ਿਕਰ ਕੀਤਾ ਗਿਆ ਹੈ।
ਫੋਨ ਉੱਪਰ ਸੂਚਨਾ ਮਿਲਦੇ ਹੀ ਐੱਸ ਐੱਚ ਓ ਥਾਣਾ ਤਲਵੰਡੀ ਸਾਬੋ ਦੀ ਅਗਵਾਈ ਵਿਚ ਪੁਲਸ ਮੌਕੇ ਉਪਰ ਪੁੱਜ ਗਈ। ਉਕਤ ਚਿੱਠੀ, ਘਰ ਅਤੇ ਆਲੇ-ਦੁਆਲੇ ਦੀ ਜਾਂਚ ਕਰਦਿਆਂ ਪੁਲਸ ਨੇ ਸਤਪਾਲ ਅਰੋੜਾ ਦੇ ਆਪਣੇ ਮਕਾਨ ਵਿੱਚ ਹੀ ਉਪਰਲੀ ਮੰਜ਼ਲ ਉੱਪਰ ਕਮਰਾ ਕਿਰਾਏ ’ਤੇ ਲੈ ਕੇ ਰਹਿ ਰਹੇ ਪਿੰਡ ਲਹਿਰੀ ਦੇ ਇੱਕ ਸ਼ਖਸ ਨੂੰ ਦਬੋਚ ਲਿਆ, ਜਦੋਂ ਕਿ ਉਸ ਤੋਂ ਤੁਰੰਤ ਬਾਅਦ ਹੀ ਇਕ ਹੋਰ ਗੈਰ-ਪੰਜਾਬੀ ਜਿਹੜਾ ਸਤਪਾਲ ਅਰੋੜਾ ਦੇ ਮਕਾਨ ਵਿੱਚ ਹੀ ਰਹਿੰਦਾ ਹੈ ਅਤੇ ਦੁੱਧ ਦੀ ਇਕ ਦੁਕਾਨ ਉਪਰ ਇਥੇ ਕੰਮ ਕਰਦਾ ਦੱਸਿਆ ਜਾ ਰਿਹਾ ਹੈ, ਨੂੰ ਹਿਰਾਸਤ ਵਿੱਚ ਲੈ ਲਿਆ।
ਚਸ਼ਮਦੀਦਾਂ ਅਨੁਸਾਰ ਪੁਲਸ ਨੇ ਉਕਤ ਕਿਰਾਏਦਾਰਾਂ ਵਿੱਚੋਂ ਇੱਕ ਦੇ ਟਰੰਕ ਵਿਚੋਂ ਕੁਝ ਹੋਰ ਲੈਟਰ ਵੀ ਬਰਾਮਦ ਕਰ ਲਏ ਦੱਸੇ ਜਾ ਰਹੇ ਹਨ। ਪੁਲਸ ਫੜੇ ਗਏ ਕਿਰਾਏਦਾਰਾਂ ਤੋਂ ਪੁੱਛਗਿੱਛ ਕਰ ਰਹੀ ਸੀ। ਉਧਰ ਇਸ ਮਾਮਲੇ ਦੇ ਸੰਬੰਧ ਵਿੱਚ ਪੱਖ ਜਾਣਨ ਲਈ ਜਦੋਂ ਐੱਸ ਐੱਚ ਓ ਤਲਵੰਡੀ ਸਾਬੋ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾ ਕਿਹਾ ਕਿ ਹਾਲੇ ਪੀੜਤ ਪਰਵਾਰ ਨੇ ਲਿਖਤੀ ਸ਼ਿਕਾਇਤ ਹੀ ਪੁਲਸ ਨੂੰ ਨਹੀਂ ਦਿੱਤੀ, ਓਨਾ ਚਿਰ ਅਸੀਂ ਕਨੂੰਨੀ ਕਾਰਵਾਈ ਕੀ ਕਰੀਏ? ਜਦੋਂ ਪੀੜਤ ਪਰਵਾਰ ਦੇ ਮੁਖੀ ਸੱਤਪਾਲ ਅਰੋੜਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾ ਕਿਹਾ ਕਿ ਹਾਲੇ ਕੁਝ ਮਿੰਟ ਪਹਿਲਾਂ ਹੀ ਪੁਲਸ ਦਾ ਸੁਨੇਹਾ ਮਿਲਿਆ ਹੈ ਅਤੇ ਅਸੀਂ ਬਿਆਨ ਦਰਜ ਕਰਵਾਉਣ ਲਈ ਥਾਣੇ ਜਾ ਰਹੇ ਹਾਂ।

LEAVE A REPLY

Please enter your comment!
Please enter your name here