ਜਲੰਧਰ (ਗਿਆਨ ਸੈਦਪੁਰੀ)
‘ਪੰਜਾਬ ਵਿੱਚ ਸਰਕਾਰ ਭਾਵੇਂ ਅਕਾਲੀ ਦਲ-ਭਾਜਪਾ ਗੱਠਜੋੜ ਦੀ ਰਹੀ ਹੋਵੇ, ਚਾਹੇ ਕਾਂਗਰਸ ਪਾਰਟੀ ਦੀ ਤੇ ਭਾਵੇਂ ਮੌਜੂਦਾ ‘ਆਪ’ ਦੀ, ਸਭ ਨੇ ਨਸ਼ੇ ਵਰਗੇ ਭਿਆਨਕ ਮਸਲੇ ਨੂੰ ਉਭਾਰ ਕੇ ਅਤੇ ਹੱਲ ਕਰਨ ਦੇ ਦਾਅਵਿਆਂ ਨਾਲ ਵੱਖ-ਵੱਖ ਸਮੇਂ ਸਰਕਾਰਾਂ ਤਾਂ ਬਣਾ ਲਈਆਂ, ਪਰ ਪੰਜਾਬ ਸਿਆਸੀ, ਸਮਾਜੀ ਤੇ ਆਰਥਿਕ ਖੇਤਰ ਵਿੱਚ ਦਿਨੋ-ਦਿਨ ਨਿਘਰਦਾ ਗਿਆ | ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਨਵਾਂ ਸ਼ਹਿਰ ਦੀ ਕੌਂਸਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਸੂਬਾ ਸਕੱਤਰੇਤ ਮੈਂਬਰ ਨੇ ਕੀਤਾ | ਉਨ੍ਹਾ ਕਿਹਾ ਕਿ ਪੰਜਾਬ ਵਿੱਚ ਸਿੰਥੈਟਿਕ ਨਸ਼ਿਆਂ ਦਾ ਵਰਤਾਰਾ ਇੰਨਾ ਮਾਰੂ ਰੂਪ ਅਖਤਿਆਰ ਕਰ ਚੁੱਕਾ ਹੈ ਕਿ ਹਰ ਰੋਜ਼ ਕਿਸੇ ਨਾ ਕਿਸੇ ਪਿੰਡ ਵਿੱਚ ਮਾਪਿਆਂ ਨੂੰ ਬੱਚਿਆਂ ਦੀਆਂ ਅਰਥੀਆਂ ਨੂੰ ਮੋਢਾ ਦੇਣਾ ਪੈ ਰਿਹਾ ਹੈ | ਸਮਾਜਿਕ ਤੌਰ ‘ਤੇ ਰਿਸ਼ਤਿਆਂ ਦੀ ਮਾਣ-ਮਰਿਯਾਦਾ ਖੰਭ ਲਾ ਕੇ ਉੱਡ ਗਈ ਹੈ | ਕਿਸੇ ਵਕਤ ਮਾਣ ਕਰਨ ਯੋਗ ਪੰਜਾਬ ਬੁਰੀ ਤਰ੍ਹਾਂ ਧੁੰਦਲਕੇ ਵਿੱਚ ਹੈ | ਮੌਜੂਦਾ ਸਰਕਾਰ ਦੇ ਇਮਾਨਦਾਰ ਹੋਣ ਦੇ ਵੱਡੇ-ਵੱਡੇ ਦਾਅਵੇ ਠੁੱਸ ਸਾਬਤ ਹੋ ਚੁੱਕੇ ਹਨ | ਭਿ੍ਸ਼ਟਾਚਾਰ ਸਾਰੀਆਂ ਹੱਦਾਂ ਬੰਨੇ ਟੱਪ ਚੁੱਕਾ ਹੈ | ਕਾਮਰੇਡ ਸਰਹਾਲੀ ਕਲਾਂ ਨੇ ਸੱਦਾ ਦਿੱਤਾ ਕਿ ਸੀ ਪੀ ਆਈ ਵੱਲੋਂ ਇੱਕ ਦਸੰਬਰ ਤੋਂ ਤਿੰਨ ਦਸੰਬਰ ਤੱਕ ਚਲਾਏ ਜਾ ਰਹੇ ਜੇਲ੍ਹ ਭਰੋ ਅੰਦੋਲਨ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ ਜਾਵੇ |
ਉਨ੍ਹਾ ਦੱਸਿਆ ਕਿ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਦੋ ਦਸੰਬਰ ਨੂੰ ਇਸ ਅੰਦੋਲਨ ਵਿੱਚ ਕੁੱਦਿਆ ਜਾਵੇਗਾ | ਦੋ ਦਸੰਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਸੈਂਕੜੇ ਕਮਿਊਨਿਸਟ ਕਾਰਕੁਨ ਗਿ੍ਫ਼ਤਾਰੀਆਂ ਦੇਣਗੇ | ਆ ਰਹੀਆਂ ਵਿਧਾਨ ਸਭਾਈ ਚੋਣਾਂ ਬਾਰੇ ਗੱਲ ਕਰਦਿਆਂ ਕਾਮਰੇਡ ਦੇਵੀ ਕੁਮਾਰੀ ਨੇ ਕਿਹਾ ਕਿ ਸੀ ਪੀ ਆਈ ਇਸ ਗੱਲ ‘ਤੇ ਸ਼ਿੱਦਤ ਨਾਲ ਵਿਚਾਰ ਕਰ ਰਹੀ ਹੈ ਕਿ ਇੱਥੇ ਖੱਬੀਆਂ ਧਿਰਾਂ ਅਤੇ ਜਮਹੂਰੀਅਤ ਪਸੰਦ ਤਾਕਤਾਂ ਸਾਂਝਾ ਮੰਚ ਬਣਾ ਕੇ ਚੋਣ ਲੜਨ |
ਉਨ੍ਹਾ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੀ ਸਾਂਝ ਬਣਨ ਤੋਂ ਪਹਿਲਾਂ ਪਾਰਟੀ ਆਪਣੇ ਪੱਧਰ ‘ਤੇ ਚੋਣ ਲੜਨ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਕਈ ਚੋਣ ਹਲਕਿਆਂ ਵਿੱਚ ਤਿਆਰੀ ਕਰ ਰਹੀ ਹੈ | ਕਾਮਰੇਡ ਸਰਹਾਲੀ ਕਲਾਂ ਨੇ ਕਿਹਾ ਕਿ ਇਸੇ ਸੰਦਰਭ ਵਿੱਚ ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਨਵਾਂ ਸ਼ਹਿਰ ਅਤੇ ਬੰਗਾ ਸੀਟ ਤੋਂ ਚੋਣ ਲੜੇਗੀ | ਮੀਟਿੰਗ ਦੇ ਸ਼ੁਰੂ ਵਿੱਚ ਕਾਮਰੇਡ ਨਿਰੰਜਣ ਦਾਸ ਮੇਹਲੀ ਨੇ ਸ਼ੋਕ ਮਤਾ ਪੇਸ਼ ਕੀਤਾ | ਨਵਾਂ ਜ਼ਮਾਨਾ ਦੇ ਸੰਪਾਦਕ ਕਾਮਰੇਡ ਚੰਦ ਫਤਿਹਪੁਰੀ, ਬਲਵੀਰ ਚੰਦ ਮੇਹਲੀ, ਗੁਰਨਾਮ ਸਿੰਘ ਦਾਊਦ, ਮਨਜੀਤ ਸਿੰਘ ਰਾਮਵਤੀ ਅਤੇ ਮਾਇਆ ਦੇਵੀ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਵਿਚਾਰਨਯੋਗ ਏਜੰਡਾ ਜ਼ਿਲ੍ਹਾ ਸਕੱਤਰ ਕਾਮਰੇਡ ਜਸਵਿੰਦਰ ਭੰਗਲ ਨੇ ਪੇਸ਼ ਕੀਤਾ | ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਰਾਮ ਆਸਰਾ ਨੇ ਕੀਤੀ | ਮੀਟਿੰਗ ਵਿੱਚ ਗੁਰਮੁਖ ਸਿੰਘ ਫਰਾਲਾ, ਜਗਤਾਰ ਸਿੰਘ, ਗੁਰਮੀਤ ਰਾਮ, ਦੇਸ ਰਾਜ ਬੀਕਾ, ਗੁਰਿੰਦਰ ਵੀਨਾ ਰਾਣੀ, ਜੋਗਿੰਦਰ ਸਿੰਘ, ਅਸ਼ੋਕ ਕੁਮਾਰ, ਵਿਜੈ ਸਿੰਘ, ਗੁਰਦੀਪ ਸਿੰਘ, ਸੁਰਿੰਦਰ ਸਿੰਘ, ਹਰਬੰਸ ਸਿੰਘ, ਪਰਮਿੰਦਰ ਮੇਨਕਾ, ਮਨੋਹਰ ਲਾਲ, ਸੰਤੋਖ ਪਾਲ ਰਾਹੋਂ, ਸ਼ਿੰਗਾਰਾ ਸਿੰਘ, ਹਰੀ ਕ੍ਰਿਸ਼ਨ, ਜਗਦੀਸ਼ ਸਿੰਘ, ਹਰਬੰਸ ਸਿੰਘ, ਸੁਰੇਸ਼ ਕੁਮਾਰ, ਰਾਮ ਸ਼ਰਨ, ਕਰਨੈਲ ਸਿੰਘ ਆਦਿ ਹਾਜ਼ਰ ਸਨ |





