ਦੀਨਾਨਗਰ : ਬੀ ਡੀ ਪੀ ਓ ਦੀਨਾਨਗਰ ਵੱਲੋਂ ਸੀ ਪੀ ਆਈ ਆਗੂਆਂ ਨਾਲ ਕੀਤੀ ਗਈ ਬਦਸਲੂਕੀ ਦੇ ਵਿਰੋਧ ਵਿੱਚ ਵੀਰਵਾਰ ਕਮਿਊਨਿਸਟ ਤੇ ਕਿਸਾਨ ਜਥੇਬੰਦੀਆਂ ਵੱਲੋਂ ਬੀ ਡੀ ਪੀ ਓ ਦਫ਼ਤਰ ਦਾ ਘਿਰਾਓ ਕਰਕੇ ਬੀ ਡੀ ਪੀ ਓ ਨਿਰਮਲ ਸਿੰਘ ਖ਼ਿਲਾਫ਼ ਧਰਨਾ ਦਿੱਤਾ ਗਿਆ | ਉਨ੍ਹਾਂ ਇਸ ਅਧਿਕਾਰੀ ‘ਤੇ ਸੀ ਪੀ ਆਈ ਆਗੂਆਂ ਦੇ ਵਫ਼ਦ ਨਾਲ ਮਾੜਾ ਸਲੂਕ ਕਰਨ ਦੇ ਇਲਜ਼ਾਮ ਲਗਾਉਂਦਿਆਂ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਅਤੇ ਸਰਕਾਰ ਨੂੰ ਅਜਿਹੇ ਹੈਾਕੜਬਾਜ਼ ਅਫ਼ਸਰਾਂ ਨੂੰ ਤੁਰੰਤ ਨੱਥ ਪਾਉਣ ਦੀ ਅਪੀਲ ਕੀਤੀ | ਸੀ ਪੀ ਆਈ ਦੇ ਸੂਬਾ ਕੌਂਸਲ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ ਬਲਬੀਰ ਸਿੰਘ ਕੱਤੋਵਾਲ ਨੇ ਕਿਹਾ ਕਿ ਅਸੀਂ ਪਿੰਡ ਭਗਵਾਨਪੁਰ ਵਿੱਚ ਇੱਕ ਜਨਤਕ ਰਸਤੇ ‘ਤੇ ਹੋਏ ਨਾਜਾਇਜ਼ ਕਬਜ਼ੇ ਸੰਬੰਧੀ ਬੀ ਡੀ ਪੀ ਓ ਦੀਨਾਨਗਰ ਨੂੰ ਮਿਲਣ ਗਏ ਸੀ, ਪਰ ਕਈ ਵਾਰ ਬੇਨਤੀ ਕਰਨ ਦੇ ਬਾਵਜੂਦ ਉਕਤ ਅਧਿਕਾਰੀ ਨੇ ਨਾਜਾਇਜ਼ ਕਬਜ਼ੇ ਨੂੰ ਛੁਡਵਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਅਤੇ ਕਬਜ਼ਾਧਾਰੀਆਂ ਖ਼ਿਲਾਫ਼ ਐਕਸ਼ਨ ਲੈਣ ਦੀ ਬਜਾਏ ਕਮਿਊਨਿਸਟ ਆਗੂਆਂ ਨਾਲ ਹੀ ਦੁਰਵਿਹਾਰ ਕੀਤਾ | ਉਨ੍ਹਾ ਕਿਹਾ ਕਿ ਇਹ ਧਰਨਾ ਇੱਕ ਚਿਤਾਵਨੀ ਵਜੋਂ ਹੈ, ਜੇਕਰ ਪਿੰਡ ਭਗਵਾਨਪੁਰ ਦਾ ਮਸਲਾ ਹੱਲ ਨਾ ਹੋਇਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ |
ਏਟਕ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਕੈਰੇ ਨੇ ਦੋਸ਼ ਲਗਾਇਆ ਕਿ ਅੱਜ ਦੀ ਤਰੀਕ ਵਿੱਚ ਸਭ ਤੋਂ ਭਿ੍ਸ਼ਟ ਮਹਿਕਮਾ ਬਲਾਕ ਵਿਕਾਸ ਤੇ ਪੰਚਾਇਤ ਦਾ ਹੈ, ਜਿਸ ਦੇ ਅੰਦਰ ਅਜਿਹੇ ਲੋਕ ਵਿਰੋਧੀ ਸੋਚ ਰੱਖਣ ਵਾਲੇ ਅਫ਼ਸਰ ਕੰਮ ਕਰਦੇ ਹਨ | ਉਨ੍ਹਾ ਕਿਹਾ ਕਿ ਕਮਿਊਨਿਸਟ ਜਥੇਬੰਦੀਆਂ ਹਮੇਸ਼ਾ ਲੋਕ ਮਸਲੇ ਲੈ ਕੇ ਹੀ ਸਰਕਾਰੀ ਦਫ਼ਤਰਾਂ ਵਿੱਚ ਜਾਂਦੀਆਂ ਹਨ ਅਤੇ ਅਸੀਂ ਹੱਕ ਤੇ ਸੱਚ ‘ਤੇ ਪਹਿਰਾ ਦੇਣ ਵਾਲੀ ਜਮਾਤ ਵਜੋਂ ਜਾਣੇ ਜਾਂਦੇ ਹਾਂ, ਪਰ ਬੀ ਡੀ ਪੀ ਓ ਵਰਗੇ ਅਧਿਕਾਰੀ ਕਮਿਊਨਿਸਟਾਂ ਨੂੰ ਧਰਨੇ ਲਗਾਉਣ ਤੇ ਪ੍ਰਦਰਸ਼ਨ ਕਰਨ ਲਈ ਮਜਬੂਰ ਕਰਦੇ ਹਨ | ਉਨ੍ਹਾ ਚਿਤਾਵਨੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੇ ਅਫ਼ਸਰਾਂ ਨੂੰ ਲੋਕ ਨੁਮਾਇੰਦਿਆਂ ਨਾਲ ਚੰਗਾ ਬੋਲਣ ਦੀ ਜਾਚ ਸਿਖਾਵਾਂਗੇ ਅਤੇ ਪਿੰਡ ਭਗਵਾਨਪੁਰ ‘ਚ ਹੋਏ ਕਬਜ਼ੇ ਦਾ ਮਸਲਾ ਹੱਲ ਨਾ ਹੋਣ ਦੀ ਸੂਰਤ ਵਿੱਚ ਦੀਨਾਨਗਰ ਦੇ ਥਾਣਾ ਚੌਕ ਨੂੰ ਚੁਫੇਰਿਓਾ ਬੰਦ ਕਰਕੇ ਦੁਬਾਰਾ ਧਰਨਾ ਲਗਾਇਆ ਜਾਵੇਗਾ | ਇਸ ਦੌਰਾਨ ਸੁਖਦੇਵ ਸਿੰਘ ਕਾਹਲੋਂ, ਬਲਬੀਰ ਸਿੰਘ ਰੰਧਾਵਾ ਅਤੇ ਹਰਚਰਨ ਸਿੰਘ ਔਜਲਾ ਨੇ ਬੀ ਡੀ ਪੀ ਓ ਦੇ ਕਥਿਤ ਮਾੜੇ ਵਤੀਰੇ ਦੀ ਨਿਖੇਧੀ ਕੀਤੀ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਗੱਲ ਆਖੀ | ਇਸ ਮੌਕੇ ਮੇਹਰਬਾਨ ਸਿੰਘ ਕਲੀਜਪੁਰ, ਬਲਵਿੰਦਰ ਸਿੰਘ ਉਦੀਪੁਰ, ਬੂਆ ਸਿੰਘ ਦਬੁਰਜੀ, ਤਰਲੋਕ ਸਿੰਘ ਰਊਵਾਲ, ਸ਼ਿਵ ਦੱਤ, ਰੂਪ ਲਾਲ, ਕਰਨੈਲ ਸਿੰਘ, ਗੁਰਦਿਆਲ ਸਿੰਘ, ਰਘਵੀਰ ਸਿੰਘ, ਰਮੇਸ਼ ਸਦਾਨਾ, ਰਮਨ ਕੁਮਾਰ, ਵਿਜੇ ਕੁਮਾਰ, ਅਜੀਤ ਸਿੰਘ, ਸੋਹਨ ਲਾਲ ਬੇਰੀਆਂ, ਵਿਪਨ ਕੁਮਾਰ, ਦਰਸ਼ਨ ਆਹਲੂਵਾਲ, ਦਰਸ਼ਨ ਅਵਾਂਖਾ, ਤਿਲਕ ਰਾਜ, ਸੁੱਖਾ ਅਵਾਂਖਾ, ਦਿਲਬਾਗ ਸਿੰਘ, ਹਰਵਿੰਦਰ ਸਿੰਘ, ਗੁਰਬਿੰਦਰ ਸਿੰਘ, ਬਾਊ ਮਸੀਹ, ਗੁਰਚਰਨ ਸਿੰਘ ਵਾਲੀਆ, ਅਨੂਪ ਸਿੰਘ, ਮੰਗਤ ਰਾਮ, ਬੂਆ ਸਿੰਘ, ਜਗਦੀਸ਼ ਰਾਜ ਸ਼ਾਦੀਪੁਰ, ਵਿਪਨ ਕੁਮਾਰ ਅਤੇ ਬੂਟਾ ਰਾਮ ਤੋਂ ਇਲਾਵਾ ਵੱਡੀ ਗਿਣਤੀ ‘ਚ ਵਰਕਰ ਹਾਜ਼ਰ ਸਨ |





