ਕੁਝ ਲੋਕ ਪੂਰੇ ਦੇਸ਼ ਨੂੰ ਹਨੇਰੇ ‘ਚ ਸੁੱਟਣ ਦੀ ਕੋਸ਼ਿਸ਼ ‘ਚ : ਬਿਲਕਿਸ ਬਾਨੋ

0
7

ਕੋਚੀ (ਨਵਾਂ ਜ਼ਮਾਨਾ ਸਰਵਿਸ)
‘ਮੇਰੀ ਜ਼ਿੰਦਗੀ ਵਿੱਚ ਹਨੇਰਾ ਫੈਲਾਉਣ ਵਾਲੇ ਹੁਣ ਪੂਰੇ ਦੇਸ਼ ਨੂੰ ਹਨੇਰੇ ਵਿੱਚ ਸੁੱਟਣ ਦੀ ਕੋਸ਼ਿਸ਼ ਕਰ ਰਹੇ ਹਨ |’ 2002 ਦੇ ਗੁਜਰਾਤ ਦੰਗਿਆਂ ਤੋਂ ਬਚੀ ਬਿਲਕਿਸ ਬਾਨੋ ਨੇ ਸ਼ਨੀਵਾਰ ਕੋਚੀ ਵਿੱਚ ਇਹ ਪ੍ਰਗਟਾਵਾ ਕੀਤਾ | ਟਾਊਨ ਹਾਲ ਵਿਖੇ ਵੈਲਫੇਅਰ ਪਾਰਟੀ ਆਫ਼ ਇੰਡੀਆ ਦੇ ਕੇਰਲਾ ਰਾਜ ਸੰਮੇਲਨ ਦੇ ਉਦਘਾਟਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਬੋਲਦਿਆਂ ਬਿਲਕਿਸ ਨੇ ਕਿਹਾ ਕਿ ਦੁਖਾਂਤ ਲਈ ਜ਼ਿੰਮੇਵਾਰ ਲੋਕ ਉਸ ਦੇ ਪਰਵਾਰ ਦਾ ਪਿੱਛਾ ਕਰਨਾ ਜਾਰੀ ਰੱਖ ਰਹੇ ਹਨ | ਪਾਰਟੀ ਦੀ ਕੇਰਲ ਇਕਾਈ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਉਸ ਨੇ ਪ੍ਰਬੰਧਕਾਂ ਨਾਲ ਗੱਲਬਾਤ ਦੌਰਾਨ ਇਹ ਟਿੱਪਣੀਆਂ ਕੀਤੀਆਂ | ‘ਦਰਦ, ਸਦਮਾ ਅਤੇ ਅਵਿਸ਼ਵਾਸ’ ‘ਚ ਘਿਰੀ ਬਿਲਕਿਸ ਬਾਨੋ ਕਹਿੰਦੀ ਹੈ ਕਿ ਸੁਪਰੀਮ ਕੋਰਟ ਨੇ ਉਸ ਦੀ ਗੱਲ ਸੁਣੇ ਬਿਨਾਂ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਦੀਆਂ ਸਜ਼ਾਵਾਂ ਮੁਅੱਤਲ ਕਰ ਦਿੱਤੀਆਂ | ਉਸ ਭਿਆਨਕ ਘਟਨਾ ਨੂੰ ਯਾਦ ਕਰਦਿਆਂ ਬਿਲਕਿਸ ਨੇ ਕਿਹਾ ਕਿ ਇੱਕ ਦਿਨ ਉਹ ਅਤੇ ਉਸ ਦਾ ਪਰਵਾਰ ਇੱਕ ਭਿਆਨਕ ਸੁਪਨੇ ਵਿੱਚ ਜਾਗੇ | ਉਸ ਦੁਖਾਂਤ ਲਈ ਜ਼ਿੰਮੇਵਾਰ ਲੋਕ ਅੱਜ ਵੀ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ | ਗੁਜਰਾਤ ਵਿੱਚ ਉਨ੍ਹਾਂ ਦੁਆਰਾ ਦੇਖੇ ਗਏ ਅਤੇ ਸਹਿਣ ਕੀਤੇ ਗਏ ਜ਼ੁਲਮ ਹੁਣ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਦੁਹਰਾਏ ਜਾ ਰਹੇ ਹਨ ਅਤੇ ਉਸ ਨੂੰ ਇਨਸਾਫ਼ ਦੀ ਭਾਲ ਵਿੱਚ ਦੇਸ਼ ਭਰ ਵਿੱਚ ਭਟਕਣ ਲਈ ਮਜਬੂਰ ਕੀਤਾ ਗਿਆ ਹੈ | ਇਨ੍ਹਾਂ ਸਾਲਾਂ ਦੌਰਾਨ ਉਸ ਨੂੰ ਅਤੇ ਪਰਵਾਰ ਨੂੰ ਕਈ ਵਾਰ ਘਰ ਬਦਲਣਾ ਪਿਆ | ਜਦੋਂ ਸਾਡੇ ‘ਤੇ ਹਮਲਾ ਹੋਇਆ ਤਾਂ ਇਹ ਗੁੰਡੇ ਅਤੇ ਅਪਰਾਧੀ ਸਨ, ਜੋ ਹਮਲਾਵਰਾਂ ਦੇ ਨਾਲ ਖੜ੍ਹੇ ਸਨ | ਅੱਜ ਪੁਲਸ, ਅਧਿਕਾਰੀ ਅਤੇ ਪ੍ਰਸ਼ਾਸਨ ਮਿਲ ਕੇ ਆਪਣੇ ਹਿੱਤਾਂ ਨੂੰ ਪੂਰਾ ਕਰਦੇ ਹਨ | ਬਿਲਕਿਸ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਹਾਲ ਹੀ ਵਿੱਚ ਉਸ ਦੇ ਮਾਮਲੇ ਵਿੱਚ ਦੋ ਦੋਸ਼ੀਆਂ ਦੀਆਂ ਸਜ਼ਾਵਾਂ ਨੂੰ ਮੁਅੱਤਲ ਕਰਨਾ ਇੱਕ ਵੱਡਾ ਝਟਕਾ ਹੈ | ਨਿਆਂ ਪਾਲਿਕਾ ਤੋਂ ਵੀ ਨਿਰਾਸ਼ਾ ਦਾ ਸਾਹਮਣਾ ਕਰਨਾ ਦੁਖਦਾਈ ਹੈ | ਇਨ੍ਹਾਂ ਹਨੇਰੇ ਸਮਿਆਂ ਵਿੱਚ ਵੀ ਮੈਂ ਕੇਰਲ ਨੂੰ ਉਮੀਦ ਨਾਲ ਦੇਖਦੀ ਹਾਂ | ਉਸ ਨੇ ਕਿਹਾ ਕਿ ਕੇਰਲ ਪਹੁੰਚਣ ਤੋਂ ਬਾਅਦ ਉਸ ਨੂੰ ਜੋ ਪਿਆਰ ਅਤੇ ਦੇਖਭਾਲ ਮਿਲੀ ਹੈ, ਉਸ ਨੇ ਉਸ ਨੂੰ ਬਹੁਤ ਖੁਸ਼ੀ ਦਿੱਤੀ ਹੈ | ਮੈਂ ਆਪਣੀ ਜ਼ਿੰਦਗੀ ਵਿੱਚ ਵਾਪਰੀ ਹਰ ਚੀਜ਼ ਨੂੰ ਇੱਕ ਬੁਰੇ ਸੁਪਨੇ ਵਜੋਂ ਦੇਖਣਾ ਚਾਹੁੰਦੀ ਹਾਂ | ਮੈਂ ਕਦੇ ਵੀ ਕਿਸੇ ਤੋਂ ਬਦਲਾ ਲੈਣ ਦਾ ਮਨ ਨਹੀਂ ਕੀਤਾ | ਮੈਂ ਜੋ ਚਾਹੁੰਦੀ ਹਾਂ ਉਹ ਬਦਲਾ ਨਹੀਂ, ਸਗੋਂ ਕੁਦਰਤੀ ਨਿਆਂ ਹੈ | ਉਸ ਨੇ ਸਾਰਿਆਂ ਨੂੰ ਨਿਆਂ ਲਈ ਉਸ ਦੀ ਲੜਾਈ ਵਿੱਚ ਉਸ ਦੇ ਨਾਲ ਖੜ੍ਹੇ ਹੋਣ ਦੀ ਅਪੀਲ ਕੀਤੀ | ਸਮਾਰੋਹ ਵਿੱਚ ਆਪਣੇ ਸੰਖੇਪ ਭਾਸ਼ਣ ਵਿੱਚ ਉਸ ਨੇ ਉਨ੍ਹਾਂ ਸਾਰਿਆਂ ਦਾ ਦਿਲੋਂ ਧੰਨਵਾਦ ਕੀਤਾ, ਜੋ ਨਿਆਂ ਲਈ ਉਸ ਦੀ ਲੜਾਈ ਵਿੱਚ ਉਸ ਦੇ ਨਾਲ ਖੜ੍ਹੇ ਸਨ | ਵੈੱਲਫੇਅਰ ਪਾਰਟੀ ਕੇਰਲਮ ਦੀ ਪ੍ਰਧਾਨ ਰਜ਼ਾਕ ਪਾਲੇਰੀ ਅਤੇ ਮਹਿਲਾ ਨਿਆਂ ਅੰਦੋਲਨ ਦੀ ਪ੍ਰਧਾਨ ਵੀ ਏ ਫੈਜ਼ਾ ਨੇ ਉਸ ਨੂੰ ਧੰਨਵਾਦ ਦਾ ਤੋਹਫ਼ਾ ਭੇਟ ਕੀਤਾ | ਪ੍ਰਬੰਧਕਾਂ ਨੇ ਕਿਹਾ ਕਿ ਇਹ ਸਨਮਾਨ ਨਾ ਸਿਰਫ਼ ਪਾਰਟੀ ਵੱਲੋਂ ਸਗੋਂ ਸਾਰੇ ਕੇਰਲਮ ਵੱਲੋਂ ਇੱਕ ਸਲਾਮ ਹੈ | ਉਹਨਾਂ ਕਿਹਾ ਕਿ ‘ਬਿਲਕਿਸ ਇੱਕ ਪੀੜਤ ਨਹੀਂ, ਸਗੋਂ ਦੁਨੀਆ ਭਰ ਵਿੱਚ ਸੰਘਰਸ਼ ਦੀ ਪ੍ਰਤੀਕ ਹੈ |’ ਕਾਨਫਰੰਸ ਦਾ ਉਦਘਾਟਨ ਕਰਦੇ ਹੋਏ ਵੈੱਲਫੇਅਰ ਪਾਰਟੀ ਆਫ਼ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਡਾ. ਰਈਸੂਦੀਨ ਨੇ ਕਿਹਾ ਕਿ ਭਾਰਤ ਵਿੱਚ ਲੋਕਤੰਤਰ ਦਾ ਪਤਨ ਸਾਡੀਆਂ ਅੱਖਾਂ ਦੇ ਸਾਹਮਣੇ ਇੱਕ ਹਕੀਕਤ ਬਣ ਗਿਆ ਹੈ | ਉਨ੍ਹਾ ਕਿਹਾ ਕਿ ਵੋਟਰ ਸੂਚੀਆਂ ਨੂੰ ਸਾਫ਼ ਕਰਨ ਦੇ ਨਾਂਅ ‘ਤੇ ਕੀਤਾ ਗਿਆ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਅਸਲ ਵਿੱਚ ਲੱਖਾਂ ਆਮ ਨਾਗਰਿਕਾਂ ਨੂੰ ਵੋਟਰ ਸੂਚੀਆਂ ਤੋਂ ਬਾਹਰ ਕੱਢਣ ਦਾ ਇੱਕ ਸਾਧਨ ਬਣ ਗਿਆ ਹੈ |