ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਈ 20 ਪੈਟਰੋਲ ਦੇ ਦੇਸ਼ ਵਿਆਪੀ ਲਾਜ਼ਮੀ ਰੋਲਆਊਟ ਨੇ ਪੰਜਾਬ ਦੇ ਵਰਤੀਆਂ ਹੋਈਆਂ ਕਾਰਾਂ ਦੇ ਬਾਜ਼ਾਰ ‘ਤੇ ਭਾਰੀ ਪ੍ਰਭਾਵ ਪਾਇਆ ਹੈ, ਜਦ ਕਿ ਡੀਲਰਾਂ ਨੇ ਪੈਟਰੋਲ ਨਾਲ ਚੱਲਣ ਵਾਲੇ ਵਾਹਨਾਂ ਦੀ ਮੰਗ ਵਿੱਚ ਤੇਜ਼ੀ ਨਾਲ ਗਿਰਾਵਟ ਦੀ ਰਿਪੋਰਟ ਦਿੱਤੀ ਹੈ | ਖਰੀਦਦਾਰ ਡੀਜ਼ਲ, ਸੀ ਐੱਨ ਜੀ ਅਤੇ ਇਲੈਕਟਿ੍ਕ ਵਿਕਲਪਾਂ ਵੱਲ ਵਧ ਰਹੇ ਹਨ | ਕਰਨਾਟਕ ਸਰਕਾਰ ਨੇ ਹਾਲ ਹੀ ਵਿੱਚ ਨਿਰਧਾਰਤ ਸੀਮਾ ਤੋਂ ਵੱਧ ਮਿਸ਼ਰਣ, ਈਾਧਨ ਦੀ ਗੁਣਵੱਤਾ ਵਿੱਚ ਕਮੀਆਂ ਅਤੇ ਮਿਸ਼ਰਣ ਦੀ ਜਾਂਚ ‘ਤੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ | ਇਸ ਨੇ ਕੇਂਦਰ ਨੂੰ 20 ਪ੍ਰਤੀਸ਼ਤ ਈਥਾਨੋਲ-ਮਿਸ਼ਰਤ ਪੈਟਰੋਲ ਪ੍ਰੋਗਰਾਮ ਨੂੰ ਲਾਗੂ ਕਰਨ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ ਹੈ | ਇਸ ਸਾਲ ਅਗਸਤ ਵਿੱਚ ਪੰਜਾਬ ਵਿਧਾਨ ਸਭਾ ਨੇ ਵੀ ਇੱਕ ਮਤਾ ਪਾਸ ਕੀਤਾ ਸੀ, ਜਿਸ ਵਿੱਚ ਕੇਂਦਰ ਨੂੰ ਉਚ ਈਥਾਨੋਲ ਮਿਸ਼ਰਣ ‘ਤੇ ਚੱਲਣ ਲਈ ਅਸਲ ਵਿੱਚ ਡਿਜ਼ਾਈਨ ਕੀਤੇ ਜਾਂ ਪ੍ਰਮਾਣਿਤ ਨਾ ਕੀਤੇ ਗਏ ਵਾਹਨਾਂ ਲਈ ਈ 20 ਪੈਟਰੋਲ ਦੇ ਲਾਜ਼ਮੀ ਦੇਸ਼ ਵਿਆਪੀ ਲਾਗੂ ਕਰਨ ਨੂੰ ਮੁਅੱਤਲ ਕਰਨ ਦੀ ਅਪੀਲ ਕੀਤੀ ਗਈ ਸੀ, ਜਦੋਂ ਤੱਕ ਵਾਹਨ ਅਨੁਕੂਲਤਾ, ਖਪਤਕਾਰ ਸੁਰੱਖਿਆ, ਵਿਗਿਆਨਕ ਮੁਲਾਂਕਣ ਅਤੇ ਰਾਜ-ਵਿਸ਼ੇਸ਼ ਪ੍ਰਭਾਵਾਂ ਨਾਲ ਸੰਬੰਧਤ ਚਿੰਤਾਵਾਂ ਦਾ ਹੱਲ ਨਹੀਂ ਹੋ ਜਾਂਦਾ | ਪੰਜਾਬ ਦਾ ਵਰਤਿਆ ਹੋਇਆ-ਕਾਰ ਬਾਜ਼ਾਰ, ਜਿਸ ਦਾ ਅਨੁਮਾਨ 1,000 ਕਰੋੜ ਰੁਪਏ ਤੋਂ ਵੱਧ ਹੈ, ਡੀਲਰਾਂ ਦੇ ਇੱਕ ਵੱਡੇ ਨੈੱਟਵਰਕ ਦਾ ਸਮਰਥਨ ਕਰਦਾ ਹੈ ਅਤੇ ਵਾਹਨ ਵਪਾਰ ਅਤੇ ਸਹਾਇਕ ਗਤੀਵਿਧੀਆਂ ਵਿੱਚ ਲੱਗੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਦਾ ਹੈ | ਡੀਲਰਾਂ ਦਾ ਕਹਿਣਾ ਹੈ ਕਿ ਮਾਈਲੇਜ, ਇੰਜਣ ਪ੍ਰਦਰਸ਼ਨ ਅਤੇ ਵਾਹਨਾਂ ਦੇ ਪੁਰਜ਼ਿਆਂ ਦੀ ਹੰਢਣਸਾਰਤਾ ‘ਤੇ ਈ 20 ਦੇ ਪ੍ਰਭਾਵ ਬਾਰੇ ਅਨਿਸਚਿਤਤਾ ਨੇ ਸੰਭਾਵੀ ਖਰੀਦਦਾਰਾਂ ਨੂੰ ਸਾਵਧਾਨ ਕਰ ਦਿੱਤਾ ਹੈ | ਲੁਧਿਆਣਾ ਵਿੱਚ ਕਾਰ ਡੀਲਰਾਂ ਦੇ ਇੱਕ ਸਮੂਹ, ਪੀਟਰ ਕਾਰ ਬਾਜ਼ਾਰ ਨੂੰ ਚਲਾਉਣ ਵਾਲੇ ਇੱਕ ਆਗੂ ਨੇ ਕਿਹਾ ਕਿ ਭਾਵਨਾ ਵਿੱਚ ਤਬਦੀਲੀ ਨੇ ਵਿਕਰੀ ਨੂੰ ਕਾਫ਼ੀ ਪ੍ਰਭਾਵਤ ਕੀਤਾ ਹੈ | ਇਸ ਸਾਲ ਵੱਡੀ ਗਿਰਾਵਟ ਦੇਖੀ ਗਈ ਹੈ | ਗਾਹਕਾਂ ਨੇ ਨਵਰਾਤਰੇ ਅਤੇ ਦੀਵਾਲੀ ਦੌਰਾਨ ਵੀ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ | ਬਹੁਤ ਸਾਰੇ ਲੋਕ ਪੈਟਰੋਲ ਵਾਹਨ ਦਾ ਬੋਨਟ ਖੋਲ੍ਹਣ ਲਈ ਵੀ ਤਿਆਰ ਨਹੀਂ ਹਨ | ਉਨ੍ਹਾ ਦੱਸਿਆ ਕਿ ਕਿਵੇਂ ਇੱਕ ਨਵੀਂ ਵੇਚੀ ਗਈ ਗੱਡੀ ਵਿੱਚ ਤੇਲ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਇੱਕ ਸਮੱਸਿਆ ਪੈਦਾ ਹੋ ਗਈ, ਜਿਸ ਕਾਰਨ ਮਾਲਕ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਗਿਆ | ਹਾਲਾਂ ਕਿ ਡੀਲਰ ਨੇ ਕਿਹਾ ਕਿ ਵਾਹਨ ਦੀ ਲਾਜ਼ਮੀ ਗੁਣਵੱਤਾ ਜਾਂਚ ਕੀਤੀ ਗਈ ਸੀ | ਡੀਲਰਾਂ ਦਾ ਕਹਿਣਾ ਹੈ ਕਿ ਈ 20 ਰੋਲਆਊਟ ਨੇ ਡੀਜ਼ਲ ਵਾਹਨਾਂ ‘ਚ ਨਵੀਂ ਦਿਲਚਪਸੀ ਪੈਦਾ ਕੀਤੀ ਹੈ | ਸਮੱਸਿਆ ਇਹ ਹੈ ਕਿ ਕਾਫ਼ੀ ਡੀਜ਼ਲ ਵਾਹਨ ਉਪਲਬਧ ਨਹੀਂ ਹਨ | ਇਹ ਵੀ ਕਿਹਾ ਕਿ ਕੁਝ ਖਰੀਦਦਾਰ ਸੀ ਐੱਨ ਜੀ, ਇਲੈਕਟਿ੍ਕ ਅਤੇ ਹਾਈਬਿ੍ਡ ਵਾਹਨਾਂ ਦੀ ਵੀ ਖੋਜ ਕਰ ਰਹੇ ਹਨ | ਇਕ ਡੀਲਰ ਨੇ ਕਿਹਾ ਕਿ ਸ਼ੁਰੂਆਤੀ ਮੰਦੀ ਤੋਂ ਬਾਅਦ ਲੋਕਾਂ ਨੇ ਦੁਬਾਰਾ ਪੈਟਰੋਲ ਵਾਹਨ ਖਰੀਦਣੇ ਸ਼ੁਰੂ ਕਰ ਦਿੱਤੇ ਹਨ, ਕਿਉਂਕਿ ਬਹੁਤ ਸਾਰੇ ਵਿਕਲਪ ਮੌਜੂਦ ਨਹੀਂ ਹਨ | ਦੂਸਰੇ ਪਾਸੇ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਅਧਿਐਨਾਂ ਨੇ ਸਮੁੱਚੇ ਵਾਹਨ ਪ੍ਰਦਰਸ਼ਨ ‘ਤੇ ਕੋਈ ਮਹੱਤਵਪੂਰਨ ਪ੍ਰਤੀਕੂਲ ਪ੍ਰਭਾਵ ਨਹੀਂ ਪਾਇਆ |




