ਬਿ੍ਟਿਸ਼ ਕੋਲੰਬੀਆ ਦੀ ਵਜ਼ਾਰਤ ‘ਚ 7 ਪੰਜਾਬੀਆਂ ਨੂੰ ਥਾਂ ਮਿਲੀ

0
2

ਵੈਨਕੂਵਰ (ਨ ਜ਼ ਸ)-ਬਿ੍ਟਿਸ਼ ਕੋਲੰਬੀਆ ਦੀਆਂ ਮੱਧਕਾਲੀ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਹਾਸਲ ਕਰਨ ਤੋਂ ਕਰੀਬ ਇਹ ਮਹੀਨਾ ਬਾਅਦ ਅੱਜ ਕੰਜ਼ਰਵੇਟਿਵ ਪਾਰਟੀ ਨੇ ਆਪਣੀ ਸਰਕਾਰ ਦਾ ਗਠਨ ਕਰ ਲਿਆ ਹੈ | ਮੁੱਖ ਮੰਤਰੀ ਲੌਰਨ ਡੌਰਕਸਨ ਸਮੇਤ 24 ਮੰਤਰੀ ਅਤੇ 12 ਪਾਰਲੀਮਾਨੀ ਸਕੱਤਰਾਂ ਦਾ ਸਹੁੰ ਚੁੱਕ ਸਮਾਗਮ ਹੋਇਆ | 7 ਪੰਜਾਬੀਆਂ ਨੂੰ ਮੰਤਰੀ ਮੰਡਲ ‘ਚ ਥਾਂ ਮਿਲੀ ਹੈ, ਜਿਨ੍ਹਾਂ ਵਿੱਚ ਤਿੰਨ ਮੰਤਰੀ ਤੇ ਚਾਰ ਪਾਰਲੀਮਾਨੀ ਸਕੱਤਰ ਬਣੇ ਹਨ | ਵਿਭਾਗਾਂ ਦੀ ਵੰਡ ‘ਤੇ ਨਜ਼ਰ ਮਾਰੀਏ ਤਾਂ ਪੰਜਾਬੀਆਂ ਨੂੰ ਮੁੱਖ ਵਿਭਾਗਾਂ ਤੋਂ ਥੋੜ੍ਹਾ ਪਾਸੇ ਰੱਖਿਆ ਗਿਆ ਹੈ | ਜੈਸੀ ਸਹੋਤਾ ਨੂੰ ਸੋਲਿਸਟਰ ਜਨਰਲ ਤੇ ਲੋਕ ਸੁਰੱਖਿਆ ਵਿਭਾਗ, ਜੀਸ਼ਨ ਵਾਹਲਾ ਨੂੰ ਹਾਊਸਿੰਗ ਵਿਭਾਗ ਦਾ ਰਾਜ ਮੰਤਰੀ, ਹਰਮਨ ਭੰਗੂ ਨੂੰ ਕਿਰਤ ਵਿਭਾਗ ਦਾ ਰਾਜ ਮੰਤਰੀ ਬਣਾਇਆ ਗਿਆ ਹੈ | ਇਸੇ ਤਰਾਂ ਚਾਰ ਪਾਰਲੀਮਾਨੀ ਸਕੱਤਰਾਂ ਵਿੱਚ ਸਟੀਵ ਕੂਨਰ ਨੂੰ ਇੰਸ਼ੋਰੈਂਸ਼ ਨਿਗਮ ਦੀ ਨਿਗਰਾਨੀ ਸੌਂਪੀ ਗਈ ਹੈ | ਮਨਦੀਪ ਧਾਲੀਵਾਲ ਨੂੰ ਖੇਡਾਂ ਤੇ ਸੱਭਿਆਚਾਰਕ ਮਾਮਲੇ ਅਤੇ ਜੋਡੀ ਤੂਰ ਨੂੰ ਸੈਰ-ਸਪਾਟਾ ਵਿਭਾਗ ਨਾਲ ਜੋੜਿਆ ਗਿਆ ਹੈ | ਹਰਜ ਧਾਲੀਵਾਲ ਨੂੰ ਸਰਕਾਰੀ ਟਰਾਂਸਪੋਰਟ ਵਿਭਾਗ ਟਰਾਂਸਲਿੰਕ ਦੀ ਨਿਗਰਾਨੀ ਸੌਂਪੀ ਗਈ ਹੈ | ਸੱਤਾਧਾਰੀ ਪਾਰਟੀ ਨੇ 92 ਮੈਂਬਰੀ ਹਾਊਸ ਲਈ 63 ਸੀਟਾਂ ਜਿੱਤ ਕੇ ਰਿਕਾਰਡ ਬਣਾਇਆ ਹੈ | ਜ਼ਿਕਰਯੋਗ ਹੈ ਕਿ ਐਨ ਡੀ ਪੀ ਦੇ ਆਗੂ ਡੇਵਿਡ ਈਬੀ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਦਾ ਕਾਰਜਕਾਲ ਅਜੇ ਦੋ ਸਾਲ ਰਹਿੰਦਾ ਸੀ, ਪਰ ਈਬੀ ਨੇ ਦੋ ਸਾਲ ਦੇ ਵਾਧੇ ਦਾ ਲਾਹਾ ਲੈਣ ਲਈ ਵਿਧਾਨ ਸਭਾ ਭੰਗ ਕਰਕੇ ਮੱਧਕਾਲੀ ਚੋਣਾਂ ‘ਤੇ ਦਾਅ ਖੇਡਿਆ, ਜੋ ਉਸ ਨੂੰ ਪੂਰੀ ਤਰਾਂ ਪੁੱਠਾ ਪੈ ਗਿਆ ਤੇ ਉਹ ਚੋਣਾਂ ਹਾਰ ਗਏ |