ਵਿੰਨੀਪੈਗ : ‘ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਰਨਲ’ ਵਿੱਚ ਛਪੀ ਇੱਕ ਤਾਜ਼ਾ ਰਿਪੋਰਟ ਅਨੁਸਾਰ, ਕੈਨੇਡਾ ਵਿੱਚ ਰੋਜ਼ਾਨਾ ਭੰਗ (ਕੈਨਾਬਿਸ) ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਹੁਣ ਰੋਜ਼ਾਨਾ ਸ਼ਰਾਬ ਪੀਣ ਵਾਲਿਆਂ ਤੋਂ ਵਧ ਗਈ ਹੈ | ਇਹ ਬਦਲਾਅ ਖ਼ਾਸ ਕਰਕੇ ਨੌਜਵਾਨ ਪੀੜ੍ਹੀ ਵਿੱਚ ਦੇਖਿਆ ਗਿਆ ਹੈ, ਜਿੱਥੇ ਸ਼ਰਾਬ ਦੀ ਥਾਂ ਕੈਨਾਬਿਸ ਨੇ ਲੈ ਲਈ ਹੈ | ਅੰਕੜਿਆਂ ਅਨੁਸਾਰ, ਕੈਨੇਡਾ ਦੀ ਲੱਗਭੱਗ 5.7 ਫ਼ੀਸਦੀ ਆਬਾਦੀ, ਯਾਨੀ ਕਰੀਬ 18.1 ਲੱਖ ਲੋਕ, ਰੋਜ਼ਾਨਾ ਕੈਨਾਬਿਸ ਦੀ ਵਰਤੋਂ ਕਰ ਰਹੇ ਹਨ, ਜਦ ਕਿ ਰੋਜ਼ਾਨਾ ਸ਼ਰਾਬ ਪੀਣ ਵਾਲਿਆਂ ਦੀ ਦਰ ਘਟ ਕੇ 5.2 ਫ਼ੀਸਦੀ ਰਹਿ ਗਈ ਹੈ | 50 ਸਾਲ ਤੋਂ ਘੱਟ ਉਮਰ ਦੇ ਬਾਲਗਾਂ ਵਿੱਚ ਇਹ ਰੁਝਾਨ ਬਹੁਤ ਤੇਜ਼ੀ ਨਾਲ ਵਧਿਆ ਹੈ | ਖ਼ਾਸ ਕਰਕੇ 25 ਤੋਂ 34 ਸਾਲ ਦੇ ਪੁਰਸ਼ਾਂ ਵਿੱਚ ਲੱਗਭੱਗ 11 ਫ਼ੀਸਦੀ ਲੋਕ ਰੋਜ਼ਾਨਾ ਭੰਗ ਦੀ ਵਰਤੋਂ ਕਰ ਰਹੇ ਹਨ, ਜਦ ਕਿ ਇਸੇ ਉਮਰ ਦੇ ਸਿਰਫ਼ 2.9 ਫ਼ੀਸਦੀ ਲੋਕ ਰੋਜ਼ਾਨਾ ਸ਼ਰਾਬ ਪੀਂਦੇ ਹਨ | ਇਸ ਬਦਲਾਅ ਦਾ ਮੁੱਖ ਕਾਰਨ 2018 ਵਿੱਚ ਕੈਨੇਡਾ ਵੱਲੋਂ ਭੰਗ ਨੂੰ ਕਾਨੂੰਨੀ ਮਾਨਤਾ ਦੇਣਾ ਮੰਨਿਆ ਜਾ ਰਿਹਾ ਹੈ | ਸਰਵੇਖਣ ਦੱਸਦਾ ਹੈ ਕਿ ਰੋਜ਼ਾਨਾ ਵਰਤੋਂ ਕਰਨ ਵਾਲੇ 41 ਫ਼ੀਸਦੀ ਲੋਕਾਂ ਨੇ ਕਾਨੂੰਨੀ ਮਾਨਤਾ ਮਿਲਣ ਤੋਂ ਬਾਅਦ ਹੀ ਇਸ ਦੀ ਵਰਤੋਂ ਸ਼ੁਰੂ ਕੀਤੀ |
ਮਾਂ ਤੇ ਕੁੱਤਿਆਂ ਦੇ ਕਤਲ ਮਗਰੋਂ ਖੁਦਕੁਸ਼ੀ
ਅੰਮਿ੍ਤਸਰ : ਸਥਾਨਕ ਜੁਝਾਰ ਸਿੰਘ ਕਲੋਨੀ ਵਿੱਚ ਇੱਕ ਵਿਅਕਤੀ ਵੱਲੋਂ ਆਪਣੀ ਮਾਂ ਅਤੇ ਦੋ ਕੁੱਤਿਆਂ ਨੂੰ ਗੋਲੀ ਮਾਰ ਕੇ ਕਤਲ ਕਰਨ ਮਗਰੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਗਈ ਹੈ | ਇਸ ਘਟਨਾ ਵਿੱਚ ਮਾਰੀ ਗਈ ਅÏਰਤ ਦੀ ਸ਼ਨਾਖਤ ਭੁਪਿੰਦਰ ਕੌਰ ਅਤੇ ਗੋਲੀ ਮਾਰਨ ਮਗਰੋਂ ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦੀ ਸ਼ਨਾਖਤ ਹਰਪ੍ਰੀਤ ਸਿੰਘ ਵਜੋਂ ਹੋਈ ਹੈ | ਮੌਕੇ ‘ਤੇ ਪੁੱਜੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਪਰਵਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਹਰਪ੍ਰੀਤ ਸਿੰਘ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ ਅਤੇ ਨਸ਼ਾ ਵੀ ਕਰਦਾ ਸੀ | ਉਹ ਕੁਝ ਸਾਲ ਵਿਦੇਸ਼ ਰਹਿ ਕੇ ਆਇਆ ਸੀ | ਮੰਗਲਵਾਰ ਨੂੰ ਉਸ ਨੇ ਆਪਣੇ ਦੋ ਕੁੱਤਿਆਂ ਨੂੰ ਗੋਲੀ ਮਾਰਨ ਤੋਂ ਬਾਅਦ ਆਪਣੀ ਮਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਬਾਅਦ ਵਿੱਚ ਕੁਝ ਦੂਰ ਜਾ ਕੇ ਇੱਕ ਖਾਲੀ ਪਲਾਟ ਵਿੱਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ | ਘਟਨਾ ਦੇ ਪਿੱਛੇ ਕੀ ਕਾਰਨ ਹਨ, ਫ਼ਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ | ਇਸੇ ਘਰ ਵਿੱਚ ਹੇਠਲੀ ਮੰਜ਼ਲ ‘ਤੇ ਰਹਿ ਰਹੀ ਹਰਪ੍ਰੀਤ ਸਿੰਘ ਦੀ ਭਰਜਾਈ ਨੇ ਦੱਸਿਆ ਕਿ ਉਹ ਆਪਣੇ ਦੋ ਬੱਚਿਆਂ ਦੇ ਨਾਲ ਕਮਰੇ ਵਿੱਚ ਸੀ | ਉਸ ਨੇ ਦੱਸਿਆ ਕਿ ਘਟਨਾ ਕਿਵੇਂ ਵਾਪਰੀ, ਉਸ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ |




