25.2 C
Jalandhar
Thursday, September 19, 2024
spot_img

ਹਵਾ ਪ੍ਰਦੂਸ਼ਣ : ਚੰਗੇ ਪਾਸੇ ਮੋੜਾ

ਪੰਜਾਬ ਸਰਕਾਰ, ਸਮਾਜਕ ਸੰਸਥਾਵਾਂ ਤੇ ਜਾਗਰੂਕ ਵਿਅਕਤੀਆਂ ਦੀਆਂ ਕੋਸ਼ਿਸ਼ਾਂ ਦਾ ਸਿੱਟਾ ਹੈ ਕਿ ਸੂਬੇ ਦੇ ਆਮ ਲੋਕ ਵਾਤਾਵਰਣ ਨੂੰ ਬਚਾਉਣ ਪ੍ਰਤੀ ਚੇਤੰਨ ਹੋ ਰਹੇ ਹਨ | ਇਹ ਉਸ ਸਮੇਂ ਹੋ ਰਿਹਾ ਹੈ, ਜਦੋਂ ਏਸ਼ੀਆ ਦੇ ਸਭ ਤੋਂ ਵੱਧ 10 ਪ੍ਰਦੂਸ਼ਤ ਸ਼ਹਿਰਾਂ ਦੀ ਸੂਚੀ ਵਿੱਚ 8 ਭਾਰਤ ਦੇ ਹਨ |
ਵਿਸ਼ਵ ਵਾਯੂ ਗੁਣਵੱਤਾ ਸੂਚਕ ਅੰਕ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਇਨ੍ਹਾਂ 8 ਸ਼ਹਿਰਾਂ ਵਿੱਚੋਂ ਹਰਿਆਣਾ ਦੇ ਗੁਰੂਗਰਾਮ ਤੇ ਰੇਵਾੜੀ ਨੇੜਲਾ ਧਾਰੂਹੇੜਾ ਅਤੇ ਬਿਹਾਰ ਦਾ ਮੁਜ਼ੱਫਰਪੁਰ ਸਭ ਤੋਂ ਵੱਧ ਪ੍ਰਦੂਸ਼ਤ ਸ਼ਹਿਰ ਹਨ | ਵਿਸ਼ਵ ਵਾਯੂ ਗੁਣਵੱਤਾ ਸੂਚਕ ਅੰਕ ਨਾਗਰਿਕਾਂ ਵਿੱਚ ਹਵਾ ਪ੍ਰਦੂਸ਼ਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ 2007 ਵਿੱਚ ਸ਼ੁਰੂ ਕੀਤਾ ਗਿਆ ਸੀ | ਇਸ ਲਈ ਸ਼ੇ੍ਰਣੀਆ ਬਣਾਈਆਂ ਗਈਆਂ ਸਨ | ਇਨ੍ਹਾਂ ਮੁਤਾਬਕ 0 ਤੋਂ 50 ਅੰਕ ਤੱਕ ਠੀਕ, 51 ਤੋਂ 100 ਤੱਕ ਸਧਾਰਨ, 101 ਤੋਂ 150 ਤੱਕ ਸੰਵੇਦਨਸ਼ੀਲਾਂ ਲਈ ਹਾਨੀਕਾਰਕ, 151 ਤੋਂ 200 ਤੱਕ ਸਭ ਲਈ ਹਾਨੀਕਾਰਕ, 201 ਤੋਂ 300 ਤੱਕ ਬਹੁਤ ਹਾਨੀਕਾਰਕ ਅਤੇ 301 ਤੋਂ 500 ਤੱਕ ਮਨੁੱਖੀ ਸਿਹਤ ਲਈ ਖ਼ਤਰਨਾਕ ਮੰਨਿਆ ਜਾਂਦਾ ਹੈ |
ਹਰਿਆਣਾ ਦਾ ਗੁਰੂਗਰਾਮ 679 ਅੰਕ ਤੇ ਧਾਰੂਹੇੜਾ 543 ਅੰਕਾਂ ਨਾਲ ਖ਼ਤਰਨਾਕ ਸ਼ੇ੍ਰਣੀ ਦੀ ਹੱਦ ਲੰਘ ਕੇ ਬੇਹੱਦ ਖ਼ਤਰਨਾਕ ਵਾਲੀ ਸਥਿਤੀ ਵਿੱਚ ਪੁੱਜ ਚੁੱਕੇ ਹਨ | ਇਸ ਸੂਚੀ ਅਨੁਸਾਰ ਲਖਨਊ (298), ਬੇਗੂਸਰਾਏ (269), ਦੇਵਾਸ (266), ਕਲਿਆਣ (256) ਤੇ ਛਪਰਾ 239 ਅੰਕਾਂ ਨਾਲ ਬਹੁਤ ਹਾਨੀਕਾਰਕ ਦੀ ਸ਼ੇ੍ਰਣੀ ਵਿੱਚ ਸ਼ਾਮਲ ਹਨ |
ਇਸ ਵਾਰ ਦਿੱਲੀ ਇਨ੍ਹਾਂ 10 ਸ਼ਹਿਰਾਂ ਦੀ ਸੂਚੀ ਵਿੱਚੋਂ ਬਾਹਰ ਰਹਿਣ ਵਿੱਚ ਸਫ਼ਲ ਰਿਹਾ ਹੈ, ਪਰ ਦਿੱਲੀ ਦੇ ਲੋਕਾਂ ਨੇ ਦੀਵਾਲੀ ਦੀ ਰਾਤ ਪਟਾਕੇ ਤੇ ਆਤਸ਼ਬਾਜ਼ੀ ਦੀ ਅਜਿਹੀ ਹਨੇ੍ਹਰੀ ਲਿਆਂਦੀ ਕਿ ਸਰਕਾਰ ਦੇ ਸਾਰੇ ਜਤਨਾਂ ਉਤੇ ਪਾਣੀ ਫੇਰ ਦਿੱਤਾ | ਲੋਕਾਂ ਨੇ ਪਟਾਕੇ ਚਲਾਉਣ ਉੱਤੇ ਲਾਈ ਪਾਬੰਦੀ ਦੇ ਬਾਵਜੂਦ ਨੈਸ਼ਨਲ ਗਰੀਨ ਟਿ੍ਬਿਊਨਲ (ਐੱਨ ਜੀ ਟੀ) ਦੇ ਨਿਯਮਾਂ ਦੀਆਂ ਬੇਖੌਫ਼ ਹੋ ਕੇ ਧੱਜੀਆਂ ਉਡਾਈਆਂ | ਸਵਾਲ ਪੈਦਾ ਹੁੰਦਾ ਹੈ ਕਿ ਪਾਬੰਦੀ ਦੇ ਬਾਵਜੂਦ ਦਿੱਲੀ ਵਿੱਚ ਏਨੇ ਪਟਾਕੇ ਆਏ ਤੇ ਵਿਕੇ ਕਿਵੇਂ? ਦਿੱਲੀ ਦਾ ਪੁਲਸ ਪ੍ਰਸ਼ਾਸਨ ਕੇਂਦਰ ਦੇ ਅਧੀਨ ਹੈ | ਪੁਲਸ ਪ੍ਰਸ਼ਾਸਨ ਦਿੱਲੀ ਤੇ ਇਸ ਦੇ ਆਲੇ-ਦੁਆਲੇ ਦੇ ਸ਼ਹਿਰਾਂ ਵਿੱਚ ਪਟਾਕੇ ਤੇ ਆਤਸ਼ਬਾਜ਼ੀ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਿਹਾ | ਇਸੇ ਦਾ ਹੀ ਨਤੀਜਾ ਸੀ ਕਿ ਦੀਵਾਲੀ ਦੀ ਰਾਤ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਹਵਾ ਗੁਣਵੱਤਾ ਸੂਚਕ ਅੰਕ 301 ਤੋਂ 400 ਤੱਕ ਪੁੱਜ ਗਿਆ ਸੀ, ਜਿਸ ਨੂੰ ਮਨੁੱਖੀ ਸਿਹਤ ਲਈ ਬੇਹੱਦ ਖ਼ਤਰਨਾਕ ਮੰਨਿਆ ਜਾਂਦਾ ਹੈ |
ਜਿੱਥੋਂ ਤੱਕ ਸਾਡੇ ਆਪਣੇ ਪੰਜਾਬ ਦਾ ਸਵਾਲ ਹੈ, ਦੀਵਾਲੀ ਦੇ ਤਿਉਹਾਰ ਉੱਤੇ ਵੀ ਲੋਕਾਂ ਨੇ ਜਿਸ ਸੰਜਮ ਤੋਂ ਕੰਮ ਲਿਆ, ਉੇਸੇ ਕਾਰਨ ਪ੍ਰਦੂਸ਼ਣ ਸੂਚਕ ਅੰਕ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ | ਇਸ ਵਿੱਚ 2020 ਦੇ ਮੁਕਾਬਲੇ 31.7 ਤੇ ਪਿਛਲੇ ਸਾਲ ਦੇ ਮੁਕਾਬਲੇ 16.4 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ | ਤਸੱਲੀ ਵਾਲੀ ਗੱਲ ਹੈ ਕਿ ਪੰਜਾਬ ਹਵਾ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਲਗਾਤਾਰ ਕਾਮਯਾਬੀ ਹਾਸਲ ਕਰਦਾ ਆ ਰਿਹਾ ਹੈ | ਪੰਜਾਬ ਦੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਸੰਬੰਧੀ ਜੋ ਅੰਕੜੇ ਜਾਰੀ ਕੀਤੇ ਹਨ, ਉਨ੍ਹਾਂ ਮੁਤਾਬਕ 2020 ਵਿੱਚ ਪੰਜਾਬ 328 ਅੰਕਾਂ ਨਾਲ ਖ਼ਤਰਨਾਕ ਸਥਿਤੀ ਵਿੱਚ ਸੀ, ਜੋ 2021 ਵਿੱਚ 268 ਤੇ ਹੁਣ 224 ਅੰਕਾਂ ਨਾਲ ਬਹੁਤ ਹਾਨੀਕਾਰਕ ਸ਼ੇ੍ਰਣੀ ਵਿੱਚ ਪੁੱਜਣ ਵਿੱਚ ਸਫ਼ਲ ਰਿਹਾ ਹੈ | ਸੰਨ 2020 ਵਿੱਚ ਸਾਡਾ ਕੋਈ ਵੀ ਸ਼ਹਿਰ ਸਧਾਰਨ ਸ਼ੇ੍ਰਣੀ ਵਿੱਚ ਨਹੀਂ ਰਿਹਾ, ਜਦੋਂ ਕਿ ਹੁਣ ਖੰਨਾ ਤੇ ਮੰਡੀ ਗੋਬਿੰਦਗੜ੍ਹ ਇਸ ਸ਼ੇ੍ਰਣੀ ਵਿੱਚ ਪੁੱਜ ਗਏ ਹਨ | ਸੰਨ 2020 ਵਿੱਚ ਅੰਮਿ੍ਤਸਰ 386 ਅੰਕਾਂ ਨਾਲ ਸਭ ਤੋਂ ਵੱਧ ਪ੍ਰਦੂਸ਼ਤ ਸ਼ਹਿਰ ਸੀ, ਜਿਹੜਾ ਹੁਣ 262 ਅੰਕ ਹਾਸਲ ਕਰ ਲੈਣ ਦੇ ਬਾਵਜੂਦ ਸੂਬੇ ਵਿੱਚ ਸਭ ਤੋਂ ਵੱਧ ਪ੍ਰਦੂਸ਼ਤ ਸ਼ਹਿਰ ਬਣਿਆ ਹੋਇਆ ਹੈ | ਪਿਛਲੇ ਸਾਲ 327 ਅੰਕਾਂ ਨਾਲ ਜਲੰਧਰ ਸਭ ਤੋਂ ਪ੍ਰਦੂਸ਼ਤ ਸ਼ਹਿਰ ਸੀ, ਪਰ ਇਸ ਸਾਲ ਉਹ 31.2 ਪ੍ਰਤੀਸ਼ਤ ਦੀ ਗਿਰਾਵਟ ਨਾਲ ਚੰਗੀ ਸਥਿਤੀ ਵਿੱਚ ਪੁੱਜ ਗਿਆ ਹੈ | ਸੰਨ 2020 ਵਿੱਚ ਪੰਜਾਬ ਦੇ ਅੰਮਿ੍ਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਵੀ ਵਾਯੂ ਗੁਣਵੱਤਾ ਦੀ ਖ਼ਤਰਨਾਕ ਸ਼ੇ੍ਰਣੀ ਵਿੱਚ ਸਨ | ਸੰਨ 2021 ਵਿੱਚ ਦੋ ਸ਼ਹਿਰ ਅੰਮਿ੍ਤਸਰ ਤੇ ਜਲੰਧਰ ਹੀ ਇਸ ਸ਼ੇ੍ਰਣੀ ਵਿੱਚ ਰਹਿ ਗਏ ਸਨ | ਇਸ ਸਾਲ ਪੰਜਾਬ ਦਾ ਕੋਈ ਵੀ ਸ਼ਹਿਰ ਖ਼ਤਰਨਾਕ ਸ਼ੇ੍ਰਣੀ ਵਿੱਚ ਨਹੀਂ ਹੈ |
ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸ਼ੁਰੂ ਹੋਏ ਇਸ ਚੰਗੇ ਮੋੜੇ ਲਈ ਪੰਜਾਬ ਦੇ ਲੋਕ ਵਧਾਈ ਦੇ ਹੱਕਦਾਰ ਹਨ | ਇਸ ਵਿੱਚ ਕਿਸਾਨਾਂ ਦਾ ਵੱਡਾ ਹਿੱਸਾ ਹੈ, ਜਿਨ੍ਹਾਂ ਪਰਾਲੀ ਸਾੜਨ ਦੇ ਰੁਝਾਨ ਨੂੰ ਕਾਫ਼ੀ ਹੱਦ ਤੱਕ ਠੱਲਿ੍ਹਆ ਹੈ ਤੇ ਆਮ ਲੋਕ ਵੀ ਸ਼ਲਾਘਾ ਦੇ ਹੱਕਦਾਰ ਹਨ, ਜਿਨ੍ਹਾਂ ਦੀਵਾਲੀ ਮੌਕੇ ਪਟਾਕੇ ਚਲਾਉਣ ਵੱਲੋਂ ਸੰਜਮ ਤੋਂ ਕੰਮ ਲਿਆ ਹੈ | ਇਸ ਦੇ ਬਾਵਜੂਦ ਹਾਲੇ ਇਸ ਸੰਬੰਧੀ ਹੋਰ ਕੋਸ਼ਿਸ਼ਾਂ ਜਾਰੀ ਰੱਖਣੀਆਂ ਪੈਣਗੀਆਂ, ਕਿਉਂਕਿ ਹਾਲੇ ਵੀ ਅਸੀਂ ਬਹੁਤ ਹਾਨੀਕਾਰਕ ਸ਼ੇ੍ਰਣੀ ਵਿੱਚ ਬਣੇ ਹੋਏ ਹਾਂ |
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles