ਚੰਡੀਗੜ੍ਹ, (ਗੁਰਜੀਤ ਬਿੱਲਾ)-ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਭਰ ਵਿੱਚ ਤਬਦੀਲੀ ਦੀ ਹਵਾ ਵਗ ਰਹੀ ਹੈ ਅਤੇ ਗੁਜਰਾਤ, ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦੇ ਲੋਕ ਇਸ ਬਦਲਾਅ ਦੇ ਭਾਈਵਾਲ ਬਣਨ ਲਈ ਕਾਹਲੇ ਹਨ | ਵਿਧਾਨ ਸਭਾ ਹਲਕਾ ਆਦਮਪੁਰ (ਹਰਿਆਣਾ) ਵਿੱਚ ‘ਆਪ’ ਉਮੀਦਵਾਰ ਸਤਿੰਦਰ ਸਿੰਘ ਦੇ ਹੱਕ ਵਿੱਚ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਡੇ ਉਤੇ ਵਿਸ਼ਵਾਸ ਕਰ ਕੇ ਵੋਟਾਂ ਪਾਈਆਂ, ਅਸੀਂ ਇਸ ਵਿਸ਼ਵਾਸ ਨੂੰ ਟੁੱਟਣ ਨਹੀਂ ਦਿਆਂਗੇ | ਉਨ੍ਹਾ ਕਿਹਾ ਕਿ ਹੁਣ ਵਾਰੀ ਹਰਿਆਣਾ ਦੀ ਹੈ ਅਤੇ ਹਰਿਆਣਾ ਵਿੱਚ ਇਸ ਬਦਲਾਅ ਦਾ ਮੁੱਢ ਆਦਮਪੁਰ ਹਲਕੇ ਤੋਂ ਬੱਝੇਗਾ | ਭਗਵੰਤ ਮਾਨ ਨੇ ਕਿਹਾ ਕਿ ਹਰਿਆਣਾ ਦੇ ਲੋਕ ਜੇ ਵਧੀਆ ਸਿਹਤ ਤੇ ਸਿੱਖਿਆ ਸਹੂਲਤਾਂ ਤੇ ਵਧੀਆ ਪ੍ਰਸ਼ਾਸਨ ਚਾਹੁੰਦੇ ਹਨ ਤਾਂ ਸਾਡੇ ਉਤੇ ਵਿਸ਼ਵਾਸ ਕਰਨ ਅਤੇ ਇਸ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਵੇਗਾ |
ਉਹਨਾ ਕਿਹਾ ਕਿ ਇਸ ਸਮੇਂ ਦੇਸ਼ ਸਿਆਸੀ ਤਬਦੀਲੀ ਦੀਆਂ ਬਰੂਹਾਂ ਉਤੇ ਹੈ ਅਤੇ ਲੋਕ ਤਬਦੀਲੀ ਲਈ ਕਾਂਗਰਸ ਤੇ ਭਾਜਪਾ ਤੋਂ ਅੱਗੇ ਜਾ ਕੇ ਹੋਰ ਸਿਆਸੀ ਬਦਲਾਅ ਵੱਲ ਦੇਖ ਰਹੇ ਹਨ | ਇਸ ਸਿਆਸੀ ਤਬਦੀਲੀ ਦਾ ਮੁੱਢ ਗੁਜਰਾਤ, ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਤੋਂ ਬੱਝੇਗਾ ਅਤੇ ਚੋਣਾਂ ਵਿੱਚ ਜਿੱਤ ਤੋਂ ਬਾਅਦ ਇਨ੍ਹਾਂ ਰਾਜਾਂ ਵਿੱਚ ਸਿੱਖਿਆ ਤੇ ਸਿਹਤ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਰਾਹੀਂ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ |