31.5 C
Jalandhar
Friday, March 29, 2024
spot_img

ਖੱਬੇ-ਪੱਖੀਆਂ ਦੇ ਵਧਦੇ ਕਦਮ

ਇਸ ਸਮੇਂ ਸੰਸਾਰ ਪੱਧਰ ‘ਤੇ ਫਾਸ਼ੀਵਾਦ ਵਿਰੁੱਧ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਦੀ ਜੰਗ ਚੱਲ ਰਹੀ ਹੈ | ਨਵ-ਉਦਾਰਵਾਦ ਦੇ ਨਾਂਅ ‘ਤੇ ਪੂੰਜੀਵਾਦ ਦੀ ਲੁੱਟ ਏਨੀ ਤੇਜ਼ ਹੋ ਚੁੱਕੀ ਹੈ ਕਿ ਇਸ ਨੇ ਆਮ ਜਨਮਾਨਸ ਦੀ ਜ਼ਿੰਦਗੀ ਦੁੱਭਰ ਕਰਕੇ ਰੱਖ ਦਿੱਤੀ ਹੈ | ਇਸ ਲੁੱਟ ਵਿਰੁੱਧ ਤਿੱਖੇ ਹੋ ਰਹੇ ਲੋਕ ਸੰਘਰਸ਼ਾਂ ਨੂੰ ਕੁਚਲਣ ਲਈ ਪੂੰਜੀਵਾਦ ਨੇ ਵੱਖ-ਵੱਖ ਦੇਸ਼ਾਂ ਵਿੱਚ ਅਜਿਹੇ ਆਗੂ ਅੱਗੇ ਲਿਆਂਦੇ, ਜਿਹੜੇ ਫਾਸ਼ੀਵਾਦ ਦੇ ਪੈਰੋਕਾਰ ਸਨ | ਕੁਝ ਸਮੇਂ ਲਈ ਭਾਵੇਂ ਇਹ ਆਗੂ ਚੰਮ ਦੀਆਂ ਚਲਾਉਂਦੇ ਰਹੇ, ਪਰ ਖੱਬੀਆਂ ਤੇ ਜਮਹੂਰੀ ਪਾਰਟੀਆਂ ਦੀ ਏਕਤਾ ਤੇ ਸੰਘਰਸ਼ ਨੇ ਇਨ੍ਹਾਂ ਦੇ ਪੈਰ ਨਾ ਲੱਗਣ ਦਿੱਤੇ |
ਇਸ ਮੌਕੇ ਲਾਤੀਨੀ ਅਮਰੀਕਾ ਦੇ ਦੇਸ਼ ਫਾਸ਼ੀਵਾਦ ਵਿਰੁੱਧ ਲੜਾਈ ਵਿੱਚ ਮੋਹਰੀ ਭੂਮਿਕਾ ਨਿਭਾਅ ਰਹੇ ਹਨ | ਸੰਨ 2018 ਵਿੱਚ ਮੈਕਸੀਕੋ ਦੀਆਂ ਚੋਣਾਂ ਵਿੱਚ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਦੀ ਜਿੱਤ ਨੇ ਇਸ ਖਿੱਤੇ ਦੇ ਇੱਕ ਤੋਂ ਬਾਅਦ ਦੂਜੇ ਦੇਸ਼ ਵਿੱਚ ਫਾਸ਼ੀਵਾਦੀ ਤੇ ਸੱਜੇ-ਪੱਖੀ ਪਾਰਟੀਆਂ ਨੂੰ ਹਰਾ ਕੇ ਇਤਿਹਾਸ ਸਿਰਜਿਆ | ਸੰਨ 2019 ਵਿੱਚ ਅਰਜਨਟਾਈਨਾ, 2020 ਵਿੱਚ ਬੋਲੀਵੀਆ, 2021 ਵਿੱਚ ਪੀਰੂ, ਹੌਂਡੂਰਸ ਤੇ ਚਿੱਲੀ ਅਤੇ 2022 ਵਿੱਚ ਕੋਲੰਬੀਆ ਵਿੱਚ ਖੱਬੇ-ਪੱਖੀ ਤੇ ਜਮਹੂਰੀ ਪਾਰਟੀਆਂ ਸੱਤਾ ਪ੍ਰਾਪਤ ਕਰਨ ਵਿੱਚ ਸਫ਼ਲ ਰਹੀਆਂ ਸਨ |
ਹੁਣ ਬ੍ਰਾਜ਼ੀਲ ਵਿੱਚ ਵਰਕਰਜ਼ ਪਾਰਟੀ ਦੇ ਆਗੂ ਲੂਲਾ ਦਾ ਸਿਲਵਾ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਖੱਬੇ-ਪੱਖੀ ਤੇ ਜਮਹੂਰੀ ਪਾਰਟੀਆਂ ਦਾ ਇਸ ਖਿੱਤੇ ਦੇ 8 ਦੇਸ਼ਾਂ ਉਤੇ ਕਬਜ਼ਾ ਹੋ ਚੁੱਕਾ ਹੈ | ਲੂਲਾ 2002 ਤੇ 2006 ਦੀਆਂ ਚੋਣਾਂ ਵਿੱਚ ਵੀ ਰਾਸ਼ਟਰਪਤੀ ਚੁਣੇ ਗਏ ਸਨ | ਅਗਲੀਆਂ ਦੋ ਚੋਣਾਂ ਵਿੱਚ ਵੀ ਵਰਕਰਜ਼ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਸੀ, ਪਰ 2018 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਹੇਠਲੀ ਅਦਾਲਤ ਨੇ ਲੂਲਾ ਨੂੰ ਭਿ੍ਸ਼ਟਾਚਾਰ ਦੇ ਦੋਸ਼ ਹੇਠ ਸਾਢੇ 9 ਸਾਲ ਦੀ ਸਜ਼ਾ ਸੁਣਾ ਦਿੱਤੀ ਸੀ, ਜਿਸ ਕਾਰਨ ਉਹ ਚੋਣ ਨਾ ਲੜ ਸਕੇ ਤੇ ਸੱਜੇ-ਪੱਖੀ ਬੋਲਸੋਨਾਰੋ ਰਾਸ਼ਟਰਪਤੀ ਚੁਣਿਆ ਗਿਆ ਸੀ | ਲੂਲਾ ਦਾ ਸਿਲਵਾ 580 ਦਿਨ ਜੇਲ੍ਹ ਵਿੱਚ ਰਹੇ | ਪਿਛਲੇ ਸਾਲ ਸੁਪਰੀਮ ਕੋਰਟ ਨੇ ਲੂਲਾ ਦੇ ਖਿਲਾਫ਼ ਦਿੱਤੇ ਗਏ ਫ਼ੈਸਲੇ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਫੈਸਲਾ ਸੁਣਾਉਣ ਵਾਲਾ ਜੱਜ ਪੱਖਪਾਤੀ ਸੀ | ਯਾਦ ਰਹੇ ਕਿ ਬੋਲਸੋਨਾਰੋ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਲੂਲਾ ਨੂੰ ਜੇਲ੍ਹ ਭੇਜਣ ਵਾਲੇ ਜੱਜ ਨੂੰ ਨਿਆਂ ਮੰਤਰੀ ਬਣਾ ਦਿੱਤਾ ਗਿਆ ਸੀ |
ਬੋਲਸੋਨਾਰੋ ਦੇ 4 ਸਾਲਾ ਕਾਰਜਕਾਲ ਦੌਰਾਨ ਬ੍ਰਾਜ਼ੀਲ ਨੂੰ ਬਹੁਤ ਹੀ ਮੰਦੇ ਦਿਨ ਦੇਖਣੇ ਪਏ ਸਨ | ਕੋਰੋਨਾ ਮਹਾਂਮਾਰੀ ਦੌਰਾਨ ਬੋਲਸੋਨਾਰੋ ਲੋਕਾਂ ਨੂੰ ਵੈਕਸੀਨ ਨਾ ਲਵਾਉਣ ਤੇ ਮਾਸਕ ਨਾ ਪਹਿਨਣ ਲਈ ਕਹਿੰਦੇ ਰਹੇ | ਸਿੱਟੇ ਵਜੋਂ ਮਹਾਂਮਾਰੀ ਦੌਰਾਨ 7 ਲੱਖ ਬ੍ਰਾਜ਼ੀਲੀ ਮਾਰੇ ਗਏ ਸਨ | ਇਸ ਦੌਰ ਵਿੱਚ ਲੇਬਰ ਪਾਰਟੀ, ਮੀਡੀਆ ਤੇ ਹੋਰ ਜਮਹੂਰੀ ਸੰਸਥਾਵਾਂ ਉੱਤੇ ਹਮਲੇ ਕਰਵਾਏ ਗਏ, ਜਿਸ ਨਾਲ ਕੌਮਾਂਤਰੀ ਪੱਧਰ ‘ਤੇ ਬੋਲਸੋਨਾਰੋ ਦੀ ਛਵੀ ਇੱਕ ਫਾਸ਼ਿਸਟ ਵਿਅਕਤੀ ਦੀ ਬਣ ਗਈ ਸੀ | ਇਹੋ ਨਹੀਂ ਬੋਲਸੋਨਾਰੋ ਦੇ ਰਾਜ ਦੌਰਾਨ ਸੰਸਾਰ ਪ੍ਰਸਿੱਧ ਐਮਾਜ਼ੋਨ ਵਰਖਾ ਵਣਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਗਈ, ਜਿਸ ਵਿਰੁੱਧ ਅੰਤਰ-ਰਾਸ਼ਟਰੀ ਅਦਾਲਤ ਵਿੱਚ ਅਪਰਾਧਿਕ ਮੁਕੱਦਮਾ ਕੀਤਾ ਗਿਆ ਹੈ | ਇਸ ਵਿੱਚ ਬੋਲਸੋਨਾਰੋ ਵਿਰੁੱਧ ਆਦਿਵਾਸੀ ਸਮੂਹਾਂ ਨੂੰ ਉਜਾੜਣ ਦਾ ਦੋਸ਼ ਲਾਇਆ ਗਿਆ ਹੈ |
ਨਵੇਂ ਰਾਸ਼ਟਰਪਤੀ ਲੂਲਾ ਦਾ ਸਿਲਵਾ 1 ਜਨਵਰੀ 2023 ਨੂੰ ਅਹੁਦਾ ਸੰਭਾਲਣਗੇ | ਉਨ੍ਹਾ ਦੇ ਸਾਹਮਣੇ ਅਨੇਕ ਚਣੌਤੀਆਂ ਹਨ | ਵੋਟਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਦੇਸ਼ ਪੂਰੀ ਤਰ੍ਹਾਂ ਦੋ ਧਾਰਾਵਾਂ ਵਿੱਚ ਵੰਡਿਆ ਜਾ ਚੁੱਕਾ ਹੈ | ਇਸ ਵੇਲੇ 21.5 ਕਰੋੜ ਦੀ ਅਬਾਦੀ ਵਾਲੇ ਇਸ ਦੇਸ਼ ਵਿੱਚ 3.3 ਕਰੋੜ ਲੋਕ ਭੁੱਖਮਰੀ ਦਾ ਸਾਹਮਣੇ ਕਰ ਰਹੇ ਹਨ | ਦਸ ਕਰੋੜ ਲੋਕ ਗਰੀਬੀ ਦੀ ਜ਼ਿੰਦਗੀ ਜੀ ਰਹੇ ਹਨ | ਇਸ ਦੇ ਨਾਲ ਹੀ ਲੂਲਾ ਲਈ ਵੱਡੀ ਮੁਸ਼ਕਲ ਇਹ ਹੈ ਕਿ ਬੋਲਸੋਨਾਰੋ ਦੇ ਸਮੱਰਥਕ ਸੰਸਦ ਤੇ ਬਹੁਤ ਸਾਰੇ ਹੇਠਲੇ ਅਦਾਰਿਆਂ ਉੱਤੇ ਕਾਬਜ਼ ਹਨ | ਇਸ ਲਈ ਲੂਲਾ ਨੇ ਕਿਹਾ ਹੈ ਕਿ ਉਹ ਸਾਰੇ 21.5 ਕਰੋੜ ਲੋਕਾਂ ਲਈ ਸ਼ਾਸਨ ਕਰਨਗੇ | ਇਸ ਲਈ ਕੇਂਦਰਵਾਦੀਆਂ ਤੱਕ ਦਾ ਵੀ ਸਹਿਯੋਗ ਲਿਆ ਜਾਵੇਗਾ | ਉਨ੍ਹਾ ਕਿਹਾ ਹੈ ਕਿ ਉਹ ਬੁਨਿਆਦੀ ਢਾਂਚੇ ਦੀ ਮੁੜ ਉਸਾਰੀ ਕਰਨਗੇ | ਉਨ੍ਹਾ ਗਰੀਬੀ ਖ਼ਤਮ ਕਰਨ, ਸਿੱਖਿਆ, ਸਿਹਤ ਤੇ ਰਿਹਾਇਸ਼ੀ ਪ੍ਰਬੰਧ ਵਿੱਚ ਸੁਧਾਰ ਦਾ ਵਾਅਦਾ ਕੀਤਾ ਹੈ | ਇਸ ਦੇ ਨਾਲ ਉਨ੍ਹਾ ਐਮਾਜ਼ੋਨ ਜੰਗਲ ਦੀ ਕਟਾਈ ਤੁਰੰਤ ਰੋਕ ਦੇਣ ਦਾ ਵਚਨ ਦਿੱਤਾ ਹੈ | ਆਪਣੇ ਪਹਿਲੇ ਸੰਬੋਧਨ ਵਿੱਚ ਉਨ੍ਹਾ ਕਿਹਾ ਹੈ, ‘ਜੰਗਲਾਂ ਦੀ ਕਟਾਈ ਵਿੱਚ ਸੰਸਾਰ ਆਗੂ ਬਣਨ ਦੀ ਥਾਂ ਅਸੀਂ ਜਲਵਾਯੂ ਸੰਕਟ ਦਾ ਸਾਹਮਣਾ ਕਰਨ ਤੇ ਵਾਤਾਵਰਣ ਵਿਕਾਸ ਵਿੱਚ ਸੰਸਾਰ ਚੈਂਪੀਅਨ ਬਣਨਾ ਚਾਹਾਂਗੇ |’
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles