ਗੁਰਦਾਸਪੁਰ (ਜਨਕ ਮਹਾਜਨ) -ਪੁਲਸ ਨੇ ਨ੍ਹਾਵਾ ਸੇਵਾ ਪੋਰਟ ਮੁੰਬਈ ਤੋਂ 72.5 ਕਿਲੋ ਹੈਰੋਇਨ ਦੀ ਬਰਾਮਦਗੀ ਦੇ ਮਾਮਲੇ ‘ਚ ਲੋੜੀਂਦੇ ਤਿੰਨ ਵੱਡੇ ਨਸ਼ਾ ਤਸਕਰਾਂ ਨੂੰ ਗੁਰਦਾਸਪੁਰ ਤੋਂ ਗਿ੍ਫ਼ਤਾਰ ਕੀਤਾ | ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਸ ਅਤੇ ਏ ਟੀ ਐੱਸ ਮੁੰਬਈ ਦੀਆਂ ਟੀਮਾਂ ਨੇ ਸਾਂਝੇ ਅਪਰੇਸ਼ਨ ਦੌਰਾਨ ਜੁਲਾਈ ‘ਚ ਟਾਈਲਾਂ ਵਾਲੇ ਕੰਟੇਨਰ ਦੇ ਦਰਵਾਜ਼ੇ ਦੇ ਬਾਰਡਰ ‘ਚ ਲੁਕੋ ਕੇ ਰੱਖੀ ਹੈਰੋਇਨ ਬਰਾਮਦ ਕੀਤੀ ਸੀ | ਇਹ ਕੰਟੇਨਰ ਦਿੱਲੀ ਦੇ ਦਰਾਮਦਕਾਰ ਵੱਲੋਂ ਮੰਗਵਾਇਆ ਗਿਆ ਸੀ | ਗਿ੍ਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮਿ੍ਤਸਰ ਦੇ ਪਿੰਡ ਪੰਡੋਰੀ ਦੇ ਗੁਰਵਿੰਦਰ ਸਿੰਘ ਉਰਫ ਮਹਿਕ (27), ਭਿੱਖੀਵਿੰਡ ਦੇ ਗੁਰਸੇਵਕ ਸਿੰਘ ਉਰਫ ਸੇਵਕ (25) ਅਤੇ ਅੰਮਿ੍ਤਸਰ ਦੇ ਪਿੰਡ ਮੁਹਾਵਾ ਦੇ ਮਨਜੀਤ ਸਿੰਘ ਉਰਫ ਸੋਨੀ (34) ਵਜੋਂ ਹੋਈ ਹੈ | ਤਿੰਨੋਂ ਪੰਜਾਬ ‘ਚ ਸਰਹੱਦ ਪਾਰੋਂ ਅਤੇ ਅੰਤਰਰਾਜੀ ਨਸ਼ਾ ਤਸਕਰੀ ‘ਚ ਸਰਗਰਮੀ ਨਾਲ ਸ਼ਾਮਲ ਸਨ |
ਯਾਦਵ ਨੇ ਦੱਸਿਆ ਕਿ ਭਰੋਸੇਯੋਗ ਜਾਣਕਾਰੀ ਮਿਲਣ ਉਪਰੰਤ ਗੁਰਦਾਸਪੁਰ ਪੁਲਸ ਨੇ ਬੁੱਧਵਾਰ ਸ਼ਾਮ ਧਾਰੀਵਾਲ ਖੇਤਰ ‘ਚ ਅੰਮਿ੍ਤਸਰ-ਜੰਮੂ ਹਾਈਵੇ ‘ਤੇ ਮਹਿੰਦਰਾ ਥਾਰ ਨੂੰ ਰੋਕ ਕੇ ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ |
ਗੱਡੀ ਦੀ ਤਲਾਸ਼ੀ ਦੌਰਾਨ ਇੱਕ ਰਿਵਾਲਵਰ ਸਮੇਤ 9 ਐੱਮ ਐੱਮ ਦੇ 6 ਕਾਰਤੂਸ ਅਤੇ.32 ਬੋਰ ਦੇ 6 ਕਾਰਤੂਸ ਵੀ ਬਰਾਮਦ ਕੀਤੇ ਗਏ | ਇਸ ਤੋਂ ਪਹਿਲਾਂ ਮੁੰਬਈ ਏ ਟੀ ਐੱਸ ਨੇ ਖੇਪ ਮੰਗਵਾਉਣ ਵਾਲੇ ਹਰਸਿਮਰਨ ਸੇਠੀ ਅਤੇ ਉਸ ਦੇ ਸਹਾਇਕ ਮਹਿੰਦਰ ਸਿੰਘ ਰਾਠੌਰ, ਜੋ ਕਲੀਅਰਿੰਗ ਏਜੰਟ ਵਜੋਂ ਕੰਮ ਕਰ ਰਿਹਾ ਸੀ, ਨੂੰ ਦਿੱਲੀ ਤੋਂ ਗਿ੍ਫਤਾਰ ਕੀਤਾ ਸੀ | ਡੀ ਜੀ ਪੀ ਨੇ ਕਿਹਾ ਕਿ ਜਾਂਚ ਦੌਰਾਨ ਮੁੰਬਈ ਏ ਟੀ ਐੱਸ ਨੇ ਗੁਰਵਿੰਦਰ, ਗੁਰਸੇਵਕ ਅਤੇ ਮਨਜੀਤ ਨੂੰ ਨਾਮਜਦ ਕੀਤਾ, ਜੋ ਕਿ ਕੰਟੇਨਰ ਦੇ ਪ੍ਰਾਪਤਕਰਤਾ ਸਨ ਅਤੇ ਉਹ ਇਸ ਸੰਬੰਧ ‘ਚ ਦਿੱਲੀ ਵੀ ਗਏ ਸਨ | ਐੱਸ ਐੱਸ ਪੀ ਗੁਰਦਾਸਪੁਰ ਦੀਪਕ ਹਿਲੋਰੀ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਅਤੇ ਮਨਜੀਤ ਸਿੰਘ ਇਰਾਦਾ ਕਤਲ ਦੀ ਕੋਸ਼ਿਸ਼ ਦੇ ਕੇਸ ‘ਚ ਅੰਮਿ੍ਤਸਰ ਦਿਹਾਤੀ ਪੁਲਸ ਨੂੰ ਵੀ ਲੋੜੀਂਦੇ ਹਨ, ਜਿਸ ‘ਚ ਉਨ੍ਹਾਂ ਅਕਤੂਬਰ 2020 ‘ਚ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੀ ਪੁਲਸ ਪਾਰਟੀ ‘ਤੇ ਗੋਲੀਬਾਰੀ ਕੀਤੀ ਸੀ | ਅੰਮਿ੍ਤਸਰ ਦੇ ਥਾਣਾ ਲੋਪੋਕੇ ਵਿਖੇ ਇਸ ਸੰਬੰਧੀ ਕੇਸ ਦਰਜ ਹੈ |




