ਇਸਲਾਮਾਬਾਦ : ਪਾਕਿਸਤਾਨੀ ਫੌਜ ਨੇ ਸ਼ਾਹਬਾਜ਼ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਫੌਜ ਦੇ ਇਕ ਸੀਨੀਅਰ ਅਧਿਕਾਰੀ ਨੂੰ ਬਦਨਾਮ ਕਰਨ ਲਈ ਇਮਰਾਨ ਖਾਨ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰੇ | ਖਾਨ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਗ੍ਰਹਿ ਮੰਤਰੀ ਰਾਣਾ ਸਨਾਉੱਲਾ ਅਤੇ ਆਈ ਐੱਸ ਆਈ ਦੇ ਚੋਟੀ ਦੇ ਜਨਰਲ ਮੇਜਰ ਫੈਜਲ ਦੇ ਇਸ਼ਾਰੇ ‘ਤੇ ਉਨ੍ਹਾ ‘ਤੇ ਗੋਲੀਆਂ ਚਲਾਈਆਂ ਗਈਆਂ ਸਨ |
ਇਮਰਾਨ ਦੇ ਦੋਸ਼ਾਂ ‘ਤੇ ਖੁਫੀਆ ਏਜੰਸੀ ਦੇ ਡਾਇਰੈਕਟਰ ਜਨਰਲ (ਡੀ ਜੀ ਆਈ ਐੱਸ ਪੀ ਆਰ) ਮੇਜਰ ਜਨਰਲ ਬਾਬਰ ਇਫਤਿਖਾਰ ਨੇ ਕਿਹਾ ਕਿ ਪੀ ਟੀ ਆਈ ਦੇ ਚੇਅਰਮੈਨ ਦੁਆਰਾ ਸੰਸਥਾ ਅਤੇ ਖਾਸ ਤੌਰ ‘ਤੇ ਫੌਜ ਦੇ ਇਕ ਸੀਨੀਅਰ ਅਧਿਕਾਰੀ ‘ਤੇ ਲਗਾਏ ਗਏ ਦੋਸ਼ ਬੇਬੁਨਿਆਦ ਅਤੇ ਗੈਰ-ਜ਼ਿੰਮੇਵਾਰਾਨਾ ਹਨ | ਇਸ ਦੇ ਨਾਲ ਹੀ ਉਨ੍ਹਾ ਪਾਕਿਸਤਾਨ ਸਰਕਾਰ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਸੰਸਥਾ ਅਤੇ ਇਸ ਦੇ ਅਧਿਕਾਰੀਆਂ ਖਿਲਾਫ ਮਾਣਹਾਨੀ ਅਤੇ ਝੂਠੇ ਦੋਸ਼ਾਂ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ | ਜ਼ਿਕਰਯੋਗ ਹੈ ਕਿ ਇਮਰਾਨ ਖਾਨ ‘ਤੇ ਬੀਤੇ ਵੀਰਵਾਰ ਪੰਜਾਬ ਸੂਬੇ ਦੇ ਵਜ਼ੀਰਾਬਾਦ ‘ਚ ਕਾਤਲਾਨਾ ਹਮਲਾ ਹੋਇਆ ਸੀ ਤੇ ਉਸ ਨੂੰ ਜ਼ਖਮੀ ਹਾਲਤ ‘ਚ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਸੀ |



