ਬਹਿਰਾਮ (ਅਵਤਾਰ ਕਲੇਰ) -ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਆਰ ਐੱਮ ਪੀ ਆਈ ਵੱਲੋਂ ਅਕਤੂਬਰ ਇਨਕਲਾਬ ਦੀ ਇੱਕ ਸੌ ਪੰਦਰ੍ਹਵੀਂ ਵਰ੍ਹੇਗੰਢ ਸਾਂਝੇ ਤੌਰ ‘ਤੇ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਬੰਗਾ ਰੋਡ ਨਵਾਂਸ਼ਹਿਰ ਵਿਖੇ ਕਾਮਰੇਡ ਹਰਪਾਲ ਸਿੰਘ ਜਗਤਪੁਰ ਦੀ ਪ੍ਰਧਾਨਗੀ ਹੇਠ ਸੈਮੀਨਾਰ ਦੇ ਰੂਪ ਵਿੱਚ ਮਨਾਈ ਗਈ | ਇਸ ਵਿੱਚ ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਵਿਸ਼ੇਸ਼ ਤੌਰ ‘ਤੇ ਪਹੁੰਚੇ | ਉਨ੍ਹਾਂ ਅਕਤੂਬਰ ਇਨਕਲਾਬ ਦੇ ਇਤਿਹਾਸ ਬਾਰੇ ਹਾਜ਼ਰ ਸਾਥੀਆਂ ਨੂੰ ਦੱਸਦਿਆਂ ਕਿਹਾ ਕਿ ਰੂਸ ਵਿੱਚ ਕਾਮਰੇਡ ਲੈਨਿਨ ਦੀ ਅਗਵਾਈ ਹੇਠ ਸਰਮਾਏਦਾਰੀ ਹੱਥੋਂ ਨਪੀੜੀ ਜਾ ਰਹੀ ਮਜ਼ਦੂਰ ਜਮਾਤ ਦੀ ਬੰਦ-ਖਲਾਸੀ ਲਈ ਇਕੱਠੇ ਹੋ ਕੇ ਜ਼ਾਰ ਦੇ ਰਾਜ ਦਾ ਅੰਤ ਕੀਤਾ ਗਿਆ | ਕਾਮਰੇਡ ਲੈਨਿਨ ਨੇ ਕਾਰਲ ਮਾਰਕਸ ਦੇ ਦੱਸੇ ਸਿਧਾਂਤ ‘ਤੇ ਅਮਲ ਨੂੰ ਦਿ੍ੜ੍ਹਤਾ ਨਾਲ ਲਾਗੂ ਕਰਕੇ ਮਜ਼ਦੂਰ ਜਮਾਤ ਲਈ ਮੁਕਤੀ ਦਾ ਰਾਹ ਪੱਧਰਾ ਕੀਤਾ | ਹਰ ਇਕ ਮਜ਼ਦੂਰ ਲਈ ਕੰਮ, ਸਿੱਖਿਆ, ਬੱਚਿਆਂ ਨੂੰ ਸਾਰੀਆਂ ਸਹੂਲਤਾਂ ਦੀ ਜ਼ਿੰਮੇਵਾਰੀ ਸਰਕਾਰ ਨੇ ਦਿੱਤੀ | ਅੱਜ ਸੰਸਾਰ ਦੇ ਬਹੁਤੇ ਦੇਸ਼ਾਂ ਵਿੱਚ ਖੱਬੇ ਪੱਖੀ ਸਰਕਾਰਾਂ ਮੁੜ ਸੱਤਾ ਵਿੱਚ ਆ ਰਹੀਆਂ ਹਨ | ਅੱਜ ਭਾਰਤ ਵਿਚ ਫਾਸ਼ੀਵਾਦੀ ਤਾਕਤਾਂ ਰਾਜ-ਭਾਗ ‘ਤੇ ਕਾਬਜ਼ ਹਨ | ਇਕ ਦੇਸ਼, ਇੱਕ ਬੋਲੀ, ਇੱਕ ਡਰੈੱਸ, ਇੱਕ ਸੱਭਿਆਚਾਰ ਆਦਿ ਦੇ ਨਾਂਅ ਹੇਠ ਹਰ ਤਰ੍ਹਾਂ ਦੀ ਹੱਕ-ਸੱਚ ਦੀ ਆਵਾਜ਼ ਬੰਦ ਕਰਕੇ ਜੇਲ੍ਹੀਂ ਡੱਕਿਆ ਜਾ ਰਿਹਾ ਹੈ | ਲੋਕਾਂ ਨੂੰ ਧਰਮਾਂ, ਜਾਤਾਂ ਦੇ ਨਾਂਅ ਹੇਠ ਲੜਾ ਕੇ ਰਾਜਸੱਤਾ ‘ਤੇ ਕਬਜ਼ਾ ਕੀਤਾ ਜਾ ਰਿਹਾ ਹੈ |
ਦੇਸ਼ ਦੀ ਸੰਪਤੀ ਕੌਡੀਆਂ ਦੇ ਭਾਅ ਕੁਝ ਕੁ ਘਰਾਣਿਆਂ ਨੂੰ ਵੇਚੀ ਜਾ ਰਹੀ ਹੈ | ਸੰਵਿਧਾਨ ਨਾਂਅ ਦੀ ਕੋਈ ਚੀਜ਼ ਦਿਖਾਈ ਦੇ ਨਹੀਂ ਰਹੀ | ਜਮਾਤੀ ਘੋਲਾਂ (ਮਾਲਕ, ਮਜ਼ਦੂਰ) ਦੀ ਬਜਾਏ ਹਿੰਦੂ, ਸਿੱਖ, ਇਸਾਈ, ਮੁਸਲਮਾਨਾਂ ਦੇ ਨਾਂਅ ਹੇਠ ਭਰਾ ਨੂੰ ਭਰਾ ਨਾਲ ਲੜਾ ਕੇ) ਰਾਜ ਸੱਤਾ ਦੀਆਂ ਜੜ੍ਹਾਂ ਪੱਕੀਆਂ ਕੀਤੀਆਂ ਜਾ ਰਹੀਆਂ ਹਨ | ਅੱਜ ਮਾਰਕਸਵਾਦੀ ਫਲਸਫੇ ਤੋਂ ਸੇਧ ਲੈ ਕੇ ਬਾਬੇ ਨਾਨਕ ਦੇ ਭਾਈ ਲਾਲੋਆਂ ਨੂੰ ਜਾਗਰੂਕ ਹੋ ਕੇ ਮਜ਼ਦੂਰ ਜਮਾਤ ਨੂੰ ਆਪਣੇ ਹੱਕਾਂ ਲਈ ਲੜਨਾ ਹੋਵੇਗਾ | ਇਸ ਮੌਕੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਤੰਤਰ ਕੁਮਾਰ, ਮੁਕੰਦ ਲਾਲ, ਸਤਨਾਮ ਸਿੰਘ ਗੁਲਾਟੀ, ਕੁਲਦੀਪ ਸਿੰਘ ਦੌੜਕਾ, ਮਾਸਟਰ ਕਰਨੈਲ ਸਿੰਘ, ਇਸਤਰੀ ਆਗੂ ਗੁਰਬਖਸ਼ ਕੌਰ ਰਾਹੋਂ, ਜਸਵਿੰਦਰ ਸਿੰਘ ਭੰਗਲ ਆਦਿ ਨੇ ਵੀ ਵਿਚਾਰ ਪੇਸ਼ ਕੀਤੇ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿੰਗਾ ਸਿੰਘ, ਜਸਵਿੰਦਰ ਲਾਲ, ਗੁਰਿੰਦਰ ਲਾਲ, ਮੇਜਰ ਦਾਸ, ਮਾਸਟਰ ਸੋਮ ਨਾਥ, ਮਾ. ਈਸ਼ਵਰ ਚੰਦਰ, ਜਰਨੈਲ ਸਿੰਘ, ਸੁਰਿੰਦਰ ਭੱਟੀ, ਮੇਜਰ ਸਿੰਘ ਸੁੱਜੋਂ, ਬਲਵੀਰ ਮਹਾਲੋਂ ਆਦਿ ਹਾਜ਼ਰ ਸਨ |




