ਨਵੀਂ ਦਿੱਲੀ : 8 ਨਵੰਬਰ ਨੂੰ ਰਿਟਾਇਰ ਹੋ ਰਹੇ ਚੀਫ ਜਸਟਿਸ ਉਦੈ ਉਮੇਸ਼ ਲਲਿਤ ਸੁਪਰੀਮ ਕੋਰਟ ‘ਚ ਲਗਪਗ 37 ਸਾਲਾਂ ਦੇ ਆਪਣੇ ਸਫਰ ਨੂੰ ਯਾਦ ਕਰਨ ਮੌਕੇ ਸੋਮਵਾਰ ਭਾਵੁਕ ਹੋ ਗਏ | ਉਨ੍ਹਾ ਕਿਹਾ ਕਿ ਸਿਖਰਲੀ ਕੋਰਟ ‘ਚ ਪਹਿਲਾਂ ਵਕੀਲ ਤੇ ਮਗਰੋਂ ਜੱਜ ਵਜੋਂ ਕਾਰਜਕਾਲ ਦਾ ਆਨੰਦ ਮਾਣਿਆ |
ਚੀਫ ਜਸਟਿਸ ਲਲਿਤ ਆਪਣੇ ਵਿਦਾਇਗੀ ਸਮਾਗਮ ਲਈ ਜੁੜੇ ਰਸਮੀ ਬੈਂਚ ‘ਚ ਬੈਠਣ ਮੌਕੇ ਬੋਲ ਰਹੇ ਸਨ | ਬੈਂਚ ‘ਚ ਉਨ੍ਹਾ ਦੇ ਜਾਨਸ਼ੀਨ ਜਸਟਿਸ ਡੀ ਵਾਈ ਚੰਦਰਚੂੜ ਤੇ ਜਸਟਿਸ ਬੇਲਾ ਐੱਮ ਤਿ੍ਵੇਦੀ ਸ਼ਾਮਲ ਸਨ | ਹਾਲਾਂਕਿ ਚੀਫ ਜਸਟਿਸ ਲਲਿਤ ਨੇ 8 ਨਵੰਬਰ ਨੂੰ ਅਧਕਾਰਤ ਤੌਰ ‘ਤੇ ਸੇਵਾ ਮੁਕਤ ਹੋਣਾ ਹੈ, ਪਰ ਮੰਗਲਵਾਰ ਗੁਰਪੁਰਬ ਦੀ ਛੁੱਟੀ ਹੋਣ ਕਰਕੇ ਇਕ ਦਿਨ ਪਹਿਲਾਂ ਵਿਦਾਇਗੀ ਸਮਾਗਮ ਰੱਖਣਾ ਪਿਆ | ਭਾਰਤ ਦੇ 50ਵੇਂ ਚੀਫ ਜਸਟਿਸ ਵਜੋਂ 9 ਨਵੰਬਰ ਨੂੰ ਅਹੁਦਾ ਸੰਭਾਲਣ ਜਾ ਰਹੇ ਡੀ ਵਾਈ ਚੰਦਰਚੂੜ ਨੇ ਕਿਹਾ ਕਿ ਚੀਫ ਜਸਟਿਸ ਲਲਿਤ ਵੱਲੋਂ ਕੋਰਟ ਦੀ ਬਿਹਤਰੀ ਲਈ ਕੀਤੇ ਸੁਧਾਰ ਅੱਗੋਂ ਵੀ ਜਾਰੀ ਰਹਿਣਗੇ |




