ਇੰਦੌਰ : ਇਥੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ 1984 ਦੀ ਸਿੱਖ ਵਿਰੋਧੀ ਹਿੰਸਾ ਲਈ ਦੋਸ਼ੀ ਮੰਨੇ ਜਾਂਦੇ ਸੀਨੀਅਰ ਕਾਂਗਰਸੀ ਆਗੂ ਕਮਲਨਾਥ ਨੂੰ ਸਨਮਾਨਤ ਕਰਨ ‘ਤੇ ਪ੍ਰਸਿੱਧ ਰਾਗੀ ਸਿੰਘ ਮਨਪ੍ਰੀਤ ਸਿੰਘ ਕਾਨਪੁਰੀ ਕਾਫੀ ਗੁੱਸੇ ਹੋ ਗਏ | ਐੱਮ ਬੀ ਖਾਲਸਾ ਕਾਲਜ ਵਿਚ ਮੰਗਲਵਾਰ ਆਯੋਜਿਤ ਸਮਾਗਮ ਵਿੱਚੋਂ ਕਮਲਨਾਥ ਦੇ ਚਲੇ ਜਾਣ ਤੋਂ ਬਾਅਦ ਰਾਗੀ ਕਾਨਪੁਰੀ ਨੇ ਕਿਹਾ—ਅਜਿਹਾ ਨਾ ਹੁੰਦਾ ਜੇ ਤੁਹਾਡੀ ਜ਼ਮੀਰ ਜਾਗਦੀ ਹੁੰਦੀ |
ਇਕ ਪ੍ਰਬੰਧਕ ਨੇ ਜਦੋਂ ਸਫਾਈ ਦਿੱਤੀ ਕਿ ਉਨ੍ਹਾਂ ਸਿਰੋਪਾ ਨਹੀਂ ਦਿੱਤਾ, ਸਿਰਫ ਮਿਮੈਂਟੋ ਦਿੱਤਾ, ਜੋ ਕਿ ਇੱਥੋਂ ਦੀ ਰਵਾਇਤ ਹੈ, ਤਾਂ ਰਾਗੀ ਕਾਨਪੁਰੀ ਨੇ ਕਿਹਾ—ਤੁਸੀਂ ਹੁਣ ਬੋਲ ਰਹੇ ਹੋ | ਪਹਿਲਾਂ ਕਿੱਥੇ ਸੀ? ਤੁਹਾਨੂੰ ਆਪਾ-ਪੜਚੋਲ ਕਰਨੀ ਚਾਹੀਦੀ ਹੈ | ਦੇਖੋ, ਤੁਸੀਂ ਕੀ ਕੀਤਾ | ਮੈਂ ਆਪਣਾ ਕਾਰਜ ਮੁਕੰਮਲ ਕਰਾਂਗਾ, ਪਰ ਫਿਰ ਕਦੇ ਇੰਦੌਰ ਨਹੀਂ ਆਵਾਂਗਾ | ਜੇ ਮੈਂ ਗਲਤ ਹੋਇਆ ਤਾਂ ਰੱਬ ਮੈਨੂੰ ਸਜ਼ਾ ਦੇਵੇਗਾ | ਜੇ ਤੁਸੀਂ ਗਲਤ ਹੋ ਤਾਂ ਗੁਰੂ ਨਾਨਕ ਦੇਖ ਰਹੇ ਹਨ |
ਜਥੇਬੰਦਕ ਨੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦਾ ਜੈਕਾਰਾ ਲੁਆ ਕੇ ਉਨ੍ਹਾ ਨੂੰ ਕੀਰਤਨ ਜਾਰੀ ਰੱਖਣ ਦੀ ਬੇਨਤੀ ਕੀਤੀ | ਇਸ ਦੇ ਜਵਾਬ ਵਿਚ ਕਾਨਪੁਰੀ ਨੇ ਕਿਹਾ—ਮੈਂ ਜੈਕਾਰਾ ਨਹੀਂ ਲਾਵਾਂਗਾ | ਤੁਹਾਨੂੰ ਜੈਕਾਰੇ ਦਾ ਮਤਲਬ ਪਤਾ ਹੋਣਾ ਚਾਹੀਦਾ ਹੈ | ਮੈਂ ਸਿਰਫ ਗੁਰੂ ਨਾਨਕ ਦੀ ਬਾਣੀ ਦਾ ਕੀਰਤਨ ਕਰਾਂਗਾ |
ਇਸ ਤੋਂ ਪਹਿਲਾਂ ਕਮਲਨਾਥ ਨੇ ਮੰਚ ਤੋਂ ਸੰਬੋਧਨ ਕਰਦਿਆਂ ਗੁਰੂ ਨਾਨਕ ਦੀਆਂ ਸਿੱਖਿਆਵਾਂ ‘ਤੇ ਚੱਲਣ ਦਾ ਸੱਦਾ ਦਿੱਤਾ | ਉਹ ਸਵਾ ਇਕ ਵਜੇ ਤੋਂ ਪੌਣੇ ਤਿੰਨ ਵਜੇ ਤੱਕ ਹੋਣ ਵਾਲੇ ਕੀਰਤਨ ਤੋਂ ਕੁਝ ਪਹਿਲਾਂ ਕਰੀਬ ਇੱਕ ਵਜੇ ਆਏ ਸਨ | ਉਨ੍ਹਾ ਤੋਂ ਬਾਅਦ ਪੁੱਜੇ ਮਨਪ੍ਰੀਤ ਸਿੰਘ ਕਾਨਪੁਰੀ ਦੇ ਜੱਥੇ ਨੇ ਕਮਲਨਾਥ ਦੇ ਅੰਦਰ ਹੋਣ ਦਾ ਪਤਾ ਲੱਗਣ ‘ਤੇ ਅੰਦਰ ਆਉਣ ਤੋਂ ਨਾਂਹ ਕਰ ਦਿੱਤੀ | ਬੇਨਤੀ ਕਰਨ ‘ਤੇ ਉਹ ਮੰਨ ਗਏ, ਪਰ ਪੌਣਾ ਘੰਟਾ ਚੱਲੀ ਸਨਮਾਨ ਦੀ ਰਸਮ ਦੌਰਾਨ ਕਮਲਨਾਥ ਨੂੰ ਸਨਮਾਨਤ ਕਰਨ ‘ਤੇ ਉਹ ਖਿਝ ਗਏ | ਜਦੋਂ ਉਨ੍ਹਾ ਸਟੇਜ ਸੰਭਾਲੀ ਕਮਲਨਾਥ ਚਲੇ ਗਏ, ਪਰ ਰਾਗੀ ਕਾਨਪੁਰੀ ਨੇ ਆਪਣੀ ਨਾਰਾਜ਼ਗੀ ਦਾ ਇਜ਼ਹਾਰ ਜ਼ਰੂਰ ਕਰ ਦਿੱਤਾ | ਉਨ੍ਹਾ ਪ੍ਰਬੰਧਕਾਂ ‘ਤੇ ਵਰ੍ਹਦਿਆਂ ਕਿਹਾ—ਤੁਸੀਂ ਕਿਹੜੇ ਸਿਧਾਂਤ ਦੀ ਗੱਲ ਕਰ ਰਹੇ ਹੋ? ਤੁਹਾਨੂੰ ਟਾਇਰ ਪਾ ਕੇ ਸਾੜਿਆ ਗਿਆ, ਫੇਰ ਵੀ ਤੁਸੀਂ ਸੁਧਰ ਨਹੀਂ ਰਹੇ | ਤੁਸੀਂ ਕਿਸ ਤਰ੍ਹਾਂ ਦੀ ਰਾਜਨੀਤੀ ਕਰਨੀ ਚਾਹੁੰਦੇ ਹੋ?





