ਮਲੋਟ (ਗੁਰਮੀਤ ਸਿੰਘ ਮੱਕੜ)
ਸਥਾਨਕ ਥਾਣਾ ਸਿਟੀ ਪੁਲਸ ਨੇ ਦੋ ਵਾਹਨਾਂ ਦੀ ਆਪਸੀ ਟੱਕਰ ਵਿਚ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਅਤੇ ਇੱਕ ਦੀ ਮੌਤ ਹੋ ਜਾਣ ‘ਤੇ ਅਣਪਛਾਤੇ ਡਰਾਈਵਰ ‘ਤੇ ਮਾਮਲਾ ਦਰਜ ਕੀਤਾ ਹੈ | ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਗੁਰਨਾਮ ਸਿੰਘ, ਵਾਸੀ ਗੁਰਸਿੰਘਾ ਨੇ ਦੱਸਿਆ ਕਿ ਉਹ ਆਪਣੀ ਮਾਸੀ ਦੇ ਲੜਕੇ ਰਣਜੀਤ ਸਿੰਘ ਵਾਸੀ ਬਰਸਾਏ ਤਹਿਸੀਲ ਤੇ ਜ਼ਿਲ੍ਹਾ ਗੁਰਦਾਸਪੁਰ ਜੋ ਕਿ ਮਾਹੂਆਣਾ ਡਰਾਈਵਿੰਗ ਲਾਇਸੰਸ ਬਣਾਉਣ ਲਈ ਇਨ੍ਹਾਂ ਦੇ ਨਾਲ ਆਇਆ ਸੀ ਅਤੇ ਜਦੋਂ ਉਹ ਮਲੋਟ ਸ਼ਹਿਰ ਪਹੁੰਚ ਗਏ ਤਾਂ ਉਸ ਦੇ ਚਾਚੇ ਦੇ ਲੜਕੇ ਅਤੇ ਮਾਸੀ ਦੇ ਲੜਕੇ ਨੇ ਇੱਕ ਆਟੋ ਰਿਕਸ਼ਾ ਪਿੰਡ ਮਾਹੂਆਣਾ ਜਾਣ ਲਈ ਕਰ ਲਿਆ ਅਤੇ ਉਸ ਨੇ ਵੀ ਇੱਕ ਆਟੋ ਰਿਕਸ਼ਾ ਅਲੱਗ ਤੋਂ ਪਿੰਡ ਮਾਹੂਆਣਾ ਜਾਣ ਲਈ ਕਰ ਲਿਆ ਅਤੇ ਉਸ ਦੇ ਚਾਚੇ ਅਤੇ ਮਾਸੀ ਦਾ ਲੜਕਾ ਆਟੋ ਰਿਕਸ਼ੇ ‘ਤੇ ਅੱਗੇ-ਅੱਗੇ ਜਾ ਰਿਹਾ ਸੀ ਅਤੇ ਉਹ ਆਟੋ ‘ਤੇ ਪਿੱਛੇ-ਪਿਛੇ ਜਾ ਰਿਹਾ ਸੀ | ਉਸ ਨੇ ਦੱਸਿਆ ਕਿ ਜਦੋਂ ਉਹ ਕਰੀਬ ਸ਼ਾਮ ਦੇ ਸਾਢੇ 7 ਵਜੇ ਮਲੋਟ ਤੋਂ ਡੱਬਵਾਲੀ ਰੋਡ ਨੇੜੇ ਰਾਧਾ ਸਵਾਮੀ ਮਲੋਟ ਤੋਂ ਥੋੜ੍ਹਾ ਅੱਗੇ ਪਹੁੰਚੇ ਤਾਂ ਇੱਕ ਅਣਪਛਾਤਾ ਵਹੀਕਲ ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚਲਾ ਰਿਹਾ ਸੀ, ਜਿਸ ਨੇ ਉਸ ਦੇ ਚਾਚੇ ਦੇ ਲੜਕੇ ਪਰਮਜੀਤ ਸਿੰਘ ਅਤੇ ਰਣਜੀਤ ਸਿੰਘ ਜਿਸ ਆਟੋ ਰਿਕਸ਼ਾ ਵਿਚ ਸਵਾਰ ਸਨ, ਉਲਟ ਸਾਈਡ ਆ ਕੇ ਸਿੱਧਾ ਮਾਰਿਆ, ਜਿਸ ਕਾਰਨ ਆਟੋ ਰਿਕਸ਼ਾ ਚਾਲਕ ਸੁਖਦੇਵ ਸਿੰਘ ਵਾਸੀ ਮਲੋਟ, ਉਸ ਦੇ ਚਾਚੇ ਦੇ ਲੜਕੇ ਪਰਮਜੀਤ ਸਿੰਘ ਦੇ ਸੱਟਾਂ ਲੱਗ ਗਈਆਂ ਅਤੇ ਉਸ ਦੇ ਮਾਸੀ ਦੇ ਲੜਕੇ ਰਣਜੀਤ ਸਿੰਘ ਦੀ ਸੱਟਾਂ ਦੀ ਤਾਬ ਨਾ ਝੱਲਦੇ ਹੋਏ ਮੌਤ ਹੋ ਗਈ |




