ਯੂਨੀਅਨ ਪਬਲਿਕ ਸਰਵਿਸਿਜ਼ ਕਮਿਸ਼ਨ (ਯੂ ਪੀ ਐੱਸ ਸੀ) ਦੀ ਸਿਵਲ ਸਰਵਿਸ ਪ੍ਰੀਖਿਆ ਦੇਸ਼ ਦੀਆਂ ਸਭ ਤੋਂ ਔਖੀਆਂ ਪ੍ਰੀਖਿਆਵਾਂ ਵਿਚੋਂ ਇਕ ਸਮਝੀ ਜਾਂਦੀ ਹੈ | ਇਸ ਨੂੰ ਪਾਸ ਕਰਨ ਲਈ ਬਹੁਤ ਸਖਤ ਮਿਹਨਤ ਤੇ ਲਗਨ ਦਰਕਾਰ ਹੁੰਦੀ ਹੈ | ਪ੍ਰੀਖਿਆ ਦੇ 30 ਮਈ ਨੂੰ ਆਏ ਨਤੀਜਿਆਂ ਵਿਚ ਸਫਲ ਰਹਿਣ ਵਾਲਿਆਂ ਦੀਆਂ ਕਈ ਕਹਾਣੀਆਂ ਸਾਹਮਣੇ ਆਈਆਂ ਹਨ | ਕਿਸੇ ਨੇ ਆਰਥਕ ਤੰਗੀ ਦੇ ਬਾਵਜੂਦ ਹਾਰ ਨਹੀਂ ਮੰਨੀ ਤਾਂ ਕਿਸੇ ਨੇ ਨਿੱਜੀ ਪ੍ਰੇਸ਼ਾਨੀਆਂ ਦੇ ਬਾਵਜੂਦ ਆਪਣਾ ਲੋਹਾ ਮਨਵਾਇਆ | ਦੇਸ਼ ਭਰ ਵਿਚ ਸੱਤਵਾਂ ਰੈਂਕ ਹਾਸਲ ਕਰਕੇ ਆਈ ਏ ਐੱਸ ਅਫਸਰ ਬਣਨ ਦੇ ਰਾਹ ਪੈ ਗਏ ਦਿੱਲੀ ਦੇ ਸਭਿਅਕ ਜੈਨ ਦੀ ਕਹਾਣੀ ਯੂ ਪੀ ਐੱਸ ਸੀ ਵਰਗੀਆਂ ਔਖੀਆਂ ਪ੍ਰੀਖਿਆਵਾਂ ਪਾਸ ਕਰਨ ਦੀ ਇੱਛਾ ਰੱਖਣ ਵਾਲਿਆਂ ਲਈ ਚਾਨਣ-ਮੁਨਾਰਾ ਹੈ |
ਸਕੂਲ ਵਿਚ ਸਧਾਰਨ ਵਿਦਿਆਰਥੀ ਰਹੇ ਸਭਿਅਕ ਜੈਨ ਨੇ ਯੂ ਪੀ ਐੱਸ ਸੀ ਦੀ ਪ੍ਰੀਖਿਆ ਦੇਣ ਬਾਰੇ ਉਦੋਂ ਸੋਚਿਆ ਸੀ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਰਚ 2020 ਵਿਚ ਕੋਰੋਨਾ ਮਹਾਂਮਾਰੀ ਕਾਰਨ ਲਾਕਡਾਊਨ ਦਾ ਐਲਾਨ ਕੀਤਾ ਸੀ | ਪਹਿਲੇ ਯਤਨ ਵਿਚ ਉਹ ਕਾਮਯਾਬ ਨਹੀਂ ਹੋ ਸਕਿਆ, ਪਰ ਦੂਜੇ ਯਤਨ ਵਿਚ ਉਸ ਨੇ ਸੱਤਵਾਂ ਰੈਂਕ ਹਾਸਲ ਕਰਕੇ ਦਿਖਾਇਆ | ਦਿੱਲੀ ਦੇ ਸ਼ਾਹਦਰਾ ਵਿਚ ਪੈਦਾ ਹੋਇਆ ਸਭਿਅਕ ਜਦੋਂ ਬੀ ਟੈੱਕ (ਕੰਪਿਊਟਰ ਸਾਇੰਸ) ਦੇ ਪਹਿਲੇ ਸਾਲ ਵਿਚ ਸੀ ਤਾਂ ਅੱਖ ਵਿਚ ਪ੍ਰੇਸ਼ਾਨੀ ਹੋਣ ਲੱਗੀ | ਜਾਂਚ ਵਿਚ ਮੈਕੂਲਰ ਡਿਜਨਰੇਸ਼ਨ ਦਾ ਪਤਾ ਲੱਗਿਆ | ਇਹ ਇਕ ਜੈਨੇਟਿਕ (ਜਾਤੀਗਤ) ਬਿਮਾਰੀ ਹੈ, ਹਾਲਾਂਕਿ ਸਭਿਅਕ ਦੇ ਪਰਵਾਰ ਤੇ ਰਿਸ਼ਤੇਦਾਰਾਂ ਵਿਚ ਦੂਰ-ਦੂਰ ਇਹ ਕਿਸੇ ਵਿਚ ਨਜ਼ਰ ਨਹੀਂ ਸੀ ਆਈ | ਸਭ ਤੋਂ ਵੱਡੀ ਗੱਲ ਇਹ ਕਿ ਇਸ ਦਾ ਇਲਾਜ ਨਹੀਂ ਸੀ | ਸਮੱਸਿਆ ਵਧੀ ਤਾਂ ਉਸ ਨੇ ਪੜ੍ਹਨਾ-ਲਿਖਣਾ ਛੱਡਣ ਦਾ ਫੈਸਲਾ ਕਰ ਲਿਆ | ਕਾਲਜ ਵੱਲੋਂ ਖਾਸ ਹਮਾਇਤ ਨਾ ਮਿਲਣ ਕਾਰਨ ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਓਪਨ ਵਿਚ ਇੰਗਲਿਸ਼ ਆਨਰਜ਼ ਨਾਲ ਬੀ ਏ ਕੀਤੀ | ਗ੍ਰੈਜੂਏਸ਼ਨ ਦੌਰਾਨ ਕੁਝ ਦੋਸਤਾਂ ਨੇ ਕਿਹਾ ਕਿ ਪੜ੍ਹਨ ਵਿਚ ਰੁਚੀ ਹੈ ਤਾਂ ਇੰਡੀਅਨ ਇੰਸਟੀਚਿਊਟ ਆਫ ਮਾਸ ਕਮਿਊਨੀਕੇਸ਼ਨ ਤੋਂ ਪੱਤਰਕਾਰੀ ਦੀ ਡਿਗਰੀ ਕਰ ਲੈ | ਫਿਰ ਉਸ ਨੇ ਇੰਗਲਿਸ਼ ਜਰਨਲਿਜ਼ਮ ਵਿਚ ਉਥੋਂ ਪੋਸਟ ਗ੍ਰੈਜੂਏਸ਼ਨ ਦਾ ਡਿਪਲੋਮਾ ਕੀਤਾ | ਇਸ ਤੋਂ ਬਾਅਦ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਇੰਟਰਨੈਸ਼ਨਲ ਰਿਲੇਸ਼ਨ ਵਿਚ ਮਾਸਟਰ ਡਿਗਰੀ ਹਾਸਲ ਕੀਤੀ | ਸਭਿਅਕ ਦੇ ਮਾਤਾ-ਪਿਤਾ ਏਅਰ ਇੰਡੀਆ ਵਿਚ ਕੰਮ ਕਰਦੇ ਹਨ | ਪਿਤਾ ਪੈਰਿਸ ਵਿਚ ਕੰਟਰੀ ਮੈਨੇਜਰ ਹਨ | ਸਭਿਅਕ ਮੁਤਾਬਕ ਜਦ ਭੈਣ ਪੋਸਟ ਗ੍ਰੈਜੂਏਸ਼ਨ ਕਰਨ ਅਮਰੀਕਾ ਗਈ ਤਾਂ ਪਿਤਾ ਨੇ ਕਿਹਾ ਕਿ ਤੂੰ ਵੀ ਅਮਰੀਕਾ ਚਲਾ ਜਾ, ਉਥੇ ਤੇਰੇ ਲਈ ਚੰਗਾ ਸਕੋਪ ਹੋਵੇਗਾ | ਸਭਿਅਕ ਦੀ ਸੋਚ ਹੋਰ ਸੀ | ਜਦੋਂ ਉਹ ਠੀਕ-ਠਾਕ ਹੁੰਦਾ ਸੀ ਤਾਂ ਸੋਚਦਾ ਸੀ ਕਿ ਦੇਸ ਵਿਚ ਕਰਨ ਲਈ ਕਾਫੀ ਕੁਝ ਹੈ | ਦੇਸ਼ ਦੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਦੀ ਲੋੜ ਹੈ | ਇਸ ਕਰਕੇ ਉਸ ਤੈਅ ਕੀਤਾ ਕਿ ਉਹ ਦੇਸ਼ ਵਿਚ ਹੀ ਰਹੇਗਾ ਅਤੇ ਜੋ ਵੀ ਕਰੇਗਾ, ਇਥੇ ਹੀ ਕਰੇਗਾ | ਨੇਤਰਹੀਣਾਂ ਨੂੰ ਪ੍ਰੀਖਿਆ ਵਿਚ ਲਿਖਣ ਲਈ ਸਹਿਯੋਗੀ ਮਿਲਦਾ ਹੈ | ਗੈ੍ਰਜੂਏਸ਼ਨ ਤੋਂ ਲੈ ਕੇ ਯੂ ਪੀ ਐੱਸ ਸੀ ਦੀ ਪ੍ਰੀਖਿਆ ਵਿੱਚ ਇਹ ਕੰਮ ਉਸ ਦੀ ਮਾਂ ਨੇ ਕੀਤਾ | ਯੂ ਪੀ ਐੱਸ ਸੀ ਦੀ ਪ੍ਰੀਲਿਮਜ਼ ਪ੍ਰੀਖਿਆ ਵਿਚ ਉਸ ਦੀ ਮਾਂ ਨੇ ਰਾਈਟਰ ਦਾ ਰੋਲ ਅਦਾ ਕੀਤਾ, ਜਦਕਿ ਮੇਨਜ਼ ਵਿਚ ਉਸ ਦੀ ਇਕ ਦੋਸਤ ਨੇ | ਸਭਿਅਕ ਦਾ ਕਹਿਣਾ ਹੈ ਕਿ ਦੇਸ਼ ਦੇ ਵਿਕਾਸ ਤੇ ਸੁਧਾਰ ਲਈ ਚੰਗੀਆਂ ਨੀਤੀਆਂ ਬਣਦੀਆਂ ਹਨ, ਪਰ ਲਾਗੂ ਢੰਗ ਨਾਲ ਨਹੀਂ ਕੀਤੀਆਂ ਜਾਂਦੀਆਂ | ਉਹ ਕੁੜੀਆਂ ਦੀ ਪੜ੍ਹਾਈ ਤੇ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿਚ ਕੰਮ ਕਰਨਾ ਚਾਹੁੰਦਾ ਹੈ | ਮੁਸ਼ਕਲਾਂ ਦੇ ਬਾਵਜੂਦ ਆਈ ਏ ਐੱਸ ਬਣਨ ਜਾ ਰਹੇ ਸਭਿਅਕ ਦਾ ਯੂ ਪੀ ਐੱਸ ਸੀ ਦੀ ਪ੍ਰੀਖਿਆ ਬਾਰੇ ਕਹਿਣਾ ਹੈ ਕਿ ਹਾਲਾਂਕਿ ਇਹ ਪ੍ਰੀਖਿਆ ਪਾਸ ਕਰਨ ਲਈ ਆਮ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਛੇ ਮੌਕੇ ਮਿਲਦੇ ਹਨ ਤੇ ਉਹ ਸੋਚਦੇ ਹਨ ਕਿ ਐਤਕੀਂ ਨਹੀਂ ਤਾਂ ਅਗਲੀ ਵਾਰ ਪਾਸ ਕਰ ਲਵਾਂਗੇ, ਪਰ ਇਹ ਠੀਕ ਨਹੀਂ | ਸੋਚ ਇਹ ਰੱਖਣੀ ਚਾਹੀਦੀ ਹੈ ਕਿ ਪਹਿਲੇ ਯਤਨ ਵਿਚ ਹੀ ਪਾਸ ਕਰਨੀ ਹੈ | ਇਹ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿ ਤੁਹਾਡੇ ਲਈ ਕੁਝ ਵੀ ਮੁਸ਼ਕਲ ਨਹੀਂ | ਕੁਝ ਕਰ ਦਿਖਾਉਣ ਵਾਲਿਆਂ ਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਔਖੀਆਂ ਪ੍ਰੀਖਿਆਵਾਂ ਸਭਿਅਕ ਜੈਨ ਵਰਗੀ ਸੋਚ ਨਾਲ ਹੀ ਪਾਸ ਹੁੰਦੀਆਂ ਹਨ |