ਸ੍ਰੀਨਗਰ : ਦਹਿਸ਼ਤਗਰਦਾਂ ਨੇ ਕੁੁਲਗਾਮ ਜ਼ਿਲ੍ਹੇ ‘ਚ ਮੰਗਲਵਾਰ ਕਸ਼ਮੀਰੀ ਪੰਡਤ ਅਧਿਆਪਕਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਜੰਮੂ ਖੇਤਰ ਦੇ ਸਾਂਬਾ ਦੀ ਰਹਿਣ ਵਾਲੀ ਰਜਨੀ ਬਾਲਾ (36) ਉਸ ਸਮੇਂ ਜ਼ਖਮੀ ਹੋ ਗਈ, ਜਦੋਂ ਦਹਿਸ਼ਤਗਰਦਾਂ ਨੇ ਕੁਲਗਾਮ ਦੇ ਗੋਪਾਲਪੋਰਾ ਖੇਤਰ ‘ਚ ਸਕੂਲ ਵਿਚ ਉਸ ‘ਤੇ ਗੋਲੀਬਾਰੀ ਕੀਤੀ | ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਮਈ ਮਹੀਨੇ ‘ਚ ਕਸ਼ਮੀਰੀ ਪੰਡਤ ਦੀ ਇਹ ਦੂਜੀ ਹੱਤਿਆ ਹੈ | 12 ਮਈ ਨੂੰ ਰਾਹੁਲ ਭੱਟ ਦੀ ਬਡਗਾਮ ਜ਼ਿਲ੍ਹੇ ਦੀ ਚਦੂਰਾ ਤਹਿਸੀਲ ‘ਚ ਤਹਿਸੀਲਦਾਰ ਦੇ ਦਫਤਰ ਦੇ ਅੰਦਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ | ਉਦੋਂ ਕਸ਼ਮੀਰੀ ਪੰਡਤਾਂ ਨੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਮੁਜ਼ਾਹਰੇ ਕਰਕੇ ਕਿਹਾ ਸੀ ਕਿ ਉਨ੍ਹਾਂ ਨੂੰ ਕਸ਼ਮੀਰ ਵਿਚ ਤਾਇਨਾਤ ਕਰਕੇ ਦਹਿਸ਼ਤਗਰਦਾਂ ਦਾ ਖਾਜਾ ਬਣਾਇਆ ਜਾ ਰਿਹਾ ਹੈ |
ਰਜਨੀ ਬਾਲਾ ਕਸ਼ਮੀਰ ਵਿਚ ਕਸ਼ਮੀਰੀ ਪੰਡਤਾਂ ਦੀ ਵਾਪਸੀ ਤੇ ਮੁੜ-ਵਸੇਬੇ ਲਈ ਪ੍ਰਧਾਨ ਮੰਤਰੀ ਰੁਜ਼ਗਾਰ ਪੈਕੇਜ ਤਹਿਤ ਨਿਯੁਕਤ ਹੋਈ ਸੀ | ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਇਸ ਘਟਨਾ ਨੂੰ ਬੇਹੱਦ ਦੁਖਦ ਦੱਸਦਿਆਂ ਕਿਹਾ ਕਿ ਬੇਗੁਨਾਹ ਲੋਕਾਂ ਉੱਤੇ ਹਮਲਿਆਂ ਦੀ ਲੰਮੀ ਸੂਚੀ ਵਿਚ ਇਹ ਇਕ ਹੋਰ ਟਾਰਗੇਟ ਕਿਲਿੰਗ ਹੈ | ਨਿੰਦਾ ਤੇ ਅਫਸੋਸ ਦੇ ਸ਼ਬਦ ਖੋਖਲੇ ਹੁੰਦੇ ਜਾ ਰਹੇ ਹਨ | ਸਰਕਾਰ ਤੋਂ ਬਸ ਭਰੋਸਾ ਹੀ ਮਿਲ ਰਿਹਾ ਹੈ ਕਿ ਸਥਿਤੀ ਨੂੰ ਨਾਰਮਲ ਕਰਨ ਤੱਕ ਚੈਨ ਨਾਲ ਨਹੀਂ ਬੈਠੇਗੀ | ਸਾਬਕਾ ਮੁੱਖ ਮੰਤਰੀ ਤੇ ਪੀ ਡੀ ਪੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਟਾਰਗੇਟ ਕਿਲਿੰਗ ਵਧ ਰਹੀਆਂ ਹਨ |