ਭਿੱਖੀਵਿੰਡ—ਹਰ ਸਾਲ ਦੀ ਤਰ੍ਹਾਂ ਸੀ ਪੀ ਆਈ ਵੱਲੋਂ ਬੱਸ ਸਟੈਂਡ ਭਿੱਖੀਵਿੰਡ ਵਿਖੇ ਸੱਭਿਆਚਾਰਕ ਸਮਾਗਮ ਕਰਕੇ ਜਿਥੇ ਕਾਮਰੇਡ ਪਵਨ ਕੁਮਾਰ ਮਲਹੋਤਰਾ ਨੂੰ ਸ਼ਰਧਾਂਜਲੀ ਅਰਪਤ ਕੀਤੀ ਗਈ, ਉਥੇ ਮਹਿੰਗਾਈ ਵਿਰੁੱਧ ਵੀ ਨਾਟਕ ਮੇਲਾ ਕਰਵਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਤੇ ਪੰਜਾਬ ਇਸਤਰੀ ਸਭਾ ਦੀ ਸੂਬਾਈ ਜਨਰਲ ਸਕੱਤਰ ਰਾਜਿੰਦਰਪਾਲ ਕੌਰ ਨੇ ਕਿਹਾ ਕਿ ਪਵਨ ਕੁਮਾਰ ਮਲਹੋਤਰਾ ਇਕੱਲੇ ਸੀ ਪੀ ਆਈ ਦੀ ਹੀ ਸ਼ਾਨ ਨਹੀਂ ਸਨ, ਉਹ ਇਲਾਕੇ ਦੀ ਵੀ ਸ਼ਾਨ ਸਨ | ਉਨ੍ਹਾ ਕਿਹਾ ਕਿ ਬਹੁਤ ਹੀ ਚਾਵਾਂ ਨਾਲ ਲੋਕਾਂ ਨੇ ਆਪ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਹੈ, ਪਰ ਇੰਜ ਮਹਿਸੂਸ ਹੋ ਰਿਹਾ ਹੈ ਕਿ ਇਹ ਸਰਕਾਰ ਵੀ ਲੋਕਾਂ ਦੀਆਂ ਆਸਾਂ ‘ਤੇ ਪੂਰਾ ਨਹੀਂ ਉਤਰੇਗੀ | ਉਂਜ ਵੀ ਅਕਾਲੀ, ਕਾਂਗਰਸ ਤੇ ਭਾਜਪਾ ਵਾਲੇ ਇਸ ਸਰਕਾਰ ਨੂੰ ਲੋਕ-ਪੱਖੀ ਕੰਮ ਨਹੀਂ ਕਰਨ ਦੇਣਾ ਚਾਹੁੰਦੇ, ਕਿਉਂਕਿ ਇਹ ਪਾਰਟੀਆਂ ਸਮਝਦੀਆਂ ਹਨ ਕਿ ਜੇ ਮਾਨ ਦੀ ਸਰਕਾਰ ਨੇ ਲੋਕ ਹਿਤੈਸ਼ੀ ਕੰਮ ਕਰਕੇ ਵਿਖਾ ਦਿੱਤੇ ਤਾਂ ਸਾਡਾ ਬਿਸਤਰਾ ਪੱਕੇ ਰੂਪ ‘ਚ ਇੱਥੋਂ ਗੋਲ ਹੋ ਜਾਏਗਾ | ਇਸ ਵਾਸਤੇ ਇਹ ਭਿ੍ਸ਼ਟ ਪਾਰਟੀਆਂ ਪੰਜਾਬ ਸਰਕਾਰ ਡੇਗ ਕੇ ਗਵਰਨਰੀ ਰਾਜ ਚਾਹੁੰਦੀਆਂ ਹਨ | ਗਵਰਨਰੀ ਰਾਜ ਦਾ ਭਾਵ ਹੈ ਕਿ ਸਹੀ ਮਾਅਨਿਆਂ ਵਿੱਚ ਇਹ ਪਾਰਟੀਆਂ ਫਿਰਕੂ ਤੇ ਕਾਰਪੋਰੇਟ ਪੱਖੀ ਭਾਜਪਾ ਦਾ ਰਾਜ ਚਾਹੁੰਦੀਆਂ ਹਨ | ਉਨ੍ਹਾ ਕਿਹਾ ਕਿ ਮੋਦੀ ਸਰਕਾਰ ਨੇ ਏਨੀ ਮਹਿੰਗਾਈ ਵਧਾ ਦਿੱਤੀ ਹੈ ਕਿ ਆਮ ਲੋਕਾਂ ਦਾ ਜਿਉਣਾ ਮੁਸ਼ਕਲ ਹੋਇਆ ਪਿਆ ਹੈ | ਖਾਣ-ਪੀਣ ਵਾਲੀਆਂ ਵਸਤਾਂ ਅਸਮਾਨ ਨੂੰ ਛੂਹ ਚੁੱਕੀਆਂ ਹਨ, ਪਰ ਮੋਦੀ ਸਰਕਾਰ ਸਿਰਫ਼ ਤੇ ਸਿਰਫ਼ ਵੱਡੇ-ਵੱਡੇ ਕਾਰਪੋਰੇਟ ਘਰਾਣਿਆਂ ਨੂੰ ਹੀ ਮੁਨਾਫੇ ਦਵਾ ਰਹੀ ਹੈ | ਉਨ੍ਹਾਂ ਦੇ ਪੈਸੇ ਦੀਆਂ ਢੇਰੀਆਂ ਵੱਡੀਆਂ ਕਰੀ ਜਾ ਰਹੀ ਹੈ | ਗਰੀਬ ਲੋਕਾਂ ਕੋਲੋਂ ਪੈਸਾ ਖੋਹ ਕੇ ਸਰਕਾਰ ਕਾਰਪੋਰੇਟ ਘਰਾਣਿਆਂ ਕੋਲ ਇਕੱਠਾ ਕਰੀ ਜਾ ਰਹੀ ਹੈ | ਭਿੱਖੀਵਿੰਡ ਅੱਡੇ ਦੇ ਦੁਕਾਨਦਾਰਾਂ ਵਿੱਚ ਵਿਚਰਨ ਤੋਂ ਬਾਅਦ ਪਤਾ ਲੱਗਾ ਕਿ ਦੁਕਾਨਦਾਰ ਭਾਈਚਾਰੇ ਦਾ ਵੀ ਮਹਿੰਗਾਈ ਨੇ ਕਚੂੰਬਰ ਕੱਢ ਦਿੱਤਾ ਹੈ | ਬਹੁਤ ਘੱਟ ਗਾਹਕ ਦੁਕਾਨਾਂ ਉੱਤੇ ਪਹੁੰਚਦਾ ਹੈ | ਇਸ ਪ੍ਰਸਥਿਤੀ ਵਿਚ ਉਨ੍ਹਾਂ ਦੇ ਕਰਜ਼ੇ ਦੀ ਪੰਡ ਵੀ ਭਾਰੀ ਹੁੰਦੀ ਜਾ ਰਹੀ ਹੈ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਕਿਆ ਹੀ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਬਣਾਉਣਾ ਹੈ ਤਾਂ ਉਹ ਜਲਦੀ ਤੋਂ ਜਲਦੀ ਵਿਧਾਨ ਸਭਾ ਵਿਚ ਕਾਨੂੰਨ ਪਾਸ ਕਰੇ ਕਿ 18 ਸਾਲ ਦੀ ਉਮਰ ਤੋਂ ਬਾਅਦ ਹਰ ਕੁੜੀ-ਮੁੰਡੇ ਨੂੰ ਰੁਜਗਾਰ ਦਿੱਤਾ ਜਾਵੇ, ਭਾਵੇਂ ਉਹ ਪੜਿ੍ਹਆ ਹੋਵੇ ਜਾਂ ਅਨਪੜ੍ਹ | ਰੁਜ਼ਗਾਰ ਤੋਂ ਬਗੈਰ ਲੋਕਾਂ ਕੋਲ ਪੈਸਾ ਨਹੀਂ ਆ ਸਕਦਾ | ਇਹੀ ਪੈਸਾ ਲੋਕ ਮਾਰਕੀਟ ਵਿਚ ਵਰਤਣਗੇ ਤੇ ਤਾਂ ਹੀ ਹਰ ਘਰ ਵਿਚ ਖੁਸ਼ਹਾਲੀ ਪਰਤੇਗੀ | ਆਲ ਇੰਡੀਆ ਕਿਸਾਨ ਸਭਾ ਦੇ ਆਗੂ ਬਲਕਾਰ ਸਿੰਘ ਵਲਟੋਹਾ ਤੇ ਪੰਜਾਬ ਇਸਤਰੀ ਸਭਾ ਦੀ ਸੂਬਾਈ ਮੀਤ ਪ੍ਰਧਾਨ ਰੁਪਿੰਦਰ ਕੌਰ ਮਾੜੀਮੇਘਾ ਨੇ ਕਿਹਾ ਕਿ ਪੰਜਾਬ ਦੀ ਅਫਸਰਸ਼ਾਹੀ ਨਰੇਗਾ ਕਾਮਿਆਂ ਨੂੰ ਰੁਜ਼ਗਾਰ ਨਹੀਂ ਦੇ ਰਹੀ, ਆਨੇ-ਬਹਾਨੇ ਕਰਕੇ ਉਹ ਪੈਸਾ ਲੱੁਟਿਆ ਜਾ ਰਿਹਾ ਹੈ | ਜੇ ਕੋਈ ਅਫਸਰ ਜਾਂ ਸਰਕਾਰ ਬਰੀਕੀ ਨਾਲ ਨਰੇਗਾ ਕੰਮ ਦੀ ਪੜਤਾਲ ਕਰਾਵੇ ਤਾਂ ਵੱਡੇ-ਵੱਡੇ ਅਫਸਰ ਤੇ ਪਿੰਡਾਂ ਦੇ ਚੌਧਰੀ ਵੀ ਇਸ ਘਪਲੇ ਵਿਚ ਫਸ ਸਕਦੇ ਹਨ ਤੇ ਉਨ੍ਹਾਂ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ | ਇਸ ਮੌਕੇ ਸੀ ਪੀ ਆਈ ਨੇ ਅੱਤਵਾਦ ਦੌਰਾਨ ਸ਼ਹੀਦ ਹੋਏ ਕਮਿਊਨਿਸਟ ਪਰਵਾਰਾਂ ਅਤੇ ਪਾਰਟੀ ਦੇ ਬਾਨੀ ਆਗੂਆਂ ਦੇ ਪਰਵਾਰਾਂ ਨੂੰ ਵੀ ਸਨਮਾਨਤ ਕੀਤਾ |
ਪ੍ਰੋਗਰਾਮ ਨੂੰ ਸੀ ਪੀ ਆਈ ਭਿੱਖੀਵਿੰਡ ਬਲਾਕ ਦੇ ਸਕੱਤਰ ਨਰਿੰਦਰ ਸਿੰਘ ਅਲਗੋਂ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾਈ ਆਗੂ ਸੁਖਦੇਵ ਸਿੰਘ ਕਾਲਾ, ਜੈਮਲ ਸਿੰਘ ਬਾਠ, ਅਮਰਜੀਤ ਸਿੰਘ ਮਾੜੀਮੇਘਾ, ਰਛਪਾਲ ਸਿੰਘ ਬਾਠ, ਟਹਿਲ ਸਿੰਘ ਲੱਧੂ, ਪੂਰਨ ਸਿੰਘ ਮਾੜੀਮੇਘਾ, ਬਲਦੇਵ ਰਾਜ ਭਿੱਖੀਵਿੰਡ, ਕਿਰਨਜੀਤ ਕੌਰ ਵਲਟੋਹਾ, ਜਗੀਰੀ ਰਾਮ ਪੱਟੀ, ਕਾਰਜ ਸਿੰਘ ਕੈਰੋਂ, ਕਾਬਲ ਸਿੰਘ ਖਾਲੜਾ, ਹਰਜਿੰਦਰ ਕੌਰ ਅਲਗੋਂ, ਜਸਪਾਲ ਸਿੰਘ ਕਲਸੀਆਂ, ਵੀਰੋ ਸਾਂਡਪੁਰਾ, ਨਿਸ਼ਾਨ ਸਿੰਘ ਵਾਂ, ਲਵਪ੍ਰੀਤ ਸਿੰਘ ਮਾੜੀਮੇਘਾ, ਸਾਹਬ ਸਿੰਘ ਖਾਲੜਾ ਤੇ ਜਸਬੀਰ ਸਿੰਘ ਜਿਊਣੇਕੇ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ |