ਚੰਡੀਗੜ੍ਹ, (ਗੁਰਜੀਤ ਬਿੱਲਾ)
ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਨੂੰ ਹੋਰ ਤੇਜ਼ ਕਰਨ ਲਈ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ ਜੀ ਪੀ) ਪੰਜਾਬ ਵੀ ਕੇ ਭਾਵਰਾ ਨੇ ਬੁੱਧਵਾਰ ਏ ਡੀ ਜੀ ਪੀ ਐਂਟੀ ਗੈਂਗਸਟਰ ਟਾਸਕ ਫੋਰਸ (ਏ ਜੀ ਟੀ ਐੱਫ) ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਨੂੰ ਮਜ਼ਬੂਤ ਅਤੇ ਪੁਨਰਗਠਿਤ ਕੀਤਾ |
ਹੁਣ ਛੇ ਮੈਂਬਰੀ ਐੱਸ ਆਈ ਟੀ ਵਿੱਚ ਨਵਾਂ ਚੇਅਰਮੈਨ ਇੰਸਪੈਕਟਰ ਜਨਰਲ ਆਫ ਪੁਲਸ (ਆਈ ਜੀ ਪੀ) ਪੀ ਏ ਪੀ ਜਸਕਰਨ ਸਿੰਘ ਅਤੇ ਦੋ ਨਵੇਂ ਮੈਂਬਰਾਂ ਵਿੱਚ ਏ ਆਈ ਜੀ ਏ ਜੀ ਟੀ ਐੱਫ. ਗੁਰਮੀਤ ਸਿੰਘ ਚੌਹਾਨ ਅਤੇ ਐੱਸ ਐੱਸ ਪੀ ਮਾਨਸਾ ਗੌਰਵ ਤੂਰਾ ਸ਼ਾਮਲ ਹੋਣਗੇ, ਜਦਕਿ ਐੱਸ ਪੀ ਇਨਵੈਸਟੀਗੇਸ਼ਨ ਮਾਨਸਾ ਧਰਮਵੀਰ ਸਿੰਘ, ਡੀ ਐੱਸ ਪੀ ਇਨਵੈਸਟੀਗੇਸ਼ਨ ਬਠਿੰਡਾ ਵਿਸਵਜੀਤ ਸਿੰਘ ਅਤੇ ਇੰਚਾਰਜ ਸੀ ਆਈ ਏ ਮਾਨਸਾ ਪਿ੍ਥੀਪਾਲ ਸਿੰਘ ਮੌਜੂਦਾ ਤਿੰਨ ਮੈਂਬਰ ਹਨ |
ਡੀ ਜੀ ਪੀ ਨੇ ਕਿਹਾ ਕਿ ਐੱਸ ਆਈ ਟੀ ਰੋਜ਼ਾਨਾ ਅਧਾਰ ‘ਤੇ ਜਾਂਚ ਕਰੇਗੀ, ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਗਿ੍ਫਤਾਰ ਕਰੇਗੀ ਅਤੇ ਜਾਂਚ ਪੂਰੀ ਹੋਣ ‘ਤੇ ਸੀ.ਆਰ.ਪੀ.ਸੀ. ਦੀ ਧਾਰਾ 173 ਦੇ ਤਹਿਤ ਪੁਲਸ ਰਿਪੋਰਟ ਅਧਿਕਾਰ ਖੇਤਰ ਦੀ ਸਮਰੱਥ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ | ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਲੋੜ ਪੈਣ ‘ਤੇ ਐੱਸ ਆਈ ਟੀ ਕਿਸੇ ਹੋਰ ਪੁਲਸ ਅਧਿਕਾਰੀ ਦੀ ਚੋਣ ਕਰ ਸਕਦੀ ਹੈ ਅਤੇ ਡੀ ਜੀ ਪੀ ਦੀ ਪ੍ਰਵਾਨਗੀ ਨਾਲ ਕਿਸੇ ਵੀ ਮਾਹਰ/ ਅਧਿਕਾਰੀ ਦੀ ਸਹਾਇਤਾ ਲੈ ਸਕਦੀ ਹੈ |