ਮਾਨਸਾ : ਐੱਸ ਐੱਸ ਪੀ ਗੌਰਵ ਤੂਰਾ ਨੇ ਬੁੱਧਵਾਰ ਦਾਅਵਾ ਕੀਤਾ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਆਈ ਜੀ ਬਠਿੰਡਾ ਰੇਂਜ ਵਲੋਂ ਕਾਇਮ ਕੀਤੀ ਐੱਸ ਆਈ ਟੀ ਨੂੰ ਲਗਾਤਾਰ ਅਹਿਮ ਸੁਰਾਗ ਮਿਲ ਰਹੇ ਹਨ | ਤਫ਼ਤੀਸ਼ ਦੌਰਾਨ ਬੀਤੇ ਦਿਨ 2 ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਰੰਟ ‘ਤੇ ਲਿਆਂਦਾ ਗਿਆ ਅਤੇ ਇਕ ਹੋਰ ਮੁਲਜ਼ਮ ਨੂੰ ਮੁਕੱਦਮੇ ‘ਚ ਸ਼ਾਮਲ ਕੀਤਾ ਗਿਆ ਹੈ | ਉਨ੍ਹਾ ਕਿਹਾ ਕਿ ਲਾਰੈਂਸ ਬਿਸ਼ਨੋਈ ਨੂੰ ਵੀ ਮਾਨਸਾ ਪੁਲਸ ਕਾਨੂੰਨ ਅਨੁਸਾਰ ਤਫ਼ਤੀਸ਼ ‘ਚ ਸ਼ਾਮਲ ਕਰਕੇ ਉਸ ਤੋਂ ਪੁੱਛ-ਪੜਤਾਲ ਕਰੇਗੀ |
ਤਿਹਾੜ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਆਪਣੀ ਜਾਨ ਨੂੰ ਖਤਰੇ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਪੰਜਾਬ ਪੁਲਸ ਹਵਾਲੇ ਨਾ ਕਰਨ ਤੇ ਸੁਰੱਖਿਆ ਦੀ ਮੰਗ ਵਾਲੀ ਪਟੀਸ਼ਨ ਬੁੱਧਵਾਰ ਦਿੱਲੀ ਹਾਈ ਕੋਰਟ ਤੋਂ ਵਾਪਸ ਲੈ ਲਈ |
ਉਹ ਹੁਣ ਇਸ ਬਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰੇਗਾ | ਗੈਂਗਸਟਰ ਬਿਸ਼ਨੋਈ ਦਾ ਕਹਿਣਾ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਉਸ ਨੂੰ ਝੂਠਾ ਫਸਾਇਆ ਜਾ ਰਿਹਾ ਹੈ | ਮੰਗਲਵਾਰ ਦਿੱਲੀ ਪੁਲਸ ਨੇ ਉਸ ਤੋਂ ਇਸ ਮਾਮਲੇ ਵਿਚ ਪੁੱਛ-ਪੜਤਾਲ ਕੀਤੀ ਸੀ | ਬਿਸ਼ਨੋਈ ਦਾ ਕਹਿਣਾ ਹੈ ਕਿ ਪੰਜਾਬ ਪੁਲਸ ਉਸ ਨੂੰ ਝੂਠੇ ਪੁਲਸ ਮੁਕਾਬਲੇ ਵਿੱਚ ਮਾਰ ਸਕਦੀ ਹੈ |