25.2 C
Jalandhar
Thursday, September 19, 2024
spot_img

ਆਰ ਐੱਸ ਐੱਸ ਤੇ ਭਾਜਪਾ ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ‘ਚ ਦਖਲ ਬੰਦ ਕਰਨ : ਗਰੇਵਾਲ

ਅੰਮਿ੍ਤਸਰ (ਜਸਬੀਰ ਸਿੰਘ ਪੱਟੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਨੂੰ ਪੱਤਰ ਲਿਖ ਕੇ ਆਰ ਐੱਸ ਐੱਸ ਤੇ ਭਾਜਪਾ ਵੱਲੋਂ ਸਿੱਖ ਮਸਲਿਆਂ ਵਿਚ ਬੇਲੋੜੀ ਦਖਲਅੰਦਾਜ਼ੀ ਬੰਦ ਕਰਨ ਲਈ ਕਿਹਾ ਹੈ | ਸ਼੍ਰੋਮਣੀ ਕਮੇਟੀ ਦੇ ਸਥਾਪਨਾ ਦਿਵਸ ਮੌਕੇ ਮੰਗਲਵਾਰ ਭਾਗਵਤ ਨੂੰ ਲਿਖੇ ਪੱਤਰ ਵਿਚ ਭਾਈ ਗਰੇਵਾਲ ਨੇ ਸਖਤ ਸ਼ਬਦਾਂ ਵਿਚ ਕਿਹਾ ਕਿ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਈ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਲਈ ਆਰੰਭੇ ਗਏ ਸੰਘਰਸ਼ ਨੇ ਦੇਸ਼ ਦੀ ਅਜ਼ਾਦੀ ਦੇ ਘੋਲ ਦਾ ਮੁੱਢ ਬੰਨਿ੍ਹਆ ਸੀ, ਪਰ ਦੁੱਖ ਦੀ ਗੱਲ ਹੈ ਕਿ ਮੌਜੂਦਾ ਸਮੇਂ ਭਾਜਪਾ ਦੀ ਕੇਂਦਰ ਸਰਕਾਰ ਅਤੇ ਭਾਜਪਾ ਦੇ ਆਗੂਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਨੂੰ ਉਲਝਾਉਣ ਲਈ ਸਿੱਧੇ ਤੌਰ ‘ਤੇ ਦਖਲ ਦਿੱਤਾ ਜਾ ਰਿਹਾ ਹੈ | ਇਸ ਦੀ ਮਿਸਾਲ ਇਸੇ ਮਹੀਨੇ 9 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਸਾਲਾਨਾ ਚੋਣ ਮੌਕੇ ਸਾਹਮਣੇ ਆਈ ਹੈ | ਉਨ੍ਹਾ ਕਿਹਾ ਕਿ ਆਰ ਐੱਸ ਐੱਸ ਦੀ ਰਾਜਸੀ ਧਿਰ ਭਾਜਪਾ ਦੀ ਅਗਵਾਈ ਵਾਲੀ ਭਾਰਤ ਸਰਕਾਰ, ਹਰਿਆਣਾ ਦੀ ਭਾਜਪਾ ਸਰਕਾਰ ਅਤੇ ਸੰਵਿਧਾਨਕ ਅਹੁਦਿਆਂ ‘ਤੇ ਬੈਠੇ ਭਾਜਪਾ ਆਗੂਆਂ ਵੱਲੋਂ ਸ਼੍ਰੋਮਣੀ ਕਮੇਟੀ ਚੋਣ ਵਿਚ ਸਿੱਧੀ ਦਖਲਅੰਦਾਜ਼ੀ ਕੀਤੀ ਗਈ ਹੈ | ਭਾਈ ਗਰੇਵਾਲ ਨੇ ਭਾਗਵਤ ਨੂੰ ਲਿਖਿਆ ਕਿ ਵਾਪਰਿਆ ਇਹ ਘਟਨਾਕ੍ਰਮ ਭਾਰਤ ਦੇ ਬਹੁ-ਸਭਿਅਕ ਤੇ ਬਹੁ-ਧਰਮੀ ਸਮਾਜ ਅੰਦਰ ਆਪਸੀ ਧਾਰਮਕ ਦੂਰੀ ਵਧਾਉਣ ਵਾਲਾ ਹੈ | ਜੇ ਇਹ ਵਰਤਾਰਾ ਨਾ ਰੋਕਿਆ ਗਿਆ ਤਾਂ ਸਿੱਖਾਂ ਦੇ ਮਨਾਂ ਅੰਦਰ ਪੈਦਾ ਹੋਣ ਵਾਲੀ ਅਸਥਿਰਤਾ ਦੇਸ਼ ਲਈ ਘਾਤਕ ਹੋਵੇਗੀ |  ਭਾਈ ਗਰੇਵਾਲ ਨੇ ਕਿਹਾ ਕਿ ਜਿਹੜੇ ਰਸਤੇ ‘ਤੇ ਆਰ ਐੱਸ ਐੱਸ ਤੇ ਇਸ ਦੀ ਰਾਜਸੀ ਧਿਰ ਭਾਜਪਾ ਚੱਲ ਰਹੀਆਂ ਹਨ, ਇਸ ਤੋਂ ਪਹਿਲਾਂ ਸਿੱਖ ਵਿਰੋਧੀ ਜਮਾਤ ਕਾਂਗਰਸ ਅਜਿਹਾ ਕਰਿਆ ਕਰਦੀ ਸੀ | ਉਨ੍ਹਾ ਕਿਹਾ ਕਿ ਇਹ ਨੀਤੀ ਪ੍ਰਵਾਨ ਕਰਨਯੋਗ ਨਹੀਂ ਹੈ, ਲਿਹਾਜ਼ਾ ਇਸ ਨੂੰ ਰੋਕਿਆ ਜਾਵੇ | ਉਨ੍ਹਾ ਕਿਹਾ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਨੇ ਆਪਣੇ 102 ਸਾਲਾਂ ਦੇ ਸਫਰ ਦੌਰਾਨ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਦੇ ਨਾਲ-ਨਾਲ ਸਿੱਖੀ ਪ੍ਰਚਾਰ, ਸਿਹਤ, ਸਿੱਖਿਆ ਅਤੇ ਮਾਨਵ ਭਲਾਈ ਲਈ ਮਿਸਾਲੀ ਕਾਰਜ ਕੀਤੇ ਹਨ ਅਤੇ ਆਪਣੀ ਸਥਾਪਨਾ ਤੋਂ ਲੈ ਕੇ ਕਦੇ ਵੀ ਕਿਸੇ ਦੂਸਰੇ ਧਰਮ ਵਿਚ ਦਖਲ ਨਹੀਂ ਦਿੱਤਾ |
ਅੱਜ ਸ਼੍ਰੋਮਣੀ ਕਮੇਟੀ ਦੇ ਸਥਾਪਨਾ ਦਿਹਾੜੇ ਮੌਕੇ ਸੁਚੇਤ ਕਰਦੇ ਹਾਂ ਕਿ ਆਰ ਐੱਸ ਐੱਸ ਅਤੇ ਭਾਜਪਾ ਵੱਲੋਂ ਸਿੱਖ ਮਸਲਿਆਂ ਵਿਚ ਦਖਲਅੰਦਾਜ਼ੀ ਬੰਦ ਕੀਤੀ ਜਾਵੇ ਅਤੇ ਇਸ ‘ਤੇ ਗਹਿਰਾ ਮੰਥਨ ਕਰਕੇ ਭਵਿੱਖ ਵਿਚ ਸਿੱਖਾਂ ਦੇ ਕੌਮੀ ਮਸਲਿਆਂ ਨੂੰ ਉਲਝਾਉਣ ਵਾਲੀਆਂ ਸਰਗਰਮੀਆਂ ਤੋਂ ਗੁਰੇਜ਼ ਕੀਤਾ ਜਾਵੇ |

Related Articles

LEAVE A REPLY

Please enter your comment!
Please enter your name here

Latest Articles